Headlines

ਕੈਨੇਡੀਅਨ ਰਾਮਗੜੀਆ ਸੁਸਾਇਟੀ ਖਿਲਾਫ ਬੇਨਿਯਮੀਆਂ ਦੇ ਦੋਸ਼

ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਪਨੇਸਰ ਤੇ ਜਸਵੰਤ ਸਿੰਘ ਸੱਗੂ ਵਲੋਂ ਮੀਡੀਆ ਤੱਕ ਪਹੁੰਚ-

ਸਰੀ ( ਦੇ ਪ੍ਰ ਬਿ)- ਕੈਨੇਡੀਅਨ ਰਾਮਗੜੀਆ ਸੁਸਾਇਟੀ ਦੇ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਮਨਜੀਤ ਸਿੰਘ ਪਨੇਸਰ, ਜਸਵੰਤ ਸਿੰਘ ਸੱਗੂ ਤੇ ਪਰਮਜੀਤ ਸਿੰਘ ਪਨੇਸਰ ਨੇ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਰਾਮਗੜੀਆ ਸੁਸਾਇਟੀ ਤੇ ਗੁਰਦੁਆਰਾ ਬਰੁੱਕਸਾਈਡ ਸਰੀ ਦੇ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਬੋਰਡ ਡਾਇਰੈਕਟਰਾਂ ਖਿਲਾਫ ਸੁਸਾਇਟੀ ਦੇ ਸੰਵਿਧਾਨ ਦੀ ਉਲੰਘਣਾ ਕਰਨ, ਮੈਂਬਰਾਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਮਨਮਰਜੀਆਂ ਕਰਨ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲਗਾਏ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਮਨਜੀਤ ਸਿੰਘ ਪਨੇਸਰ ਨੇ ਕਿਹਾ ਕਿ ਉਹਨਾਂ ਵਲੋਂ ਸੁਸਾਇਟੀ ਦੇ ਸੰਵਿਧਾਨ ਤੇ ਬਾਈਲਾਅਜ਼ ਦੀ ਲਗਾਤਾਰ ਉਲੰਘਣਾ ਕੀਤੇ ਜਾਣ ਸਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ਨੁੂੰ ਪ੍ਰਧਾਨ ਅਤੇ ਬੋਰਡ ਡਾਇਰੈਕਟਰਾਂ ਵਲੋਂ ਅਣਸੁਣਿਆ ਕੀਤਾ ਜਾ ਰਿਹਾ ਹੈ। ਉਹਨਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬੇਨਿਯਮੀਆਂ ਦੀ ਜਾਂਚ ਅਤੇ ਸ਼ਿਕਾਇਤਾਂ ਦੇ ਹੱਲ ਲਈ ਪੰਜ ਮੈਂਬਰੀ ਸਾਲਸੀ ਕਮੇਟੀ ਗਠਿਤ ਕੀਤੀ ਜਾਵੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਲਿਖਤੀ ਦੋਸ਼ ਪੱਤਰ ਜਾਰੀ ਕਰਦਿਆਂ ਕਿਹਾ ਕਿ ਸੁਸਾਇਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਅਤੇ ਬੋਰਡ ਆਫ ਡਾਇਰੈਕਟਰਜ਼ ਵਲੋਂ ਕਈ ਬੇਨਿਯਮੀਆਂ ਕੀਤੀਆਂ ਗਈਆਂ ਹਨ ਜਿਹਨਾਂ ਵਿਚ ਆਯੋਗ ਮੈਂਬਰਸ਼ਿਪ, ਆਯੋਗ ਵੋਟਿੰਗ, ਸੁਸਾਇਟੀ ਦੇ ਰਿਕਾਰਡ ਨਾਲ ਛੇੜਛਾੜ , ਗਲਤ ਢੰਗ ਨਾਲ ਮਤੇ ਪਾਸ ਕਰਨ ਅਤੇ ਭਾਈ ਭਤੀਜਾਵਾਦ ਤਹਿਤ ਵਿਰੋਧੀਆਂ ਨੂੰ ਪਾਸੇ ਲਗਾਉਣ ਦੇ ਦੋਸ਼ ਸ਼ਾਮਿਲ ਹਨ। ਇਸ ਦੌਰਾਨ ਉਹਨਾਂ ਨੇ ਸਾਬਕਾ ਪ੍ਰਧਾਨ ਵਲੋਂ ਆਪਣੇ ਇਕ ਦੋਸਤ ਦੀ ਪੁਸਤਕ ਰਾਮਗੜੀਆ ਵਿਰਾਸਤ ਦੀ ਛਪਾਈ ਵਾਸਤੇ 10,000 ਡਾਲਰ ਦੇਣ ਅਤੇ ਗੁਰੂ ਘਰ ਦੇ ਹੈਡ ਗਰੰਥੀ ਦੀ ਤਨਖਾਹ ਵਿਚ ਕਮੇਟੀ ਦੀ ਸਲਾਹ ਤੋਂ ਬਿਨਾਂ ਵੱਡਾ ਵਾਧਾ ਕਰਨ ਅਤੇ ਗਰੰਥੀ ਸਿੰਘ ਤੋ ਨਗਦ ਰੂਪ ਵਿਚ ਪੈਸੇ ਵਾਪਿਸ ਲੈਣ ਦੇ ਅਤਿ ਗੰਭੀਰ ਦੋਸ਼ ਵੀ ਲਗਾਏ ਗਏ। ਉਹਨਾਂ ਇਹ ਸਵਾਲ ਵੀ ਉਠਾਇਆ ਕਿ  ਰਾਮਗੜੀਆ ਪੁਸਤਕ ਦੇ ਰਾਈਟਸ ਸੁਸਾਇਟੀ ਨੂੰ ਦੇਣ ਦੀ ਬਿਜਾਏ ਇਕ ਵਿਅਕਤੀ ਵਿਸ਼ੇਸ਼ ਨੂੰ ਕਿਊਂ ਦਿੱਤੇ ਗਏ ਹਨ?

ਉਹਨਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਇਹਨਾਂ ਸ਼ਿਕਾਇਤਾਂ ਦੇ ਹੱਲ ਲਈ ਅੱਜ ਵੀ ਪੰਜ ਮੈਂਬਰੀ ਸਾਲਸੀ ਕਮੇਟੀ ਦੀ ਨਿਯੁਕਤੀ ਕਰਨ ਦੀ ਮੰਗ ਕਰਦੇ ਹਨ ਤੇ ਜੋ ਵੀ ਕਮੇਟੀ ਦਾ ਫੈਸਲਾ ਹੋਵੇਗਾ, ਉਹ ਮੰਨਣ ਲਈ ਪਾਬੰਦ ਹੋਣਗੇ।

ਸੁਸਾਇਟੀ ਦਾ ਪੱਖ- ਇਸੇ ਦੌਰਾਨ ਦੇਸ ਪ੍ਰਦੇਸ ਟਾਈਮਜ਼ ਵਲੋਂ ਰਾਮਗੜੀਆ ਸੁਸਾਇਟੀ ਦੇ ਆਗੂ ਤੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨਾਲ ਉਕਤ ਮੈਂਬਰਾਂ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਸ ਮਨਜੀਤ ਸਿੰਘ ਪਨੇਸਰ, ਸ ਜਸਵੰਤ ਸਿੰਘ ਸੱਗੂ ਅਤੇ ਉਹਨਾਂ ਦੇ ਸਾਥੀ ਸੁਸਾਇਟੀ ਖਿਲਾਫ ਬੇਨਿਯਮੀਆਂ ਦੇ ਦੋਸ਼ ਲਗਾਕੇ ਅਦਾਲਤ ਤੱਕ ਪਹੁੰਚ ਕਰ ਚੁੱਕੇ ਹਨ। ਸੁਸਾਇਟੀ ਵੱਲੋਂ ਅਦਾਲਤ ਵਿਚ ਸਾਰਾ ਰਿਕਾਰਡ ਅਤੇ ਸਬੂਤ ਪੇਸ਼ ਕਰਨ ਉਪਰੰਤ ਇਹਨਾਂ ਵਲੋਂ ਸੁਸਾਇਟੀ ਖਿਲਾਫ ਕੇਸ ਵਾਪਿਸ ਲੈਣ ਉਪਰੰਤ ਅਦਾਲਤ ਨੇ ਇਹਨਾਂ ਖਿਲਾਫ ਵੱਖ ਵੱਖ ਚਾਰ ਹੁਕਮਾਂ ਤਹਿਤ ਅਦਾਲਤੀ ਖਰਚੇ ਪਾਏ ਹਨ। ਇਹਨਾਂ ਅਦਾਲਤੀ ਹੁਕਮਾਂ ਤਹਿਤ ਮਨਜੀਤ ਸਿੰਘ ਪਨੇਸਰ, ਅਮਰਦੀਪ ਪਨੇਸਰ, ਸਤਨਾਮ ਸਿੰਘ ਰੀਹਲ ਤੇ ਜਸਵੰਤ ਸਿੰਘ ਖਿਲਾਫ 13 ਜਨਵਰੀ 2023 ਦੇ  ਦੋ ਹੁਕਮਾਂ ਤਹਿਤ 5579.49 ਡਾਲਰ, 7914.49 ਡਾਲਰ,  24 ਨਵੰਬਰ 2020 ਦੇ ਹੁਕਮਾਂ ਤਹਿਤ 18,080 ਡਾਲਰ, 21 ਅਕਤੂਬਰ 2019 ਦੇ ਹੁਕਮਾਂ ਤਹਿਤ 9519.20 ਡਾਲਰ ਜੁਰਮਾਨੇ ਲਗਾਏ ਗਏ ਹਨ। ਅਦਾਲਤ ਵਲੋਂ ਇਸ ਰਕਮ ਦੀ ਵਸੂਲੀ ਲਈ ਸੁਸਾਇਟੀ ਨੂੰ ਅਧਿਕਾਰ ਦਿੱਤੇ ਗਏ ਹਨ। ਹੁਣ ਜਦੋਂ ਸੁਸਾਇਟੀ ਨੇ ਇਸ ਖਰਚੇ ਦੀ ਵਸੂਲੀ ਲਈ ਇਹਨਾਂ ਖਿਲਾਫ ਕਾਰਵਾਈ ਆਰੰਭੀ ਹੈ ਤਾਂ ਇਹ ਸੁਸਾਇਟੀ ਨੂੰ ਬਦਨਾਮ ਕਰਨ ਲਈ ਮੀਡੀਆ ਦਾ ਸਹਾਰਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਮੈਂਬਰਾਂ ਵਲੋਂ ਸੁਸਾਇਟੀ ਖਿਲਾਫ ਜੋ ਸਵਾਲ ਉਠਾਏ ਹਨ, ਇਸ ਸਬੰਧੀ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਧਰਮ ਸਿੰਘ ਪਨੇਸਰ ਵਲੋਂ 30 ਅਕਤੂਬਰ 2022 ਦੇ ਇਕ ਪੱਤਰ ਰਾਹੀ ਜਵਾਬ ਦਿੱਤੇ ਜਾ ਚੁੱਕੇ ਹਨ। ਇਸ ਪੱਤਰ ਰਾਹੀਂ ਸਪੱਸ਼ਟ ਕੀਤਾ ਗਿਆ ਸੀ ਕਿ ਰਾਮਗੜੀਆ ਵਿਰਾਸਤ ਪੁਸਤਕ ਦੀ ਛਪਾਈ ਵਾਸਤੇ ਜੋ ਰਾਸ਼ੀ ਦਿੱਤੀ ਗਈ ਉਹ ਸੁਸਾਇਟੀ ਦੀ ਮੀਟਿੰਗ ਵਿਚ ਪਾਸ ਕੀਤੀ ਗਈ ਹੈ ਤੇ ਖਰਚਿਆਂ ਵਿਚ ਪ੍ਰਵਾਨ ਕੀਤੀ ਗਈ ਹੈ। ਉਹਨਾਂ ਹੈਡ ਗਰੰਥੀ ਦੀ ਤਨਖਾਹ ਵਧਾਏ ਜਾਣ ਸਬੰਧੀ ਵੀ ਸਪੱਸ਼ਟ ਕੀਤਾ ਕਿ ਕੋਵਿਡ ਪਾਬੰਦੀਆਂ ਦੌਰਾਨ ਗਰੰਥੀ ਸਿੰਘ ਵਲੋਂ ਸੱਤੇ ਦਿਨ ਬੇਹਤਰੀਨ ਸੇਵਾਵਾਂ ਨਿਭਾਉਣ ਵਾਸਤੇ ਤਨਖਾਹ ਵਿਚ ਵਾਧਾ ਮੈਂਬਰਾਂ ਦੀ ਸਲਾਹ ਨਾਲ ਹੀ ਕੀਤਾ ਗਿਆ ਸੀ।

ਸ ਸੁਰਿੰਦਰ ਸਿੰਘ ਜੱਬਲ