Headlines

ਇਟਲੀ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ ਵਾਧਾ

* ਸੰਨ 2022 ਵਿੱਚ 17,130 ਹੋਏ ਲਾਪਤਾ ਬੱਚਿਆਂ ਦੀ ਪੁਲਸ ਰਿਪੋਰਟ *
ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)- ਪਿਛਲੇ 3 ਦਹਾਕਿਆਂ ਤੋਂ ਇਟਲੀ ਦੀ ਨੌਜਵਾਨ ਪੀੜ੍ਹੀ ਵਿਆਹ ਕਰਵਾਉਣ ਤੋਂ ਕੰਨੀ ਕਤਰਾਉਂਦੀ ਨਜ਼ਰੀ ਆ ਰਹੀ ਹੈ ਜਿਸ ਕਾਰਨ ਇਟਲੀ ਦੀ ਆਬਾਦੀ ਲਗਾਤਾਰ ਗਿਰਾਵਟ ਵੱਲ ਹੈ ।ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਬੱਚਿਆਂ ਦੀ ਜਨਮ ਦਰ ਘੱਟ ਤੇ ਮੌਤ ਦਰ ਵੱਧ ਹੈ।ਸੰਨ 2022 ਦੀ ਹੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਵਿੱਚ 392,598 ਬੱਚਿਆਂ ਦੇ ਜਨਮ ਦੀ ਰਜਿਸ਼ਟਰੇਸ਼ਨ ਹੋਈ ਜਦੋਂ ਕਿ ਮੌਤਾਂ ਦਾ ਅੰਕੜਾ 713,499 ਹੈ।ਇੱਥੇ ਕਿ ਹੋਰ ਦੁਖਾਂਤ ਸਾਹਮ੍ਹਣੇ ਦੇਖਣ ਨੂੰ ਮਿਲ ਰਿਹਾ ਹੈ  ਜਿਸ ਅਨੁਸਾਰ ਸੰਨ 2022 ਵਿੱਚ 17,130 ਬੱਚੇ ਇਟਲੀ ਭਰ’ਚ ਲਾਪਤਾ ਹੋਣ ਦੇ ਕੇਸ ਦਰਜ਼ ਹੋਏ ਹਨ ਜਿਹਨਾਂ ਵਿੱਚੋਂ 14,410 ਬੱਚਿਆਂ ਦੀ ਉਮਰ ਸਿਰਫ਼ 15 ਤੋਂ 17 ਸਾਲ ਦੇ ਵਿਚਕਾਰ ਹੈ ।ਇਸ ਅੰਕੜੇ ਵਿੱਚ 3 ਚੌਥਾਈ ਤੋਂ ਵੱਧ ਵਿਦੇਸ਼ੀ ਨਾਬਾਲਗ ਬੱਚੇ ਸ਼ਾਮਿਲ ਹਨ ।ਸੰਨ 2022 ਵਿੱਚ ਲਾਪਤਾ ਹੋਣ ਵਾਲੇ ਵਿਦੇਸ਼ੀ ਬੱਚਿਆਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਨਾਲੋਂ 47.9% ਦਾ ਵਾਧਾ ਹੋਇਆ ਹੈ ਜਦੋਂ ਕਿ ਇਟਾਲੀਅਨ ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਵਿੱਚ 24.2% ਵਾਧਾ ਹੋਇਆ।ਲਾਪਤਾ ਹੋਣ ਦੀ ਰਿਪੋਰਟ ਕੀਤੇ ਗਏ ਵਿਦੇਸ਼ੀ ਬੱਚਿਆਂ ਵਿੱਚੋਂ 43.6% ਮਿਸਰੀ ਜਾਂ ਟਿਊਨੀਸ਼ੀਅਨ 91.3% ਪੁਰਸ਼ ਸਨ ਜਦੋਂ ਕਿ ਅੰਕੜੇ ਵਿੱਚ ਲਾਪਤਾ ਬੱਚਿਆਂ ਵਿੱਚੋਂ  0.54% ਯੂਕਰੇਨੀਅਨ ਸਨ।ਇੱਥੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਲਾਪਤਾ ਹੋਏ ਬੱਚਿਆਂ ਵਿੱਚੋਂ ਇਟਾਲੀਅਨ ਬੱਚਿਆਂ ਦੇ ਲੱਭੇ ਜਾਣ ਦੀ ਸੰਭਾਵਨਾ ਵੱਧ ਹੈ।ਸੰਨ 2023 ਦੇ ਪਹਿਲੇ 4 ਮਹੀਨਿਆਂ ਵਿੱਚ 5,908 ਬੱਚੇ ਲਾਪਤਾ ਹੋਏ ਹਨ ਜਿਹਨਾਂ ਵਿੱਚ ਨਾਬਾਲਗ ਬੱਚੇ ਵੀ ਸ਼ਾਮਲ ਹਨ।ਇਸ ਅੰਕੜੇ ਵਿੱਚ 1,319 ਬੱਚੇ ਇਟਾਲੀਅਨ ਹਨ ਅਤੇ 4,589 ਬੱਚੇ ਵਿਦੇਸ਼ੀ ਹਨ।ਇਟਲੀ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵਿੱਚ ਹੋ ਰਿਹਾ ਵਾਧਾ ਜਿੱਥੇ ਪੁਲਸ ਪ੍ਰਸ਼ਾਸ਼ਨ ਲਈ ਸਿਰਦਰਦੀ ਬਣ ਰਿਹਾ ਹੈ ਉੱਥੇ ਵਿਦੇਸ਼ੀ ਮਾਪਿਆਂ ਦੀਆਂ ਚਿੰਤਾਵਾਂ ਵਿੱਚ ਵੀ ਚੌਖਾ ਵਾਧਾ ਕਰਦਾ ਹੈ ਕਿਉਂਕਿ ਇਟਲੀ ਵਿੱਚ ਇੱਕ ਵਾਰ ਗੁਆਚਿਆ ਬੱਚਾ ਲੱਭਣਾ ਕੋਈ ਸੌਖਾ ਕੰਮ ਨਹੀਂ ਅਜਿਹੇ ਵਿੱਚ ਪ੍ਰਸ਼ਾਸ਼ਨ ਵੀ ਵਿਦੇਸ਼ੀਆਂ ਦੀਆਂ ਭਾਵਨਾਵਾਂ ਨੂੰ ਘੱਟ ਹੀ ਮਹਿਸੂਸ ਕਰਦਾ ਹੈ ।ਬਹੁਤ ਸਾਰੇ ਅਜਿਹੇ ਕੇਸ ਵੀ ਦੇਖਣ ਨੂੰ ਮਿਲ ਰਹੇ ਹਨ ਜਿਹਨਾਂ ਵਿੱਚ ਭਾਰਤੀ ਨੌਜਵਾਨ ਵੀ ਗੁੰਮ ਹੋ ਜਾਦੇ ਹਨ ਤੇ ਬਹੁਤਿਆਂ ਦੀ ਕੋਈ ਉੱਗਸੁੱਘ ਨਹੀਂ।ਕਈ ਕੇਸਾਂ ਵਿੱਚ ਘਰਵਾਲੇ ਵਿਚਾਰੇ ਇਟਲੀ ਦੇ ਥਾਣਿਆਂ ਦੇ ਚੱਕਰ ਲਗਾ-ਲਗਾ ਥੱਕ ਜਾਂਦੇ ਹਨ ਪਰ ਉਹਨਾਂ ਉਪੱਰ ਪਿਆ ਮੁਸੀਬਤ ਦਾ ਚੱਕਰ ਨਹੀਂ ਲਹਿੰਦਾ।