Headlines

ਖੁੱਡੀਆਂ ਦੇ ਮੰਤਰੀ ਨੂੰ ਬਣਾਉਣ ਦਾ ਸਵਾਗਤ-ਪਰਿਵਾਰ ਨੂੰ ਵਧਾਈਆਂ ਦਾ ਤਾਂਤਾ

ਸਰੀ, (ਬਲਦੇਵ ਸਿੰਘ ਭੰਮ)-ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਕੀਤੇ ਵਾਧੇ ਦੌਰਾਨ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਭਗਵੰਤ ਮਾਨ ਦੀ ਟੀਮ ਵਿਚ ਇਹ ਭਾਵੇਂ ਤੀਜਾ ਵਾਧਾ ਹੈ, ਪਰ ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵੱਸੇ ਪੰਜਾਬੀ ਭਾਈਚਾਰੇ ਵਿੱਚ ਏਨਾ ਚਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦੇ ਚਾਅ ਦਾ ਸਬੱਬ ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਦਰਵੇਸ਼ ਫ਼ਰਜ਼ੰਦ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਖੇਤੀਬਾੜੀ ਮੰਤਰੀ ਕੀਤੀ ਗਈ ਚੋਣ ਬਣੀ ਹੈ। ਖੁੱਡੀਆਂ ਦੇ ਮੰਤਰੀ ਬਣਨ ਦੀ ਖ਼ਬਰ ਕੈਨੇਡਾ ਪੁੱਜਦਿਆਂ ਹੀ ਖੁਸ਼ੀ ‘ਚ ਖੀਵੇ ਹੋਏ ਭਾਈਚਾਰੇ ਨੇ ਲੱਡੂ ਵੰਡੇ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਸਰੀ ਵੱਸੇ ਭਰਾਤਾ ਹਰਮੀਤ ਸਿੰਘ ਖੁੱਡੀਆਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਸਿੰਘ ਗਿੱਲ ਨੇ ਖੁੱਡੀਆਂ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਕਿਹਾ ਗੁਰਮੀਤ ਸਿੰਘ ਖੁੱਡੀਆਂ ਦੀ ਬਤੌਰ ਮੰਤਰੀ ਚੋਣ ਭਗਵੰਤ ਮਾਨ ਸਰਕਾਰ ਦੇ ਅਕਸ ਨੂੰ ਚਾਰ ਚੰਨ ਲਾਉਣ ਵਾਲੀ ਹੈ, ਜਿਸ’ਤੇ ਸਰਕਾਰ ਵਿਰੋਧੀ ਧਿਰਾਂ ਵੀ ਕਿੰਤੂ ਨਹੀਂ ਕਰ ਸਕਣਗੀਆਂ। ਉਨ੍ਹਾਂ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਖੁੱਡੀਆਂ ਦੀ ਚੋਣ ਨੂੰ ਹੀਰੇ ਦੀ ਤਲਾਸ਼ ਨਾਲ ਤੁਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਖੁੱਡੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਨਾਲ ਆਮ ਆਦਮੀ ਪਾਰਟੀ ਨੂੰ ਭਵਿੱਖ ਵਿਚ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਫਰੀਦਕੋਟ ਅਤੇ ਫਾਜ਼ਿਲਕਾ ਜਿਲ੍ਹਿਆਂ ਵਿਚ ਵੱਡਾ ਹੁਲਾਰਾ ਮਿਲਣ ਦਾ ਮੁੱਢ ਬੱਝ ਗਿਆ ਹੈ।
ਇਸੇ ਦੌਰਾਨ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਲਵਲੀਨ ਸਿੰਘ ਗਿੱਲ, ਬੂਟਾ ਸਿੰਘ ਢਿੱਲੋਂ, ਜਸਪਾਲ ਸਿੰਘ ਮਰਾੜ, ਬਲਜਿੰਦਰ ਸਿੰਘ ਗਰੇਵਾਲ,ਪਰਮਜੀਤ ਸਿੰਘ ਖੋਸਲਾ, ਕੁਲਵੰਤ ਸਿੰਘ ਢੇਸੀ,ਪੌਲ ਵੜੈਚ,ਸ਼ੱਬਾ ਹੁੰਦਲ, ਰਣਜੀਤ ਵਾਲੀਆ ਅਤੇ ਬਲਜਿੰਦਰ ਚੀਮਾ ਤੋਂ ਇਲਾਵਾ ਰਾਜਨੀਤਕ ਸਖਸ਼ੀਅਤਾਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਮਨਿਸਟਰ ਜਗਰੂਪ ਸਿੰਘ ਬਰਾੜ, ਜਿੰਨੀ ਸਿਮਸ, ਸਾਬਕਾ ਮੈਂਬਰ ਪਾਰਲੀਮੈਂਟ ਗੁਰਮੰਤ ਗਰੇਵਾਲ ਅਤੇ ਨੀਨਾ ਗਰੇਵਾਲ ਨੇ ਵੀ ਗੁਰਮੀਤ ਸਿੰਘ ਖੁੱਡੀਆਂ ਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਬਣਨ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਖੁੱਡੀਆਂ ਨੂੰ ਮੁਬਾਰਕਬਾਦ ਦਿੱਤੀ ਹੈ।