Headlines

ਉਘੇ ਫਿਲਮੀ ਕਲਾਕਾਰ ਸਰਦਾਰ ਸੋਹੀ ਤੇ ਸੁਪ੍ਰਸਿਧ ਗੀਤਕਾਰ ਬਾਬੂ ਸਿੰਘ ਮਾਨ ਦਾ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਮੈਂਗੀ ਟੇਸਟੀ ਪੀਜ਼ਾ ਤੇ ਕਵਾਂਟਲਨ ਪੀਜ਼ਾ ਸਰੀ ਦੇ ਮਾਲਕ ਸਤਨਾਮ ਸਿੰਘ ਮੈਂਗੀ ਦੇ ਗ੍ਰਹਿ ਵਿਖ ਇਕ ਵਿਸ਼ੇਸ਼ ਮਿਲਣੀ ਦੌਰਾਨ ਪ੍ਰਸਿਧ ਪੰਜਾਬੀ ਫਿਲਮੀ ਕਲਾਕਾਰ ਸਰਦਾਰ ਸੋਹੀ ਅਤੇ ਸੁਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਤਨਾਮ ਸਿੰਘ ਮੈਂਗੀ ਦੇ ਬਜੁਰਗ ਮਾਤਾ ਜੀ ਨੇ ਵੀ ਦੋਵਾਂ ਸ਼ਖਸੀਅਤਾਂ ਨੂੰ ਅਸ਼ੀਰਵਾਦ ਦਿੱਤਾ।  ਇਸ ਮੌਕੇ ਜੁੜੇ ਮਹਿਮਾਨਾਂ ਨਾਲ ਦੋਵਾਂ ਸ਼ਖਸੀਅਤਾਂ ਨੇ ਆਪਣੀਆਂ ਨਿੱਜੀ ਜਿੰਦਗੀ ਦੀਆਂ ਕਈ ਪ੍ਰੇਰਕ ਘਟਨਾਵਾਂ ਸਾਂਝੀਆਂ ਕੀਤੀਆਂ। ਉਘੇ ਗੀਤਕਾਰ ਜਸਬੀਰ ਗੁਣਚੌਰੀਆ ਵਲੋਂ ਬਣਾਈ ਜਾ ਰਹੀ ਪੰਜਾਬੀ ਫਿਲਮ ਵੱਡਾ ਘਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਮੁਕੰਮਲ ਕਰਨ ਉਪਰੰਤ ਹੁਣ ਇਸਦੀ ਬਾਕੀ ਸ਼ੂਟਿੰਗ ਸਰੀ ਅਤੇ ਆਸ ਪਾਸ ਦੇ ਖੇਤਰ ਵਿਚ ਮੁਕੰਮਲ ਕੀਤੀ ਜਾ ਰਹੀ ਹੈ। ਇਸ ਫਿਲਮ ਵਿਚ ਸਰਦਾਰ ਸੋਹੀ ਖਾਸ ਭੂਮਿਕਾ ਨਿਭਾਅ ਰਹੇ ਹਨ। ਇਸ ਮੌਕੇ ਸਰਦਾਰ ਸੋਹੀ ਨੇ ਫਿਲਮ ਵੱਡਾ ਘਰ ਦੇ ਨਿਰਮਾਣ ਲਈ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਆਪਣੀ ਕੁਝ ਚਰਚਿਤ ਫਿਲਮਾਂ ਦੇ ਡਾਇਲਾਗ ਵੀ ਸੁਣਾਏ। ਉਹਨਾਂ ਪੰਜਾਬ ਵਿਚ ਅੰਗਰੇਜੀ ਰਾਜ ਉਪਰੰਤ ਆਈ ਚਾਹ ਅਤੇ ਚਾਹ ਨਾਲ ਸਬੰਧਿਤ ਉਹਨਾਂ ਵਲੋਂ ਸਕੂਲੀ ਦਿਨੀਂ ਵਿਚ ਗਾਇਆ ਜਾਂਦਾ ਇਕ ਗੀਤ ਵੀ ਗਾਕੇ ਸੁਣਾਇਆ।

ਇਸ ਮੌਕੇ ਸ ਬਾਬੂ ਸਿੰਘ ਮਾਨ ਨੇ ਵੀ ਆਪਣੇ ਚਰਚਿਤ ਗੀਤਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਗੀਤਕਾਰ ਜਸਬੀਰ ਗੁਣਾਚੌਰੀਆ ਨੇ ਆਪਣੀ ਆ ਰਹੀ ਫਿਲਮ ਅਤੇ ਕਲਾਕਾਰਾਂ ਬਾਰੇ ਜਾਣਕਾਰੀ ਦਿੰਦਿਆਂ ਅਕਤੂਬਰ ਮਹੀਨੇ ਫਿਲਮ ਦੇ ਰੀਲੀਜ਼ ਹੋਣ ਦੀ ਸੰਭਾਵਨਾ ਪ੍ਰਗਟਾਈ। ਸ ਸਤਨਾਮ ਸਿੰਘ ਮੈਂਗੀ ਨੇ ਦੋਵਾਂ ਮਹਾਨ ਸ਼ਖਸੀਅਤਾਂ ਤੇ ਆਏ ਮਹਿਮਾਨਾਂ ਦਾ ਉਹਨਾਂ ਦੇ ਗ੍ਰਹਿ ਵਿਖੇ ਆਉਣ ਤੇ ਧੰਨਵਾਦ ਕੀਤਾ।