Headlines

ਬੀ ਸੀ ਵਿਚ ਘੱਟੋ ਘੱਟ ਉਜਰਤ ਵਿਚ ਵਾਧਾ ਪਹਿਲੀ ਜੂਨ ਤੋਂ

ਵਿਕਟੋਰੀਆ – 1 ਜੂਨ, 2023 ਨੂੰ, ਬੀ.ਸੀ. ਦੇ ਸਭ ਤੋਂ ਘੱਟ ਤਨਖਾਹ ਵਾਲੇ ਕਾਮਿਆਂ ਨੂੰ ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) ਦੇ $15.65 ਤੋਂ $16.75 ਪ੍ਰਤੀ ਘੰਟਾ ਵਧਣ ਦੇ ਨਾਲ ਤਨਖਾਹ ਵਿੱਚ ਵਾਧਾ ਮਿਲੇਗਾ।

ਵੀਰਵਾਰ, 1 ਜੂਨ, 2023 ਨੂੰ ‘ਮਿਨਿਮਮ ਵੇਜ’ ਦੀਆਂ ਦਰਾਂ ਵਿੱਚ ਹੋਣ ਵਾਲਾ 6.9% ਵਾਧਾ, ਰੈਜ਼ੀਡੈਂਟ ਕੇਅਰਟੇਕਰਾਂ (ਰਿਹਾਇਸ਼ੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀ), ਲਿਵ-ਇਨ ਹੋਮ-ਸੁਪੋਰਟ ਵਰਕਰਾਂ (ਬਜ਼ੁਰਗਾਂ, ਅਪੰਗਤਾਵਾਂ ਵਾਲੇ ਵਿਅਕਤੀਆਂ ਨੂੰ ਨਿੱਜੀ ਸੰਭਾਲ ਅਤੇ ਸਾਥ ਦੇਣ ਵਾਲੇ ਵਰਕਰ) ਅਤੇ ਲਿਵ-ਇਨ ਕੈਂਪ ਲੀਡਰਾਂ (ਗਰਮੀਆਂ ਦੇ ਜਾਂ ਮੌਸਮੀ ਕੈਂਪ ਵਿਖੇ ਲਿਵ-ਇਨ ਅਧਾਰ ‘ਤੇ ਰਹਿੰਦੇ ਹੋਏ, ਜੋ ਵਿਅਕਤੀ ਕੈਂਪਰਾਂ ਨੂੰ ਹਿਦਾਇਤਾਂ ਅਤੇ ਕਾਉਂਸਲਿੰਗ ਪ੍ਰਦਾਨ ਕਰਦੇ ਹਨ) ‘ਤੇ ਵੀ ਲਾਗੂ ਹੁੰਦਾ ਹੈ। ਇਹ ਵਾਧਾ ਉਹਨਾਂ ਲਗਭਗ 150,000 ਕਾਮਿਆਂ ਨੂੰ ਵਧੀਆ ਢੰਗ ਨਾਲ ਪ੍ਰਭਾਵਿਤ ਕਰੇਗਾ ਜੋ ਪ੍ਰਤੀ ਘੰਟਾ $16.75 ਤੋਂ ਘੱਟ ਕਮਾਉਂਦੇ ਹਨ।

ਰੁਜ਼ਗਾਰ ਮਿਆਰ ਨਿਯਮ (Employment Standards Regulation) ਵਿੱਚ ਸ਼ਾਮਲ 15 ਫਸਲਾਂ ਦੀ ਹੱਥੀਂ ਵਾਢੀ ਲਈ ਪੀਸ ਰੇਟ 1 ਜਨਵਰੀ, 2024 ਤੋਂ ਉਸੇ ਪ੍ਰਤੀਸ਼ਤ ਨਾਲ ਵਧਣਗੇ।

ਸਰਕਾਰ ਨੇ ਕਾਮਿਆਂ ਨੂੰ ਭਰੋਸਾ ਦੇਣ ਅਤੇ ਕਾਰੋਬਾਰਾਂ ਨੂੰ ਭਵਿੱਖ ਲਈ ਅਨੁਮਾਨ ਲਗਾਉਣ ਦੇ ਸਮਰੱਥ ਬਣਾਉਣ ਲਈ ‘ਮਿਨਿਮਮ ਵੇਜ’ ਵਿੱਚ ਵਿਵਸਥਿਤ ਅਤੇ ਹੌਲੀ-ਹੌਲੀ ਵਾਧਾ ਕੀਤਾ ਹੈ। ਇਹ ਦੂਜਾ ਸਾਲ ਹੈ, ਜਦੋਂ ਇਹ ਵਿਵਸਥਾ, ‘ਮਿਨਿਮਮ ਵੇਜ’ ਨੂੰ ਮਹਿੰਗਾਈ ਦੇ ਮੁਤਾਬਕ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਆਉਣ ਵਾਲੇ ਸਾਲਾਂ ਲਈ ਵੀ ‘ਮਿਨਿਮਮ ਵੇਜ’ ਨੂੰ ਮਹਿੰਗਾਈ ਮੁਤਾਬਕ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਵਿਕਲਪ ਵਿਕਸਿਤ ਕੀਤੇ ਜਾ ਰਹੇ ਹਨ।