Headlines

ਮੁੱਖ ਮੰਤਰੀ ਦੇਵੇ ਡਾ. ਨਿੱਝਰ ਨੂੰ ਕਲੀਨ ਚਿੱਟ ਨਾ ਕਿ ਦੀਵਾਨ – ਪ੍ਰੋ. ਸਰਚਾਂਦ ਸਿੰਘ

ਮੁੱਖ ਮੰਤਰੀ ਭਗਵੰਤ ਮਾਨ ਡਾ. ਨਿੱਝਰ ਦੇ ਅਸਤੀਫ਼ੇ ਦੇ ਰਹੱਸ ਨੂੰ ਖ਼ਤਮ ਕਰਨ-

ਅੰਮ੍ਰਿਤਸਰ 4 ਜੂਨ – ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਸੂਬਾ ਕਾਰਜਕਾਰਣੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਜੀਤ ਸਿੰਘ ਨਿੱਝਰ ਦੇ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਸੰਬੰਧੀ ਸਖ਼ਤ ਟਿੱਪਣੀ ਕੀਤੀ ਹੈ । ਉਨ੍ਹਾਂ ਡਾ. ਨਿੱਝਰ ਨੂੰ ਦੀਵਾਨ ਦੀ ਕਲੀਨ ਚਿੱਟ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਡਾ. ਨਿੱਝਰ ਨੂੰ ਕਲੀਨ ਚਿੱਟ ਦੇਵੇ, ਦੀਵਾਨ ਦੀ ਕਲੀਨ ਚਿੱਟ ਨਾਲ ਡਾ. ਨਿੱਝਰ ਦਾ ਦਾਮਨ ਪਾਕਿ ਸਾਫ਼ ਨਹੀਂ ਹੋ ਜਾਂਦਾ। ਡਾ. ਨਿੱਝਰ ਨੇ ਦੀਵਾਨ ਦੀ ਪ੍ਰਧਾਨਗੀ ਤੋਂ ਨਹੀਂ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਹੈ, ਮਾਮਲਾ ਸਰਕਾਰ ਦਾ ਹੈ ਇਸ ਲਈ ਮੁੱਖ ਮੰਤਰੀ ਅਤੇ ਉਸ ਨੂੰ ਖ਼ੁਦ ਅਸਤੀਫ਼ੇ ਦੀ ਸਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਡਾ. ਨਿੱਝਰ ਦੇ ਅਸਤੀਫ਼ੇ ਦੇ ਰਹੱਸ ਨੂੰ ਖ਼ਤਮ ਕਰਨ ਲਈ ਕਿਹਾ ਹੈ। ਸਾਡੇ ਲਈ ਇਹ ਵਿਡੰਬਣਾ ਅਤੇ ਨਮੋਸ਼ੀ ਦੀ ਗਲ ਹੈ ਕਿ ਕੈਬਨਿਟ ’ਚੋਂ ਕਥਿਤ ਅਨੈਤਿਕਤਾ ਦੇ ਦੋਸ਼ ਵਾਲੇ ਨੂੰ ਤਾਂ ਬਾਹਰ ਦਾ ਰਸਤਾ ਨਹੀਂ ਦਿਖਾਇਆ, ਲੇਕਿਨ ਡਾ. ਨਿੱਝਰ, ਜੋ ਸਿੱਖ ਕੌਮ ਦੀ ਇਕ ਸਦੀ ਤੋਂ ਵੀ ਵੱਧ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ, ਨੂੰ ਬਾਹਰ ਕੀਤਾ ਗਿਆ, ਜਿਸ ਨਾਲ ਦੀਵਾਨ ਦੀ ਪ੍ਰਧਾਨਗੀ ਅਤੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਡਾ. ਨਿੱਝਰ ਨੇ ਕਿਸੇ ਜ਼ਰੂਰੀ ਰੁਝੇਵਿਆਂ ਕਾਰਨ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਤਾਂ ਉਹੀ ਕਾਰਨ ਦੀਵਾਨ ਦੀ ਪ੍ਰਧਾਨਗੀ ਅਤੇ ਜ਼ਿੰਮੇਵਾਰੀਆਂ ਲਈ ਅੜਿੱਕਾ ਕਿਉਂ ਨਹੀਂ ? ਡਾ. ਨਿੱਝਰ ਨੂੰ ਦੀਵਾਨ ਦੀ ਪ੍ਰਧਾਨਗੀ ਤੋਂ ਵੀ ਹਟ ਜਾਣ ਅਤੇ ਕਿਸੇ ਕਾਬਲ ਹੱਥਾਂ ’ਚ ਦੀਵਾਨ ਦੀ ਵਾਗਡੋਰ ਦੇਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਡਾ. ਨਿੱਝਰ ਵੱਲੋਂ ਮੰਤਰੀ ਬਣ ਕੇ ਕੈਬਨਿਟ ਨੂੰ ਪਹਿਲ ਦੇਣ ਨਾਲ ਦੀਵਾਨ ਦਾ ਕੰਮ ਪਹਿਲਾਂ ਹੀ ਬਹੁਤ ਪ੍ਰਭਾਵਿਤ ਹੋ ਚੁਕਾ ਹੈ। ਅਸਤੀਫ਼ੇ ਦਾ ਕਾਰਨ ਕੁਝ ਹੋਰ ਹੈ ਤਾਂ, ਤਾਂ ਡਾ. ਨਿੱਝਰ ਦੀਆਂ ਗਤੀਵਿਧੀਆਂ ਬਾਰੇ ਵਿਜੀਲੈਂਸ ਜਾਂਚ ਕਰਵਾਈ ਜਾਵੇ ਅਤੇ ਜੇਕਰ ਕੁਝ ਵੀ ਗ਼ਲਤ ਪਾਇਆ ਗਿਆ ਤਾਂ ਉਸ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾਵੇ।
ਪ੍ਰੋ. ਸਰਚਾਂਦ ਸਿੰਘ ਨੇ ਦੀਵਾਨ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਲਈ ਬੁਲਾਈ ਗਈ ਕਾਰਜ ਸਾਧਕ ਕਮੇਟੀ ਦੀ ਮੀਟਿੰਗ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪ੍ਰਧਾਨ ਛੁੱਟੀ ’ਤੇ ਨਹੀਂ ਗਏ, ਇਸ ਲਈ ਉਨ੍ਹਾਂ ਦੀ ਜਗਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਹੰਗਾਮੀ ਮੀਟਿੰਗ ਬੁਲਾਉਣ ਦੀ ਲੋੜ ਹੈ। ਮੀਟਿੰਗ ਦਾ ਏਜੰਡਾ ਸਿੱਖੀ ਅਤੇ ਵਿੱਦਿਅਕ ਸਰੋਕਾਰਾਂ ਨਾਲ ਸੰਬੰਧਿਤ ਨਾ ਹੋ ਕੇ ਇਸ ਦਾ ਮਕਸਦ ਡਾ. ਨਿੱਝਰ ਦੀ ਛਵ੍ਹੀ ਨੂੰ ਸਾਫ਼ ਦਰਸਾਉਣ ਦੀ ਸਿਆਸੀ ਸਵਾਰਥ ਲਈ ਲੋਕਾਂ ਦੀਆਂ ਅੱਖਾਂ ’ਤੇ ਪਰਦਾ ਪਾਉਣਾ ਸਤਾ ਧਿਰ ਦੀ ਚਾਪਲੂਸੀ ਨਹੀਂ? ਉਨ੍ਹਾਂ ਕਿਹਾ ਕਿ ਡਾ. ਨਿੱਝਰ ਨੂੰ ਖ਼ੁਦ ਮੀਟਿੰਗ ’ਚ ਸਾਰੀ ਸਥਿਤੀ ਬਾਰੇ ਜਾਣੂ ਕਰਾਉਣਾ ਦੀ ਲੋੜ ਸੀ। ਇਸ ਮੌਕੇ ਦੀਵਾਨ ਨੂੰ ਡਾ. ਨਿੱਝਰ ਨੂੰ ਬੁਲਾ ਕੇ ਕਟਹਿਰੇ ’ਚ ਖੜ੍ਹਾ ਕਰਦਿਆਂ ਉਸ ਤੋਂ ਬਿਨਾ ਵਜਾ ਅਸਤੀਫ਼ਾ ਦੇਣ ਬਾਰੇ ਸਵਾਲ ਕੀਤਾ ਜਾਣਾ ਚਾਹੀਦਾ ਸੀ, ਪਰ ਇਸ ਦੇ ਉਲਟ ਦੀਵਾਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ।  ਇੱਥੇ ਸਵਾਲ ਇਹ ਹੈ ਕਿ ਕੈਬਨਿਟ ਮੰਤਰੀ ਵਜੋਂ ਡਾ. ਨਿੱਝਰ ਦੀਆਂ ਸੱਚ ਵਿਚ ਅਨੇਕਾਂ ਪ੍ਰਾਪਤੀਆਂ ਹਨ, ਫਿਰ ਦੀਵਾਨ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਅਸਤੀਫ਼ੇ ਜਾਂ ਉਨ੍ਹਾਂ ਨੂੰ ਹਟਾਉਣ ਦਾ ਕਾਰਨ ਕਿਉਂ ਨਹੀਂ ਪੁੱਛਿਆ? ਦੀਵਾਨ ਦੀ ਮੀਟਿੰਗ ਨੇ ਆਪਣੀ ਪਰੰਪਰਾ ਅਤੇ ਸੁਭਾਅ ਮੁਤਾਬਿਕ ਦੀਵਾਨ ਦੇ ਅਕਸ ਨੂੰ ਢਾਹ ਲਾਉਣ ਲਈ ਆਪਣਾ ਇਤਰਾਜ਼ ਜਾਂ ਨਿਖੇਧੀ ਮਤਾ ਕਿਉਂ ਨਹੀਂ ਲਿਆਂਦਾ?
ਸਵਾਲ ਇਹ ਵੀ ਹੈ ਕਿ ਮੀਟਿੰਗ ਵਿਚ ਦੀਵਾਨ ਖ਼ਿਲਾਫ਼ ’ਕੂੜ ਪ੍ਰਚਾਰ’ ਕਰਨ ਵਾਲੇ ’ਗੈਰ ਮੈਂਬਰਾਂ’ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ, ਇਸ ’ਚ ’ਗੈਰ ਮੈਂਬਰਾਂ’ ਤੋਂ ਭਾਵ ਉਨ੍ਹਾਂ ਵਿਅਕਤੀਆਂ ਤੋਂ ਹੈ ਜੋ ਹੁਣ ਕਿਸੇ ਕਾਰਨ ਮੈਂਬਰੀ ਤੋਂ ਖ਼ਾਰਜ ਕੀਤੇ ਜਾ ਚੁੱਕੇ ਹਨ? ਕੀ ਦੀਵਾਨ ਉਸ ਦੀ ਨਿਘਾਰ ਪ੍ਰਤੀ ਆਲੋਚਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ? ਇਸ ਮੁੱਦੇ ’ਤੇ ਕਿਸੇ ਨੂੰ ਕੋਸਣਾ ਸਹੀ ਹੋਵੇਗਾ? ਇਸ ਲਈ ਸੰਸਥਾ ਨੂੰ ਇਸ ਮੁੱਦੇ ਬਾਰੇ ਅੰਤਰ ਝਾਤ ਮਾਰਨ ਅਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੀਵਾਨ ਘਟ ਗਿਣਤੀ ਭਾਈਚਾਰੇ ਦੀ ਸੰਸਥਾ ਹੈ ਇਸ ਲਈ ਮੌਜੂਦਾ ਮੁੱਦੇ ’ਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਸਾਰੇ ਮਾਮਲੇ ’ਤੇ ਨਿਗ੍ਹਾ ਬਣਾਈ ਰੱਖਣ ਦੀ ਵੀ ਉਨ੍ਹਾਂ ਅਪੀਲ ਕੀਤੀ ਹੈ।