Headlines

ਅਲਬਰਟਾ ਚੋਣਾਂ- ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ ਸੀ ਪੀ ਬਹੁਮਤ ਲਿਜਾਣ ਵਿਚ ਸਫਲ

ਯੂ ਸੀ ਪੀ ਨੂੰ 49 ਤੇ ਐਨ ਡੀ ਪੀ ਨੂੰ 38 ਸੀਟਾਂ ਮਿਲੀਆਂ-

ਐਡਮਿੰਟਨ ( ਦੀਪਤੀ, ਗੁਰਪ੍ਰੀਤ ਸਿੰਘ) -ਅਲਬਰਟਾ ਵਿਧਾਨ ਸਭਾ ਦੀਆਂ ਅੱਜ ਹੋਈਆਂ ਵੋਟਾਂ ਦੇ ਦੇਰ ਰਾਤ ਨੂੰ ਆਏ ਨਤੀਜੇ ਵਿਚ ਯੁਨਾਈਟਡ ਕੰਸਰਵੇਟਿਵ ਪਾਰਟੀ ( ਯੂ ਸੀ ਪੀ) ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਮੁੜ ਸਰਕਾਰ ਬਣਾਉਣ ਜਾ ਰਹੀ ਹੈ। 87 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਲਈ ਲੋੜੀਦੀਆਂ 44 ਸੀਟਾਂ ਤੋਂ ਵੱਧ ਯੂਸੀਪੀ ਨੇ 49 ਸੀਟਾਂ ਜਿਤ ਲਈਆਂ ਜਦੋਂਕਿ ਵਿਰੋਧੀ ਧਿਰ ਐਨ ਡੀ ਪੀ 38 ਸੀਟਾਂ ਲਿਜਾਕੇ ਸ਼ਕਤੀਸ਼ਾਲੀ ਵਿਰੋਧੀ ਧਿਰ ਵਜੋਂ ਸਾਹਮਣੇ ਆਈ।

ਯੂਸੀ ਪੀ ਆਗੂ ਡੈਨੀਅਲ ਸਮਿਥ ਦੇ ਕਈ ਕੈਬਨਿਟ ਮੰਤਰੀਆਂ ਦੇ ਹਾਰ ਜਾਣ ਤੋਂ ਬਾਅਦ, ਪਾਰਟੀ ਪੇਂਡੂ ਖੇਤਰ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਿਚ ਸਫਲ ਰਹੀ। ਐਡਮਿੰਟਨ ਸ਼ਹਿਰ ਨੂੰ ਐਨ ਡੀ ਪੀ ਨੇ ਸੰਤਰੀ ਰੰਗ ਵਿਚ ਰੰਗ ਦਿੱਤਾ ਜਦੋਂਕਿ ਯੂ ਸੀ ਪੀ ਕੈਲਗਰੀ ਤੇ ਪੇਂਡੂ ਖੇਤਰਾਂ ਵਿਚ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਸਫਲ ਰਹੀ। ਉਂਜ ਇਸ ਵਾਰ ਕੈਲਗਰੀ ਸ਼ਹਿਰ ਚੋ ਵੀ ਐਨ ਡੀ ਪੀ 12 ਸੀਟਾਂ ਲਿਜਾਣ ਵਿਚ ਸਫਲ ਰਹੀ ਜਦੋਂਕਿ ਯੂ ਸੀ ਪੀ ਨੂੰ ਕੈਲਗਰੀ ਚੋ 15 ਸੀਟਾਂ ਮਿਲੀਆਂ।

ਅਲਬਰਟਾ ਦੀਆਂ ਚੋਣਾਂ ਵਿੱਚ 2.8 ਮਿਲੀਅਨ ਯੋਗ ਵੋਟਰਾਂ ਵਿੱਚੋਂ ਸਿਰਫ਼ 1.1 ਮਿਲੀਅਨ ਵੋਟਰਾਂ ਨੇ ਵੋਟ ਅਧਿਕਾਰ ਦੀ ਵਰਤੋਂ ਕੀਤੀ। । ਯੂਸੀਪੀ 50 ਰਾਈਡਿੰਗਾਂ ਵਿੱਚ ਅੱਗੇ ਸੀ, ਜਦੋਂ ਕਿ ਐਨਡੀਪੀ 37 ਵਿੱਚ ਅੱਗੇ ਸੀ, ਜਿਸ ਨੇ ਰਾਚੇਲ ਨੌਟਲੀ ਦੇ ਨਿਊ ਡੈਮੋਕਰੇਟਸ ਨੂੰ ਵਿਰੋਧੀ ਬੈਂਚਾਂ ਵਿੱਚ ਵਾਪਸ ਰੱਖਿਆ।
52 ਸਾਲਾ ਸਮਿਥ ਇਕ  ਸਾਬਕਾ ਰੇਡੀਓ ਸ਼ੋਅ ਹੋਸਟ ਤੇ  ਅਖਬਾਰ ਦੀ ਕਾਲਮਨਵੀਸ ਨੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਵਲੋਂ ਅਸਤੀਫਾ ਦੇਣ ਉਪਰੰਤ  ਸੀ ਪੀ ਲੀਡਰ ਚੁਣੇ ਜਾਣ ਉਪਰੰਤ ਵੋਟਾਂ ਦਾ ਸਾਹਮਣਾ ਕੀਤਾ ਹੈ। ਜੇਸਨ ਕੈਨੀ ਦੀ ਅਗਵਾਈ ਵਿੱਚ 2019 ਵਿੱਚ 63 ਸੀਟਾਂ ਜਿੱਤਣ ਤੋਂ ਬਾਅਦ ਸਮਿਥ ਦੀ ਅਗਵਾਈ ਵਾਲੀ ਯੂ ਸੀ ਪੀ ਹੁਣ 49 ਸੀਟਾਂ ਤੇ ਆ ਗਈ ਹੈ ।

ਐਡਮਿੰਟਨ ਸ਼ਹਿਰ ਵਿਚ ਐਨ ਡੀ ਪੀ ਨੂੰ ਭਾਰੀ ਸਮਰਥਨ ਮਿਲਿਆ। ਐਡਮਿੰਟਨ ਮੈਡੋਜ ਤੋਂ ਐਨ ਡੀ ਪੀ ਦੇ ਜਸਵੀਰ ਦਿਓਲ ਯੂਸੀ ਪੀ ਦੇ ਅੰਮ੍ਰਿਤਪਾਲ ਮਠਾਰੂ ਨੂੰ  ਤੇ ਵਾਈਮੱਡ ਤੋਂ ਰਾਖੀ ਪੰਚੋਲੀ ਯੂ ਸੀਪੀ ਦੇ ਡਾ ਰਾਜ ਸ਼ਰਮਨ ਨੂੰ ਹਰਾਕੇ  ਜੇਤੂ ਰਹੇ।