Headlines

ਇਲਿਆਸ ਘੁੰਮਣ ਦੀ ਸੰਪਾਦਿਤ ਪੁਸਤਕ ”ਵੰਡ” ਕੈਲੀਫੋਰਨੀਆ ਵਿਚ ਲੋਕ ਅਰਪਣ

ਚਰਨਜੀਤ ਸਿੰਘ ਪੰਨੂੰ ਦੀ ਕਹਾਣੀ ਮੁਹੰਮਦ ਸਿੰਘ ਅਜੇ ਜਿ਼ੰਦਾ ਹੈ ਸ਼ਾਮਿਲ-

ਕੈਲੀਫੋਰਨੀਆ-1947 ਦੀ ਭਾਰਤ ਪਾਕਿਸਤਾਨ ਵੰਡ ਨੇ ਵਾਹਗੇ ਵਾਲੀ ਲਕੀਰ ਵਾਹ ਕੇ ਲੱਖਾਂ ਪੰਜਾਬੀਆਂ ਦੇ ਸੀਨੇ ਛੇਕ ਕਰ ਦਿੱਤੇ। ਇਹ ਦੁਨੀਆ ਭਰ ਦਾ ਸਭ ਤੋਂ ਵੱਡਾ ਉਜਾੜਾ ਗਰਦਾਨਿਆ ਗਿਆ ਜਿਸ ਵਿਚ ਦਸ ਲੱਖ ਤੋਂ ਵਧੀਕ ਮਨੁੱਖੀ ਜਾਨਾਂ ਦਾ ਵਿਨਾਸ਼ ਹੋਇਆ ਤੇ ਇਸ ਤੋਂ ਕਿਤੇ ਵਧੇਰੇ ਆਪਸ ਵਿਚ ਭਰਾਵਾਂ ਵਾਂਗ ਰਲ ਮਿਲ ਕੇ ਰਹਿੰਦੇ ਹਿੰਦੂ ਸਿੱਖ ਮੁਸਲਿਮ ਨੇ ਇੱਕ ਦੂਸਰੇ ਦੀ ਇੱਜਤ ਪਤ ਰੋਲੀ ਤੇ ਕਟੋਰੇ ਭਰ ਕੇ ਲਹੂ ਪੀਤਾ ਤੇ ਧਰਤੀ ਤੇ ਡੋਲ੍ਹਿਆ। ਪਾਕਿਸਤਾਨ ਰਹਿੰਦੇ ਪੰਜਾਬੀ ਪਿਆਰੇ ਸਿਰਮੌਰ ਕਹਾਣੀਕਾਰ ਤੇ ਪੰਜਾਬੀ ਸਾਹਿੱਤਕਾਰ ਇਲਿਆਸ ਘੁੰਮਣ ਨੇ ਆਪਣੀ 1010 ਪੰਨਿਆਂ ਵਾਲੀ ਵਡਆਕਾਰੀ ਪੁਸਤਕ ‘ਵੰਡ’ ਵਿਚ ਬਹੁਤ ਮਿਹਨਤ ਨਾਲ ਇਸ ਅਣਕਿਆਸੀ ‘ਵੰਡ’ ਦੀ ਦਰਦਨਾਕ ਤ੍ਰਾਸਦੀ ਬਿਆਨ ਕਰਦੀਆਂ 94 ਕਹਾਣੀਆਂ ਪਰੋਣ ਦਾ ਯਤਨ ਕੀਤਾ ਹੈ। ਇਸ ਪੁਸਤਕ ਵਿਚ ਕੈਲੀਫੋਰਨੀਆ ਰਹਿੰਦੇ ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਪੰਨੂ ਦੀ ਕਹਾਣੀ ‘ਮੁਹੰਮਦ ਸਿੰਘ ਅਜੇ ਜਿੰਦਾ ਹੈ’ ਸ਼ਾਮਲ ਹੈ। ਸੁਰਿੰਦਰ ਧਨੋਏ ਰਾਹੀਂ ਅਮਰੀਕਾ ਪਹੁੰਚੀ ਇਹ ਕਿਤਾਬ ਸੁਰਿੰਦਰ ਧਨੋਆ ਨੇ ਇਲਿਆਸ ਘੁੰਮਣ ਦੀ ਤਰਫੋਂ ਚਰਨਜੀਤ ਸਿੰਘ ਪੰਨੂ ਨੂੰ ਭੇਟ ਕੀਤੀ ਤੇ ਇਹ ਵਿਸ਼ਵ ਸਾਹਿੱਤ ਅਕੈਡਮੀ ਦੇ ਮੈਂਬਰਾਂ ਨੇ ਮਿਲ ਕੇ ਰਿਲੀਜ਼ ਕੀਤੀ। ਸਭਾ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਕੰਬੋਜ਼ ਵੱਲੋਂ ਇਲਿਆਸ ਘੁੰਮਣ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਚਰਨਜੀਤ ਪੰਨੂ ਨੂੰ ਉਨ੍ਹਾਂ ਦੀ ਕਹਾਣੀ ਚੋਣ ਲਈ ਮੁਬਾਰਕ ਦਿੱਤੀ ਗਈ। ਚਰਨਜੀਤ ਸਿੰਘ ਪੰਨੂ ਨੇ ਦੱਸਿਆ ਕਿ ਇਲਿਆਸ ਘੁੰਮਣ ਦਾ ਇਹ ਉਪਰਾਲਾ 1995 ਤੋਂ ਜਾਰੀ ਹੈ ਜਦ ਉਸ ਨੇ ਤਲਵਿੰਦਰ ਨਾਲ ਮਿਲ ਕੇ ‘ਉਜੜੇ ਗਰਾਂ ਦੇ ਵਾਸੀ’ ਕਿਤਾਬ ਛਪਵਾਈ ਸੀ। ਇਸ ਸਮੇਂ ਉਹ ਦੁਨੀਆ ਭਰ ਦੇ ਸਾਰੇ ਲਿਖਿਆਰਾਂ ਤੋਂ ਅਜੇਹੀਆਂ ਹੋਰ ਕਹਾਣੀਆਂ ਦੀ ਚੋਣ ਕਰਦਾ ਆ ਰਿਹਾ ਹੈ ਤੇ ਅੱਗੇ ਵੀ ਜਾਰੀ ਹੈ। ਜੇ ਕਿਸੇ ਕੋਲ ਅਜੇਹੀ ਕੋਈ ਕਹਾਣੀ ਹੈ ਜਾਂ ਲਿਖ ਸਕਦਾ ਹੋਵੇ ਤਾਂ ਉਹ ਨਵੀਂ ਐਡੀਸ਼ਨ ਵਾਸਤੇ ਇਲਿਆਸ ਘੁੰਮਣ ਨੂੰ ਭੇਜ ਸਕਦਾ ਹੈ।