Headlines

ਐਬਸਫੋਰਡ ਵਿਚ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦਾ ਸਫਲ ਮੰਚਨ

ਸਰੀ ( ਪਰਮਿੰਦਰ ਸਵੈਚ)- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਵਲੋਂ 21 ਮਈ ਦਿਨ ਐਤਵਾਰ ਨੂੰ ਸਲ਼ਾਨਾ ਤਰਕਸ਼ੀਲ ਨਾਟਕ ਮੇਲਾ ਗਿਆਨ ਸਵੀਟ ਹਾਊਸ ਐਬਸਫੋਰਡ ਵਿੱਚ ਕਰਵਾਇਆ ਗਿਆ, ਜਿਸ ਵਿੱਚ ਦਰਸ਼ਕਾਂ ਨੇ ਭਰਵੀਂ ਹਾਜ਼ਰੀ ਲਗਵਾਈ।ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਵੈਨਕੂਵਰ ਇਕਾਈ ਦੇ ਸਕੱਤਰ ਨਿਰਮਲ ਕਿੰਗਰਾ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਸੁਸਾਇਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ। ਸਭ ਤੋਂ ਪਹਿਲਾਂ ਲੋਕ ਸੰਗੀਤ ਮੰਡਲੀ ਭਦੌੜ ਦੇ ਮੁਢਲੇ ਆਗੂ ਪਿਆਰਾ ਸਿੰਘ ਚਾਹਲ ਨੇ ਬਹੁਤ ਹੀ ਖੂਬਸੂਰਤ ਗੀਤ ‘ਭਾਰ ਚੁੱਕੇ ਫਿਰ ਰਹੇ ਹਨ, ਲਹਿ ਜਾਵਣਗੇ ਪਤਾ ਨਹੀਂ’ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗਾਇਆ। ਇੰਡੀਆ ਤੋਂ ਪਹੁੰਚੇ ਮਹਿਮਾਨ ਬੁਲਾਰੇ ਰਣਧੀਰ ਗਿੱਲਪੱਤੀ ਨੇ ਤਰਕ ਨਾਲ ਸੋਚਣ ਅਤੇ ਵਿਗਿਆਨ ਨੂੰ ਅਪਣਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਥਾਨਕ ਇਕਾਈ ਦੇ ਜਨਰਲ ਸਕੱਤਰ ਸਰਬਜੀਤ ਓਖਲਾ  ਨੇ ਜਾਦੂ ਦੇ ਟਰਿੱਕਾਂ ਦੇ ਨਾਲ ਨਾਲ ਪੁਰਾਣੀਆਂ ਧਾਰਨਾਵਾਂ ਜੋ ਅੱਜ ਅੰਧ ਵਿਸ਼ਵਾਸ ਦਾ ਰੂਪ ਧਾਰ ਚੁੱਕੀਆਂ ਹਨ, ਬਾਰੇ ਦੱਸਿਆ। ਸੁਸਾਇਟੀ ਦੇ ਮੀਤ ਪ੍ਰਧਾਨ ਸਾਧੂ ਸਿੰਘ ਗਿੱਲ ਨੇ ਪ੍ਰੋਗਰਾਮ ਲਈ ਮਾਇਕ ਮੱਦਦ ਕਰਨ ਵਾਲੇ ਸੰਪੌਂਸਰਜ਼ ਦਾ ਧੰਨਵਾਦ ਕੀਤਾ। ਇਸਤੋਂ ਬਾਅਦ ਨੈਸ਼ਨਲ ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਜੀ ਨੇ ਤਰਕਸ਼ੀਲ ਸੁਸਾਇਟੀ ਦੇ ਨਾਲ 28 ਸਾਲ ਦੇ ਆਪਣੇ ਬਹੁਤ ਸਾਰੇ ਤਜੁਰਬਿਆਂ ਤੇ ਝਾਤ ਪਵਾਈ ਤੇ ਲੋਕਾਂ ਨੂੰ ਤਰਕਸ਼ੀਲਤਾ ਨਾਲ ਜ਼ਿੰਦਗੀ ਜਿਊਣ ਦਾ ਸੁਨੇਹਾ ਦਿੱਤਾ।

ਇਸ ਤੋਂ ਬਾਅਦ ਇਸ ਪ੍ਰੋਗਰਾਮ ਦੀ ਮੁੱਖ ਪੇਸ਼ਕਸ਼ ਕੈਨੇਡੀਅਨ ਨਾਟਕਕਾਰ ਕੁਲਵਿੰਦਰ ਖਹਿਰਾ ਦਾ ਨਾਟਕ ‘ਮੈਂ ਕਿਤੇ ਨਹੀਂ ਗਿਆ”, ਲੋਕ ਕਲਾ ਮੰਚ ਮੁੱਲਾਂਪੁਰ ਦੇ ਸੁਰਿੰਦਰ ਸ਼ਰਮਾ ਦੀ ਮੁੱਖ ਪੇਸ਼ਕਾਰੀ ਅਤੇ ਸਹਿਯੋਗੀ ਕਲਾਕਾਰ ਅਮਰਿੰਦਰ ਢਿੱਲੋਂ, ਰਿਸ਼ਮ ਸ਼ਰਮਾ ਤੇ ਕੁਸਮ ਸ਼ਰਮਾ ਦੁਆਰਾ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਨਿਰਦੇਸ਼ਨ ਰਾਜਿੰਦਰ ਸਿੰਘ, ਮਿਊਜਿਕ ਆਰ. ਸੀਨ, ਗੀਤਕਾਰ ਅਮੋਲਕ ਸਿੰਘ ਨੇ ਕੀਤਾ ਹੈ। ਇਹ ਨਾਟਕ ਕੈਨੇਡਾ ਵਿੱਚ ਪ੍ਰਵਾਸੀ ਵਿਦਿਆਰਥੀਆਂ ਦੇ ਕੰਮਾਂ ਤੇ ਹੋ ਰਹੇ ਸ਼ੋਸ਼ਣ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ ਅਤੇ ਨਸ਼ਿਆਂ ਦੇ ਸਹਾਰੇ ਮੰਜ਼ਲ ਪਾਉਣ ਵਾਲੇ ਵਿਦਿਆਰਥੀਆਂ ਨੂੰ ਬਚ ਨਿਕਲਣ ਦੀ ਪ੍ਰੇਰਨਾ ਦਿੰਦਾ ਹੈ। ਅੰਤ ਵਿੱਚ ਸਥਾਨਕ ਇਕਾਈ ਦੀ ਪ੍ਰਧਾਨ ਪਰਮਿੰਦਰ ਕੌਰ ਸਵੈਚ ਵਲੋਂ ਨਾਟਕ ਟੀਮ, ਨਾਟਕ ਦੇਖਣ ਆਏ ਦਰਸ਼ਕਾਂ ਤੇ ਸਹਿਯੋਗੀ ਮੀਡੀਏ ਦਾ ਧੰਨਵਾਦ ਕੀਤਾ ਗਿਆ। ਕੌਮੀ ਖਜ਼ਾਨਚੀ ਜਗਰੂਪ ਧਾਲੀਵਾਲ, ਸਾਧੂ ਸਿੰਘ ਗਿੱਲ, ਮੱਲ ਸਿੰਘ ਤੇ ਹੋਰ ਸਾਰੀ ਟੀਮ ਨੇ ਸਾਰੇ ਪ੍ਰਬੰਧ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਲੋਕਾਂ ਦੀ ਭਰਵੀਂ ਹਾਜ਼ਰੀ ਦੇਖ ਕੇ ਨਾਟਕ ਦੇਖਣ ਦੀ ਇੱਛਾ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਤਰਕਸ਼ੀਲ ਸੁਸਾਇਟੀ ਆਪਣਾ ਅਗਲਾ ਕਦਮ 18 ਜੂਨ ਨੂੰ ਇਹੀ ਨਾਟਕ ਸਰ੍ਹੀ ਦੇ ਪੰਜਾਬ ਬੈਂਕੁਇਟ ਹਾਲ ਵਿੱਚ ਕਰਵਾਉਣ ਜਾ ਰਹੀ ਹੈ।