Headlines

ਬਰੈਂਪਟਨ ਵਿਚ ਪੰਜਾਬੀ ਵਲੋਂ ਚਾਕੂ ਮਾਰਕੇ ਪਤਨੀ ਦੀ ਹੱਤਿਆ

ਬਰੈਂਪਟਨ- ਬਰੈਂਪਟਨ ਦੇ ਇਕ  ਪਾਰਕ ‘ਚ ਇਕ ਪੰਜਾਬੀ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ
ਸ਼ੁੱਕਰਵਾਰ ਨੂੰ ਬਰੈਂਪਟਨ ਦੇ ਇੱਕ ਪਾਰਕ ਵਿੱਚ ਇੱਕ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਇੱਕ 44 ਸਾਲਾ ਵਿਅਕਤੀ ਉੱਤੇ ਦੋਸ਼ ਆਇਦ ਕੀਤੇ ਗਏ ਹਨ।
ਪੀਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 6 ਵਜੇ ਦੇ ਕਰੀਬ ਚੈਰੀਟ੍ਰੀ ਡਰਾਈਵ ਅਤੇ ਸਪੈਰੋ ਕੋਰਟ ਦੇ ਖੇਤਰ ਵਿੱਚ ਸਥਿਤ ਸਪੈਰੋ ਪਾਰਕ ਵਿੱਚ ਜ਼ਖਮੀ ਪਈ ਇਕ ਔਰਤ ਬਾਰੇ ਦੱਸਿਆ ਗਿਆ ਸੀ ।
ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਇਕ ਔਰਤ ਨੂੰ ਫੁੱਟਪਾਥ ‘ਤੇ ਜਖਮੀ ਹਾਲਤ ਵਿਚ ਪਾਇਆ । ਪੁਲਿਸ ਨੇ ਉਸਦੀ  ਜਾਨ ਬਚਾਉਣ ਦੀਆਂ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਉਸ ਦੀ ਪਛਾਣ 43 ਸਾਲਾ ਔਰਤ ਦਵਿੰਦਰ ਕੌਰ ਵਜੋਂ ਹੋਈ ਹੈ।
ਇਸ ਦੌਰਾਨ ਮੌਕੇ ਤੋਂ ਦੋ ਕਿਲੋਮੀਟਰ ਦੂਰ ਸ਼ੱਕੀ ਵਿਅਕਤੀ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ  44 ਸਾਲਾ ਨਵ ਨਿਸ਼ਾਨ ਸਿੰਘ ਖਿਲਾਫ ਫਰਸਟ-ਡਿਗਰੀ ਕਤਲ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਇਸ ਕਤਲ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਘੁੰਮ ਰਹੀ ਹੈ ਜਿਸ ਵਿਚ ਔਰਤ ਜਖਮੀ ਹਾਲਤ ਵਿਚ ਹੈ ਤੇ ਪਿੱਛੋ ਆ ਰਹੀ ਆਵਾਜ਼ ਵਿਚ ਉਸਨੂੰ ਕੀਤੇ ਦੀ ਸਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਚਾਰ ਬੱਚਿਆਂ ਦੀ ਮਾਂ ਦਵਿੰਦਰ ਕੌਰ ਆਪਣੇ ਪਤੀ ਨਾਲੋਂ ਛੇ ਮਹੀਨੇ ਤੋ ਵੱਖ ਰਹਿ ਰਹੀ ਸੀ। ਕਤਲ ਵਾਲੇ ਦਿਨ ਉਹ ਸਹਿਮਤੀ ਨਾਲ ਉਸਨੂੰ ਪਾਰਕ ਵਿਚ ਮਿਲਣ ਗਈ ਸੀ ਜਿਸ ਦੌਰਾਨ ਦੋਵਾਂ ਵਿਚ ਤਕਰਾਰ ਹੋ ਗਿਆ ਜਿਸਦਾ ਅੰਜ਼ਾਮ ਕਤਲ ਵਿਚ ਨਿਕਲਿਆ।