ਯੂ ਸੀ ਪੀ ਦੀ ਤਰਫੋਂ ਰਾਜਨ ਸਾਹਨੀ ਤੇ ਪੀਟਰ ਸਿੰਘ ਜੇਤੂ-
ਐਨ ਡੀ ਪੀ ਦੀ ਤਰਫੋਂ ਜਸਵੀਰ ਦਿਓਲ, ਗੁਰਿੰਦਰ ਸਿੰਘ ਬਰਾੜ, ਪਰਮੀਤ ਸਿੰਘ ਬੋਪਾਰਾਏ, ਰਾਖੀ ਪੰਚੋਲੀ ਤੇ ਇਰਫਾਨ ਸਾਬਿਰ ਜੇਤੂ ਰਹੇ-
ਐਡਮਿੰਟਨ-ਕੈਲਗਰੀ ( ਦੇ ਪ੍ਰ ਬਿ)–ਅਲਬਰਟਾ ਵਿਧਾਨ ਸਭਾ ਲਈ 29 ਮਈ ਨੂੰ ਪਈਆਂ ਵੋਟਾਂ ਦੇ ਆਏ ਨਤੀਜੇ ਮੁਤਾਬਿਕ ਯੂ ਸੀ ਪੀ ਨੇ 49 ਸੀਟਾਂ ਅਤੇ ਐਨ ਡੀ ਪੀ ਨੇ 38 ਸੀਟਾਂ ਜਿੱਤੀਆਂ ਹਨ। ਇਹਨਾਂ ਚੋਣਾਂ ਵਿਚ ਦੋਵਾਂ ਪ੍ਰਮੁੱਖ ਪਾਰਟੀਆਂ ਵਲੋਂ ਖੜੇ ਲਗਪਗ ਡੇਢ ਦਰਜਨ ਪੰਜਾਬੀ ਮੂਲ ਦੇ ਉਮੀਦਵਾਰਾਂ ਚੋ ਕੁਲ 6 ਉਮੀਦਵਾਰ ਅਲਬਰਟਾ ਲੈਜਿਸਲੇਚਰ ਦੀਆਂ ਪੌੜੀਆਂ ਚੜਨ ਵਿਚ ਸਫਲ ਹੋਏ ਹਨ। ਮੁੜ ਸੱਤਾ ਵਿਚ ਆਉਣ ਵਾਲੀ ਯੂ ਸੀ ਪੀ ਦੀ ਤਰਫੋਂ ਸਾਬਕਾ ਮੰਤਰੀ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਹਲਕੇ ਤੋਂ 11926 ਵੋਟਾਂ ਲੈਕੇ ਜੇਤੂ ਰਹੇ। ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ 11777 ਵੋਟ ਮਿਲੇ। ਕੈਲਗਰੀ ਈਸਟ ਤੋਂ ਪੀਟਰ ਸਿੰਘ 7048 ਵੋਟਾਂ ਨਾਲ ਜੇਤੂ ਰਹੇ। ਉਹਨਾਂ ਦੇ ਵਿਰੋਧੀ ਉਮੀਦਵਾਰ ਨੂੰ 6347 ਵੋਟਾਂ ਮਿਲੀਆਂ।
ਮਜ਼ਬੂਤ ਵਿਰੋਧੀ ਧਿਰ ਬਣਨ ਵਾਲੀ ਐਨ ਡੀ ਪੀ ਦੀ ਤਰਫੋ ਇਕ ਪਾਕਿਸਤਾਨੀ ਕਸ਼ਮੀਰੀ ਤੇ 4 ਭਾਰਤੀ ਮੂਲ ਦੇ ਉਮੀਦਵਾਰ ਜੇਤੂ ਰਹੇ ਹਨ। ਇਹਨਾਂ ਵਿਚ ਕੈਲਗਰੀ ਨਾਰਥ ਈਸਟ ਤੋਂ ਗੁਰਿੰਦਰ ਬਰਾੜ 11,111 ਵੋਟਾਂ ਨਾਲ ਜੇਤੂ ਰਹੇ। ਉਹਨਾਂ ਯੂ ਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ ਜਿਹਨਾਂ ਨੂੰ 9078 ਵੋਟ ਮਿਲੇ। ਕੈਲਗਰੀ ਫਾਲਨਕਿਨਰਿਜ ਤੋਂ ਪਰਮੀਤ ਸਿੰਘ ਬੋਪਾਰਾਏ 7786 ਵੋਟਾਂ ਨਾਲ ਜੇਤੂ ਰਹੇ। ਯੂ ਸੀ ਪੀ ਦੇ ਦਵਿੰਦਰ ਤੂਰ ਨੂੰ 5468 ਵੋਟਾਂ ਮਿਲੀਆਂ। ਕੈਲਗਰੀ ਮੈਕਾਲ ਭੁੱਲਰ ਤੋਂ ਯੂ ਸੀ ਪੀ ਦੇ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਨੂੰ ਐਨ ਡੀ ਪੀ ਦੇ ਕਸ਼ਮੀਰੀ ਮੂਲ ਦੇ ਇਰਫਾਨ ਸਾਬਿਰ ਨੇ 6958 ਵੋਟਾਂ ਨਾਲ ਹਰਾਇਆ। ਅਮਨਪ੍ਰੀਤ ਸਿੰਘ ਨੂੰ 5060ਵੋਟ ਮਿਲੇ। ਐਡਮਿੰਟਨ ਮੈਡੋਜ ਤੋਂ ਐਨ ਡੀ ਪੀ ਦੇ ਜਸਵੀਰ ਦਿਓਲ ਨੇ 10964 ਵੋਟਾਂ ਨਾਲ ਯੂ ਸੀ ਪੀ ਦੇ ਅੰਮ੍ਰਿਤਪਾਲ ਸਿੰਘ ਮਠਾੜੂ ( 6383 ਵੋਟਾਂ) ਨੂੰ ਹਰਾਇਆ। ਐਡਮਿੰਟਨ ਵਾਈਟਮੱਡ ਤੋਂ ਭਾਰਤੀ ਮੂਲ ਦੀ ਐਨ ਡੀ ਪੀ ਉਮੀਦਵਾਰ ਰਾਖੀ ਪੰਚੋਲੀ ਨੇ ਯੂਸੀਪੀ ਦੇ ਉਮੀਦਵਾਰ ਡਾ ਰਾਜ ਸ਼ਰਮਨ ਨੂੰ ਹਰਾਇਆ। ਰਾਖੀ ਨੂੰ 12793 ਤੇ ਰਾਜ ਸ਼ਰਮਨ ਨੂੰ 7803 ਵੋਟ ਮਿਲੇ। ਕੈਲਗਰੀ ਐਜਮਾਊਂਟ ਤੋਂ ਭਾਰਤੀ ਮੂਲ ਦੇ ਯੂਸੀ ਪੀ ਉਮੀਦਵਾਰ ਪ੍ਰਸਾਦ ਪਾਂਡਾ 283 ਵੋਟਾਂ ਨਾਲ ਹਾਰ ਗਏ। ਉਹਨਾਂ ਨੂੰ 11404 ਵੋਟ ਤੇ ਜੇਤੂ ਉਮੀਦਵਾਰ ਨੂੰ 11687 ਵੋਟ ਮਿਲੇ। ਐਨ ਡੀਪੀ ਦੇ ਪੰਜਾਬੀ ਮੂਲ ਦੇ ਹਾਰਨ ਵਾਲੇ ਉਮੀਦਵਾਰਾਂ ਵਿਚ ਕੈਲਗਰੀ ਨਾਰਥ ਤੋਂ ਰਾਜੇਸ਼ ਅੰਗੂਰਾਲ ਨੂੰ 7802 ਵੋਟ, ਕੈਲਗਰੀ ਕਰੌਸ ਤੋਂ ਗੁਰਿੰਦਰ ਸਿੰਘ ਗਿੱਲ ਨੂੰ 7016 ਵੋਟ, ਚੈਸਟਰਮੇਅਰ ਤੋਂ ਰਾਜ ਜੱਸਲ ਨੂੰ 5513 ਵੋਟ, ਡਰੈਟਨ ਵੈਲੀ ਤੋਂ ਹੈਰੀ ਸਿੰਘ ਨੂੰ 5010 ਵੋਟ ਮਿਲੇ ਜਦੋਂਕਿ ਯੂ ਸੀ ਪੀ ਦੀ ਤਰਫੋ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ ਚੋਂ ਐਡਮਿੰਟਨ ਐਲਰਸਲੀ ਤੋਂ ਰਣਜੀਤ ਬਾਠ ਨੂੰ 6855 ਵੋਟ ਅਤੇ ਐਡਮਿੰਟਨ ਮਿਲਵੁਡਜ ਤੋਂ ਰਮਨ ਅਠਵਾਲ ਨੂੰ 6867 ਵੋਟ ਮਿਲੇ।
ਪੀਟਰ ਸਿੰਘ- ਕੈਲਗਰੀ ਈਸਟ
ਪਰਮੀਤ ਸਿੰਘ ਬੋਪਾਰਾਏ-ਕੈਲਗਰੀ ਫਾਲਕਿਨਰਿਜ
ਗੁਰਿੰਦਰ ਸਿੰਘ ਬਰਾੜ-ਕੈਲਗਰੀ ਨਾਰਥ ਈਸਟ
ਰਾਖੀ ਪੰਚੋਲੀ-ਐਡਮਿੰਟਨ ਵਾਈਟਮੱਡ
ਜਸਵੀਰ ਦਿਓਲ-ਐਡਮਿੰਟਨ ਮੈਡੋਜ
ਇਰਫਾਨ ਸਾਬਿਰ-ਕੈਲਗਰੀ-ਭੁੱਲਰ-ਮੈਕਾਲ