-ਸੁਖਵਿੰਦਰ ਸਿੰਘ ਚੋਹਲਾ–
ਅਲਬਰਟਾ ਵਿਧਾਨ ਸਭਾ ਦੀਆਂ 29 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਉਸੇ ਰਾਤ 11 ਵਜੇ ਤੱਕ ਲੋਕਾਂ ਦੇ ਸਾਹਮਣੇ ਸਨ। ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ ਸੀ ਪੀ ਨੇ ਸੂਬੇ ਵਿਚ ਮੁੜ ਸਰਕਾਰ ਬਣਾਉਣ ਵਿਚ ਸਫਲਤਾ ਹਾਸਲ ਕਰ ਲਈ ਹੈ ਭਾਵੇਂਕਿ ਮੁੱਖ ਵਿਰੋਧੀ ਧਿਰ ਐਨ ਡੀ ਪੀ (ਨਿਊ ਡੈਮੋਕਰੇਟਿਕ ਪਾਰਟੀ) ਨੇ ਸਖਤ ਟੱਕਰ ਦਿੱਤੀ । ਪ੍ਰਾਪਤ ਨਤੀਜਿਆਂ ਵਿੱਚ ਕੁਲ 62 ਫੀਸਦੀ ਪੋਲ ਹੋਈਆਂ ਵੋਟਾਂ ਚੋ ਯੂ ਸੀ ਪੀ ਨੇ 49 ਸੀਟਾਂ ਜਿੱਤਕੇ 52.59 ਫੀਸਦ ਵੋਟ ਅਤੇ ਐਨ ਡੀ ਪੀ ਨੇ 38 ਸੀਟਾਂ ਜਿੱਤਕੇ 44.02 ਫੀਸਦ ਵੋਟ ਹਾਸਲ ਕੀਤੇ ਹਨ।
ਜਿਵੇਂ ਕਿ ਕਿਆਸ ਕੀਤਾ ਜਾ ਰਿਹਾ ਸੀ ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂ ਸੀ ਪੀ ਪੂਰਨ ਬਹੁਮਤ ਲਿਜਾਣ ਵਿਚ ਸਫਲ ਰਹੀ ਭਾਵੇਂਕਿ ਇਸ ਬਹੁਮਤ ਨੇ ਅਲਬਰਟਾ ਦਾ ਸ਼ਹਿਰੀ ਤੇ ਪੇਂਡੂ ਪਾੜਾ ਹੋਰ ਵਧਾ ਦਿੱਤਾ। ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਦੀ ਅਗਵਾਈ ਹੇਠ ਐਨ ਡੀ ਪੀ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਐਡਮਿੰਟਨ ਦੀਆਂ ਸਾਰੀਆਂ 20 ਸੀਟਾਂ ਤੇ ਹੂੰਝਾ ਫੇਰ ਗਈ ਤੇ ਨਾਲ ਹੀ ਕੰਸਰਵੇਟਿਵ ਦਾ ਮਜ਼ਬੂਤ ਕਿਲਾ ਸਮਝੇ ਜਾਂਦੇ ਕੈਲਗਰੀ ਸ਼ਹਿਰ ਚੋ ਵੀ 12 ਸੀਟਾਂ ਲਿਜਾਕੇ ਕੰਸਰਵੇਟਿਵ ਦਾ ਭਰਮ ਤੋੜ ਦਿੱਤਾ। ਯੂ ਸੀ ਪੀ ਪਿਛਲੀ ਜੇਸਨ ਕੈਨੀ ਦੀ ਸਰਕਾਰ ਦੀਆਂ 63 ਸੀਟਾਂ ਤੋਂ 14 ਸੀਟਾਂ ਘੱਟ 49 ਸੀਟਾਂ ਨਾਲ ਸਰਕਾਰ ਬਣਾਉਣ ਵਿਚ ਕਾਮਯਾਬ ਤਾਂ ਰਹੀ ਪਰ ਉਸਦੀਆਂ ਇਹ ਸੀਟਾਂ ਅਲਬਰਟਾ ਦੇ ਪੇਂਡੂ ਇਲਾਕੇ ਦੇ ਵੱਡੇ ਸਮਰਥਨ ਕਰਕੇ ਹਨ। ਐਡਮਿੰਟਨ ਸ਼ਹਿਰ ਵਿਚ ਯੂ ਸੀ ਪੀ ਆਪਣਾ ਖਾਤਾ ਨਹੀ ਖੋਹਲ ਸਕੀ ਜਦੋਂਕਿ ਕੈਲਗਰੀ ਸ਼ਹਿਰ ਦੇ ਨਾਰਥ ਈਸਟ ਇਲਾਕੇ ਜਿਥੇ ਪੰਜਾਬੀਆਂ ਤੇ ਇਮੀਗਰਾਂਟ ਭਾਈਚਾਰੇ ਦੀ ਪ੍ਰਭਾਵਸ਼ਾਲੀ ਵਸੋਂ ਆਬਾਦ ਹੈ ਦੀਆਂ ਤਿੰਨੇ ਸੀਟਾਂ ਵੀ ਐਨ ਡੀ ਪੀ ਦੇ ਖਾਤੇ ਗਈਆਂ ਹਨ। ਕੈਲਗਰੀ ਅਕੈਡੀਆ ਦੀ ਸੀਟ ਤੋਂ ਐਨ ਡੀ ਪੀ ਉਮੀਦਵਾਰ ਡਾਇਨਾ ਬੈਟਨ ਨੇ ਯੂ ਸੀ ਪੀ ਉਮੀਦਵਾਰ ਤੇ ਸਾਬਕਾ ਮੰਤਰੀ ਟਾਈਲਰ ਸੌਂਡਰ ਨੂੰ ਕੇਵਲ 7 ਵੋਟਾਂ ਨਾਲ ਹਰਾਇਆ ਹੈ। ਇਸੇ ਤਰਾਂ ਕੈਲਗਰੀ ਗਲੈਨਮੋਰ ਦੀ ਸੀਟ ਐਨ ਡੀ ਪੀ ਨੇ ਕੇਵਲ 30 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਇਹਨਾਂ ਦੋਵਾਂ ਸੀਟਾਂ ਦੀ ਦੁਬਾਰਾ ਗਿਣਤੀ ਹੋਣੀ ਤੈਅ ਹੈ। ਦੋ ਹੋਰ ਸੀਟਾਂ ਕੈਲਗਰੀ ਨਾਰਥ ਵੈਸਟ ਤੋਂ ਯੂ ਸੀ ਪੀ ਉਮੀਦਵਾਰ ਰਾਜਨ ਸਾਹਨੀ ਨੇ ਕੇਵਲ 149 ਵੋਟਾਂ ਨਾਲ ਸੀਟ ਜਿੱਤੀ ਹੈ ਤੇ ਐਨ ਡੀ ਪੀ ਉਮੀਦਵਾਰ ਰਾਜੇਸ਼ ਅੰਗੁਰਾਲ ਨੇ ਕੈਲਗਰੀ ਨਾਰਥ ਸੀਟ ਕੇਵਲ 113 ਵੋਟਾਂ ਨਾਲ ਹਾਰੀ ਹੈ। ਇਹਨਾਂ ਸੀਟਾਂ ਉਪਰ ਦੋਬਾਰਾ ਗਿਣਤੀ ਕਰਵਾਏ ਜਾਣ ਦੀ ਹਾਲਤ ਵਿਚ ਨਤੀਜੇ ਬਦਲਣ ਵਾਲੇ ਨਹੀ ਹਨ। ਕਿਉਂਕਿ ਬਹੁਮਤ ਲਈ 44 ਸੀਟਾਂ ਦਾ ਜਾਦੂਈ ਅੰਕੜਾ ਯੂ ਸੀ ਪੀ ਦੇ ਪੱਖ ਵਿਚ ਹੈ।
ਇਸ ਜਾਦੂਈ ਅੰਕੜੇ ਦੇ ਯੂਸੀਪੀ ਦੇ ਹੱਕ ਵਿਚ ਜਾਣ ਲਈ ਕਿਹਾ ਜਾ ਸਕਦਾ ਹੈ ਕਿ ਕਿਸਮਤ ਯੂ ਸੀਪੀ ਆਗੂ ਡੈਨੀਅਲ ਸਮਿਥ ਦੇ ਪੱਖ ਵਿਚ ਰਹੀ । ਸਾਲ 2012 ਵਿਚ ਅਲਬਰਟਾ ਵਿਚ ਵਾਈਲਡਰੋਜ਼ ਪਾਰਟੀ ਦੀ ਲਹਿਰ ਨਾਲ 19 ਸੀਟਾਂ ਲਿਜਾਕੇ ਆਪਣੀ ਲੀਡਰਸ਼ਿਪ ਦਾ ਕ੍ਰਿਸ਼ਮਾ ਵਿਖਾਉਣ ਵਾਲੀ ਡੈਨੀਅਲ ਸਮਿਥ ਨੇ ਕੁਝ ਸਮੇਂ ਬਾਦ ਆਪਣੀ ਪਾਰਟੀ ਨੂੰ ਪੀ ਸੀ ਪਾਰਟੀ ਵਿਚ ਸ਼ਾਮਿਲ ਕਰਕੇ ਵੱਡੀ ਇਤਿਹਾਸਕ ਗਲਤੀ ਕੀਤੀ ਸੀ। ਉਸਦੀ ਇਸ ਗਲਤੀ ਦੀ ਸਜਾ ਵਜੋਂ ਲੋਕਾਂ ਨੇ ਉਸਨੂੰ ਪੀ ਸੀ ਦੀ ਨੌਮੀਨੇਸ਼ਨ ਚੋਣ ਵਿਚ ਵੀ ਹਰਾ ਦਿੱਤਾ ਸੀ। ਕੁਝ ਸਮੇਂ ਲਈ ਅਲਬਰਟਾ ਦੇ ਸਿਆਸੀ ਦ੍ਰਿਸ਼ ਤੋਂ ਅਲੋਪ ਹੋਈ ਡੈਨੀਅਲ ਸਮਿਥ ਦੀ ਕਿਸਮਤ ਉਸ ਵੇਲੇ ਮੁੜ ਚਮਕੀ ਜਦੋਂ ਤਤਕਾਲੀ ਪ੍ਰੀਮੀਅਰ ਜੇਸਨ ਕੈਨੀ ਨੇ ਲੀਡਰਸ਼ਿਪ ਰੀਵਿਊ ਵੋਟ ਵਿਚ ਆਪਣੀ ਲੋਕਪ੍ਰਿਯਤਾ ਗਵਾਉਣ ਉਪਰੰਤ ਅਸਤੀਫਾ ਦੇ ਦਿੱਤਾ। ਪਿਛਲੇ ਸਾਲ ਅਕਤੂਬਰ ਵਿਚ ਹੋਈ ਯੂ ਸੀ ਪੀ ਦੀ ਲੀਡਰਸ਼ਿਪ ਚੋਣ ਵਿਚ ਡੈਨੀਅਲ ਸਮਿਥ ਨੇ ਬੜੇ ਸੰਕੋਚਵੇ ਹਾਲਾਤ ਵਿਚ ਲੀਡਰਸ਼ਿਪ ਰੇਸ ਵਿਚ ਛਾਲ ਮਾਰੀ ਸੀ। ਉਹ ਥੋੜੀ ਡਰੀ ਡਰੀ ਲੱਗਦੀ ਸੀ ਪਰ ਸੂਬੇ ਦੇ ਕੋਨੇ ਕੋਨੇ ਵਿਚ ਪਾਰਟੀ ਮੈਂਬਰਾਂ ਤੱਕ ਪਹੁੰਚ ਕਰਕੇ ਤੇ ਆਪਣਾ ਵਿਸ਼ਵਾਸ ਬਹਾਲ ਕਰਦਿਆਂ ਉਹ ਲੀਡਰਸ਼ਿਪ ਚੋਣ ਜਿੱਤਣ ਵਿਚ ਸਫਲ ਰਹੀ। ਇਸ ਲੀਡਰਸ਼ਿਪ ਚੋਣ ਦੌਰਾਨ ਪੰਜਾਬੀ ਤੇ ਪਰਵਾਸੀ ਭਾਈਚਾਰੇ ਨੇ ਵੀ ਉਸਦਾ ਵਧ ਚੜਕੇ ਸਾਥ ਦਿੱਤਾ। ਉਸਦੇ ਵਾਈਲਡਰੋਜ਼ ਪਾਰਟੀ ਵੇਲੇ ਦੇ ਸਾਥੀ ਕੈਲਗਰੀ ਦੇ ਪੰਜਾਬੀ ਆਗੂ ਹਰਦਿਆਲ ਸਿੰਘ ਹੈਪੀ ਮਾਨ ਦੀ ਸਰਗਰਮੀ ਜਿਕਰਯੋਗ ਰਹੀ। ਡੈਨੀਅਲ ਸਮਿਥ ਨੇ ਯੂ ਸੀ ਪੀ ਦੀ ਲੀਡਰਸ਼ਿਪ ਚੋਣ ਜਿੱਤ ਲਈ ਪਰ ਉਸ ਲਈ ਸਭ ਤੋਂ ਵੱਡੀ ਚੁਣੌਤੀ ਆਮ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਿਵਾਉਣਾ ਸੀ। ਪਾਰਟੀ ਲੀਡਰ ਵਜੋਂ ਪ੍ਰੀਮੀਅਰ ਬਣਨ ਦੇ ਨਾਲ ਹੀ ਉਸਦੇ ਨਾਲ ਕਈ ਵਿਵਾਦ ਵੀ ਪੈਦਾ ਹੋ ਗਏ। ਉਸਦੀ ਸਾਫਗੋਈ ਤੇ ਅਲਬਰਟਾ ਦੇ ਹਿੱਤਾਂ ਪ੍ਰਤੀ ਸਪੱਸ਼ਟਤਾ ਨੇ ਜਿਥੇ ਕੰਸਰਵੇਟਿਵ ਕੇਡਰ ਵਿਚ ਉਸਦੀ ਸ਼ਾਖ ਵਧਾਈ ਉਥੇ ਵਿਰੋਧੀਆਂ ਦੇ ਨਿਸ਼ਾਨ ਤੇ ਵੀ ਆਈ। ਸਭ ਤੋਂ ਪਹਿਲਾਂ ਕੋਵਿਡ ਦੌਰਾਨ ਫੈਡਰਲ ਸਰਕਾਰ ਦੀ ਕੋਵਿਡ ਲਾਕਡਾਉਨ ਨੀਤੀ ਦਾ ਵਿਰੋਧ, ਅਲਬਰਟਾ ਦੀ ਖੁਦਮੁਖਤਾਰੀ ਅਤੇ ਤੇਲ-ਗੈਸ ਤੇ ਕੁਦਰਤੀ ਸਾਧਨਾਂ ਦੀ ਰੱਖਿਆ ਲਈ ਫੈਡਰਲ ਸਰਕਾਰ ਨੂੰ ਵੰਗਾਰਨਾ ਜਿਥੇ ਉਸਦੀ ਮਜ਼ਬੂਤ ਆਗੂ ਵਜੋਂ ਪਛਾਣ ਨੂੰ ਉਭਾਰਨ ਵਿਚ ਸਹਾਈ ਹੋਇਆ ਉਥੇ ਸਿਹਤ ਸਹੂਲਤਾਂ ਤੇ ਕਾਰਪੋਰੇਟ ਟੈਕਸਾਂ ਵਿਚ ਰਾਹਤ ਨੂੰ ਲੈਕੇ ਉਸਦੇ ਬਿਆਨਾਂ ਨੂੰ ਲੈਕੇ ਵੱਡੇ ਮੁੱਦੇ ਬਣਾਏ ਗਏ। ਪਰ ਉਸਦੀ ਕਾਰੋਬਾਰੀਆਂ ਨੂੰ ਟੈਕਸ ਰਾਹਤ,ਡਰੱਗ ਅਤੇ ਗੈਂਗਜ਼ ਖਿਲਾਫ ਬਿਆਨਾਂ ਨੂੰ ਚੰਗਾ ਹੁੰਗਾਰਾ ਮਿਲਿਆ। ਇਹਨਾਂ ਚੋਣਾਂ ਵਿਚ ਉਸਦੇ ਸਿਹਤ ਸਹੂਲਤਾਂ ਨੂੰ ਲੈਕੇ ਇਕ ਪੁਰਾਣੇ ਬਿਆਨ ਨੂੰ ਲੈਕੇ ਵਿਰੋਧੀ ਧਿਰ ਐਨ ਡੀ ਪੀ ਨੇ ਅਜਿਹੀ ਇਸ਼ਤਿਹਾਰਬਾਜੀ ਕੀਤੀ ਜਿਸਤੋਂ ਅਲਬਰਟਾ ਦੇ ਇਮੀਗ੍ਰਾਂਟ ਭਾਈਚਾਰੇ ਨੂੰ ਇਹ ਲੱਗਾ ਕਿ ਅਗਰ ਯੂ ਸੀ ਪੀ ਸੱਤਾ ਵਿਚ ਪਰਤੀ ਤਾਂ ਸਿਹਤ ਸਹੂਲਤਾਂ ਦਾ ਨਿੱਜੀਕਰਣ ਤੈਅ ਹੈ। ਇਸ ਸਭ ਦੇ ਬਾਵਜੂਦ ਉਹ ਵਿਰੋਧੀ ਧਿਰ ਦੇ ਪ੍ਰਚਾਰ ਨੂੰ ਖੁੰਡਾ ਕਰਨ ਦੇ ਨਾਲ ਪੇਂਡੂ ਲੋਕਾਂ ਦਾ ਸਮਰਥਨ ਹਾਸਲ ਕਰਨ ਵਿਚ ਸਫਲ ਰਹੀ। ਚੋਣ ਮੁਹਿੰਮ ਦੀ ਸਿਖਰ ਦੌਰਾਨ ਪਾਰਟੀ ਲੀਡਰਾਂ ਦੀ ਬਹਿਸ ਵਿਚ ਉਸਨੇ ਵਿਰੋਧੀ ਆਗੂ ਦੇ ਸਾਰੇ ਇਲਜਾਮਾਂ ਨੂੰ ਦਰਕਿਨਾਰ ਕਰਦਿਆਂ ਅਲਬਰਟਾ ਪ੍ਰਤੀ ਆਪਣੀ ਸੁਹਿਰਦਤਾ ਅਤੇ ਯੋਗ ਅਗਵਾਈ ਦਾ ਪ੍ਰਭਾਵ ਜਚਾ ਦਿੱਤਾ। ਉਸਦੇ ਇਹ ਸ਼ਬਦ ਕਿ ਉਸਦੇ ਬੀਤੇ ਵਿਚ ਕੁਝ ਵੀ ਵਿਚਾਰ ਹੋ ਸਕਦੇ ਹਨ ਪਰ ਇਸ ਸਮੇਂ ਅਲਬਰਟਾ ਵਾਸੀ ਉਸਦੇ ਅਸਲ ਮਾਲਕ ਹਨ। ਹੁਣ ਉਹ ਜੋ ਵੀ ਕਰੇਗੀ ਅਲਬਰਟਾ ਵਾਸੀਆਂ ਦੇ ਹਿੱਤ ਵਿਚ ਹੀ ਕਰੇਗੀ। ਉਹ ਆਪਣੀ ਗਲਤੀਆਂ ਨੂੰ ਸੁਧਾਰੇਗੀ ਤੇ ਇਕ ਚੰਗਾ ਆਗੂ ਬਣਨ ਦੀ ਹਰ ਕੋਸ਼ਿਸ਼ ਕਰੇਗੀ। ਉਸਨੇ ਅਲਬਰਟਾ ਪ੍ਰਤੀ ਆਪਣੀ ਨੀਤ ਤੇ ਪਾਰਟੀ ਨੀਤੀਆਂ ਦਾ ਅਜਿਹਾ ਖੁਲਾਸਾ ਕੀਤਾ ਜੋ ਕੰਸਰਵੇਟਿਵ ਸੋਚ ਵਾਲੇ ਲੋਕਾਂ ਨੂੰ ਉਸ ਨਾਲ ਮੁੜ ਜੋੜਨ ਵਿਚ ਸਹਾਈ ਹੋਇਆ। ਚੋਣ ਮੁਹਿੰਮ ਦੌਰਾਨ ਇਕ ਯੂਸੀਪੀ ਉਮੀਦਵਾਰ ਵਲੋਂ ਸਮਲਿੰਗੀਆਂ ਪ੍ਰਤੀ ਵਰਤੀ ਗਈ ਇਤਰਾਜਯੋਗ ਭਾਸ਼ਾ ਦੇ ਮੁੱਦੇ ਨੂੰ ਦਬਾਉਣ ਦੀ ਬਿਜਾਏ ਉਸਨੇ ਇਸਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਅਜਿਹੀ ਸੋਚ ਵਾਲਾ ਕੋਈ ਵੀ ਪ੍ਰਤੀਨਿਧ ਯੂਸੀਪੀ ਕੌਕਸ ਦਾ ਹਿੱਸਾ ਨਹੀ ਹੋਵੇਗਾ। ਉਸਦੀ ਸਪੱਸ਼ਟਵਾਦੀ ਪਹੁੰਚ ਕਾਰਣ ਸੀਬੀਸੀ ਖਿਲਾਫ ਕੇਸ ਅਤੇ ਕੁਝ ਹੋਰ ਵਿਵਾਦ ਉਸਦੇ ਵਿਅਕਤੀਤਵ ਨੂੰ ਦਬਾਉਣ ਦੀ ਬਿਜਾਏ ਉਭਾਰਨ ਵਿਚ ਸਹਾਈ ਹੋਏ। ਚੋਣ ਮੁਹਿੰਮ ਦੇ ਆਖਰੀ ਦੌਰ ਵਿਚ ਐਨ ਡੀ ਪੀ ਵਲੋਂ ਕਾਰੋਪਰੇਟ ਟੈਕਸ ਵਧਾਉਣ ਦਾ ਬਿਆਨ ਜਿਥੇ ਘਾਟੇਵੰਦਾ ਸਾਬਿਤ ਹੋਇਆ ਉਥੇ ਉਸ ਵਲੋਂ ਕਾਰਪੋਰੇਟ ਟੈਕਸ ਘਟਾਉਣ ਦਾ ਐਲਾਨ ਅਲਬਰਟਾ ਵਿਚ ਕਾਰੋਬਾਰ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਦਾ ਜਾਮਨ ਬਣਦਿਆਂ ਉਸਦੇ ਸੱਤਾ ਵਿਚ ਪਰਤਣ ਵਿਚ ਸਹਿਯੋਗੀ ਰਿਹਾ।
ਇਹਨਾਂ ਚੋਣਾਂ ਵਿਚ ਭਾਵੇਂਕਿ ਪਿਛਲੀ ਕੰਸਰਵੇਟਿਵ ਸਰਕਾਰ ਨਾਲੋਂ ਉਸ ਪਾਸ ਘੱਟ ਸੀਟਾਂ ਹਨ ਪਰ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਗਰ ਉਸਦੀ ਜਗਾਹ ਜੇਸਨ ਕੈਨੀ ਹੁੰਦੇ ਤਾਂ ਸ਼ਾਇਦ ਯੂ ਸੀ ਪੀ ਸਰਕਾਰ ਨਾ ਬਣਾ ਪਾਉਂਦੀ। ਪੇਂਡੂ ਅਲਬਰਟਾ ਦਾ ਯੂ ਸੀ ਪੀ ਵਿਚ ਵਿਸ਼ਵਾਸ ਬਹਾਲੀ ਦਾ ਕਰੈਡਿਟ ਇਸ ਸਮੇਂ ਡੈਨੀਅਲ ਸਮਿਥ ਨੂੰ ਹੈ। ਇਸ ਕਰੈਡਿਟ ਦੀ ਖੁਸ਼ੀ ਤੇ ਸ਼ੁਕਰੀਆ ਉਸਦੀ ਜੇਤੂ ਸਪੀਚ ਵਿਚ ਸਪੱਸ਼ਟ ਸੀ। ਉਸਦਾ ਇਹ ਕਹਿਣਾ ਵੱਡੇ ਅਰਥ ਰੱਖਦਾ ਹੈ ਕਿ ਉਹ ਜੋ ਵੀ ਸੀ ਜਾਂ ਹੈ ਪਰ ਅਲਬਰਟਾ ਨੂੰ ਪਿਆਰ ਕਰਦੀ ਹੈ।
ਭਾਰਤੀ ਤੇ ਪੰਜਾਬੀ ਪਿਛੋਕੜ ਵਾਲੇ 6 ਵਿਧਾਇਕ-
ਅਲਬਰਟਾ ਚੋਣਾਂ ਵਿਚ ਯੂ ਸੀ ਪੀ ਤੇ ਐਨ ਡੀ ਪੀ ਦੋਵਾਂ ਪ੍ਰਮੁੱਖ ਪਾਰਟੀਆਂ ਵਲੋਂ ਖੜੇ ਲਗਪਗ ਡੇਢ ਦਰਜਨ ਪੰਜਾਬੀ ਮੂਲ ਦੇ ਉਮੀਦਵਾਰਾਂ ਚੋ ਕੁਲ 6 ਉਮੀਦਵਾਰ ਸਫਲ ਹੋਏ ਹਨ। ਮੁੜ ਸੱਤਾ ਵਿਚ ਆਉਣ ਵਾਲੀ ਯੂ ਸੀ ਪੀ ਦੀ ਤਰਫੋਂ ਕੈਲਗਰੀ ਨਾਰਥ ਵੈਸਟ ਤੋਂ ਰਾਜਨ ਸਾਹਨੀ ਅਤੇ ਕੈਲਗਰੀ ਈਸਟ ਤੋਂ ਪੀਟਰ ਸਿੰਘ ਜੇਤੂ ਰਹੇ ਹਨ। ਕੈਲਗਰੀ ਨਾਰਥ ਈਸਟ ਤੋਂ ਐਨ ਡੀ ਪੀ ਦੀ ਤਰਫੋਂ ਗੁਰਿੰਦਰ ਬਰਾੜ ਤੇ ਕੈਲਗਰੀ ਫਾਲਕਨਰਿਜ ਤੋਂ ਪਰਮੀਤ ਸਿੰਘ ਬੋਪਾਰਾਏ ਤੇ ਐਡਮਿੰਟਨ ਮੈਡੋਜ ਤੇ ਜਸਵੀਰ ਦਿਓਲ ਤੇ ਐਡਮਿੰਟਨ ਵਾਈਟਮੱਡ ਤੋਂ ਰਾਖੀ ਪੰਚੋਲੀ ਜੇਤੂ ਰਹੇ ਹਨ। ਇਹਨਾਂ ਛੇ ਭਾਰਤੀ ਤੇ ਪੰਜਾਬੀ ਮੂਲ ਦੇ ਆਗੂਆਂ ਦੀ ਅਲਬਰਟਾ ਲੈਜਿਸਲੇਚਰ ਵਿਚ ਪ੍ਰਤੀਨਿਧਤਾ ਮਾਣ ਵਾਲੀ ਗੱਲ ਹੈ। ਵਧਾਈਆਂ ਤੇ ਸ਼ੁਭਕਾਮਨਾਵਾਂ।