ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ-
ਸੁਖਵਿੰਦਰ ਸਿੰਘ ਚੋਹਲਾ——-
ਪ੍ਰਧਾਨ ਮੰਤਰੀ ਟਰੂਡੋ ਵਲੋਂ ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜੀ ਦੀ ਜਾਂਚ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਜਾਂਚ ਅਧਿਕਾਰੀ ਸਾਬਕਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਨੇ ਆਖਰ ਆਪਣੇ ਅਹੁਦੇ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਉਹਨਾਂ ਵਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨੇ ਜੋ ਕੰਮ ਸੌਂਪਿਆ ਹੈ, ਉਸਨੂੰ ਮੁਕੰਮਲ ਕਰਨਾ ਉਸਦੀ ਪਹਿਲੀ ਜਿੰਮੇਵਾਰੀ ਹੈ। ਉਹਨਾਂ ਦੇ ਇਹਨਾਂ ਬੋਲਾਂ ਦਾ ਅਰਥ ਇਹ ਸੀ ਕਿ ਉਹ ਵਿਰੋਧੀ ਧਿਰਾਂ ਵਲੋਂ ਉਹਨਾਂ ਦੀ ਨਿਯੁਕਤੀ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਣਾ ਚਾਹੁਣਗੇ। ਉਹ ਆਪਣੀ ਇਸ ਟਿਪਣੀ ਦੇ ਨਾਲ ਇਹ ਦਾਅਵਾ ਵੀ ਕਰ ਰਹੇ ਸਨ ਕਿ ਉਹ ਕੈਨੇਡੀਅਨ ਜਮਹੂਰੀ ਪ੍ਰਣਾਲੀ ਵਿਚ ਵਿਸ਼ਵਾਸ ਮ਼ਜਬੂਤੀ ਲਈ ਕੰਮ ਕਰ ਰਹੇ ਹਨ ਪਰ ਇਸਦੇ ਨਾਲ ਹੀ ਉਹ ਸੰਸਦ ਵਿਚ ਵਿਰੋਧੀ ਐਮ ਪੀਜ਼ ਵਲੋਂ ਬਹੁਮਤ ਨਾਲ ਪਾਸ ਕੀਤੇ ਮਤੇ ਨੂੰ ਵੀ ਅਣਗੌਲਿਆਂ ਕਰ ਰਹੇ ਸਨ। ਉਹਨਾਂ ਦੀ ਇਸ ਦੁਬਿਧਾਪੂਰਣ ਸਥਿਤੀ ਚੋ ਇਹ ਅਰਥ ਕੱਢੇ ਜਾ ਰਹੇ ਸਨ ਕਿ ਉਹ ਜਿਵੇਂ ਕਿਵੇਂ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਟਰੂਡੋ ਨੂੰ ਬਚਾਉਣ ਦੇ ਆਹਰ ਵਿਚ ਹਨ। ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਸ਼ਰੇਆਮ ਇਹ ਇਲਜਾਮ ਲਗਾ ਰਹੇ ਹਨ ਕਿ ਡੇਵਿਡ ਜੌਹਸਨਟਨ ਜਾਂਚ ਨੂੰ ਮੁਕੰਮਲ ਕਰਨ ਦੇ ਬਹਾਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਚੀਨੀ ਸੰਸਥਾਵਾਂ ਵਲੋਂ ਮਿਲੀਆਂ ਸੌਗਾਤਾਂ ਉਪਰ ਪਰਦੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੋ ਵੀ ਹੈ ਕਿ ਹੁਣ ਡੇਵਿਡ ਜੌਹਨਸਟਨ ਵਲੋਂ ਅਸਤੀਫੇ ਦੇ ਫੈਸਲੇ ਨਾਲ ਵਿਰੋਧੀ ਧਿਰਾਂ ਵਲੋਂ ਇਸ ਮਾਮਲੇ ਦੀ ਜਨਤਕ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਹੋਰ ਬਲ ਮਿਲ ਗਿਆ ਹੈ। ਡੇਵਿਡ ਜੌਹਨਸਟਨ ਨੇ ਆਪਣੇ ਅਸਤੀਫੇ ਵਿਚ ਕਿਹਾ ਹੈ ਕਿ ਉਹ ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਵਿਸ਼ੇਸ਼ ਕਰਕੇ ਚੀਨੀ ਦਖਲਅੰਦਾਜੀ ਦੇ ਗੰਭੀਰ ਮੁੱਦੇ ਦੀ ਜਾਂਚ ਕਰਨ ਲਈ ਅੱਗੇ ਆਏ ਸਨ। ਇਸ ਜਾਂਚ ਦਾ ਮਕਸਦ ਵਿਦੇਸ਼ੀ ਦਖਲਅੰਦਾਜੀ ਨਾਲੋ ਕੈਨੇਡੀਅਨ ਜਮਹੂਰੀ ਪ੍ਰਣਾਲੀ ਨੂੰ ਬਚਾਉਣ ਅਤੇ ਇਸ ਵਿਚ ਲੋਕ ਵਿਸ਼ਵਾਸ ਦੀ ਮਜ਼ਬੂਤੀ ਨੂੰ ਬਣਾਈ ਰੱਖਣਾ ਵਧੇਰੇ ਹੈ। ਪਰ ਹੁਣ ਜਿਵੇਂ ਦਾ ਮਾਹੌਲ ਬਣ ਗਿਆ ਹੈ, ਅਜਿਹੀ ਹਾਲਤ ਵਿਚ ਉਹਨਾਂ ਲਈ ਕੰਮ ਕਰਨਾ ਸੰਭਵ ਨਹੀ ਬਲਕਿ ਇਸਦਾ ਉਲਟਾ ਪ੍ਰਭਾਵ ਬਣ ਗਿਆ ਹੈ। ਅਜਿਹੀ ਹਾਲਤ ਵਿਚ ਉਹਨਾਂ ਦਾ ਜਾਂਚ ਤੋ ਲਾਂਭੇ ਹੋਣਾ ਹੀ ਬੇਹਤਰ ਹੈ। ਉਹਨਾਂ ਨਾਲ ਹੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇਹ ਕੰਮ ਵੀ ਸੌਂਪਿਆ ਹੈ ਕਿ ਉਹ ਸਿਆਸੀ ਮਾਹਿਰਾਂ ਤੇ ਵਿਰੋਧੀਆਂ ਪਾਰਟੀਆਂ ਨਾਲ ਗੱਲਬਾਤ ਕਰਕੇ ਕਿਸੇ ਅਜਿਹੇ ਮਾਹਿਰ ਆਗੂ ਦੀ ਚੋਣ ਕਰਨ ਜੋ ਇਸ ਜਾਂਚ ਦੀ ਬੇਹਤਰ ਅਗਵਾਈ ਕਰ ਸਕੇ। ਉਹਨਾਂ ਨੇ ਆਪਣੇ ਅਸਤੀਫੇ ਵਿਚ ਜਨਤਕ ਜਾਂਚ ਦੀ ਮੰਗ ਦਾ ਜਿਕਰ ਨਹੀ ਕੀਤਾ ਜਦੋਂਕਿ ਤਿੰਨੇ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਇਹ ਮੰਗ ਕਰ ਰਹੀਆਂ ਹਨ ਤੇ ਹੁਣ ਉਹਨਾਂ ਦੇ ਅਸਤੀਫੇ ਉਪਰੰਤ ਹੀ ਵੀ ਉਹਨਾਂ ਨੇ ਆਪਣੀ ਇਸ ਮੰਗ ਨੂੰ ਦੁਹਰਾਇਆ ਹੈ। ਪਿਛਲੇ ਦਿਨੀ ਜੌਹਨਸਟਨ ਵਲੋਂ ਪੇਸ਼ ਕੀਤੀ ਗਈ ਆਪਣੀ ਅੰਤਰਿਮ ਜਾਂਚ ਰਿਪੋਰਟ ਉਪਰੰਤ ਇਕ ਸਿਆਸੀ ਘਮਾਸਾਨ ਜਿਹਾ ਪੈਦਾ ਹੋ ਗਿਆ ਸੀ। ਵਿਰੋਧੀ ਧਿਰਾਂ ਨੇ ਜੌਹਨਸਟਨ ਦੇ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸਬੰਧਾਂ ਨੂੰ ਲੈਕੇ ਤਿੱਖੇ ਹਮਲੇ ਕੀਤੇ ਸਨ ਪਰ ਇਸਦੇ ਬਾਵਜੂਦ ਸਰਕਾਰ ਨੂੰ ਇਹ ਉਮੀਦ ਨਹੀ ਸੀ ਕਿ ਜੌਹਨਸਟਨ ਇਸ ਤਰਾਂ ਜਾਂਚ ਤੋ ਲਾਂਭੇ ਹੋ ਜਾਣਗੇ।
ਪ੍ਰਧਾਨ ਮੰਤਰੀ ਟਰੂਡੋ ਵਲੋਂ ਜਦੋਂ ਮਾਰਚ ਮਹੀਨੇ ਵਿਚ ਜੌਹਨਸਟਨ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਉਹਨਾਂ ਕਿਹਾ ਕਿ ਸੀ ਉਹ ਉਹਨਾਂ ਦੀਆਂ ਸਿਫਾਰਸ਼ਾਂ ਉਪਰ ਅਮਲ ਲਈ ਪਾਬੰਦ ਹੋਣਗੇ। ਹੁਣ ਜੌਹਨਸਟਨ ਨੇ ਆਪਣੇ ਅਸਤੀਫੇ ਨਾਲ ਜਨਤਕ ਜਾਂਚ ਨੂੰ ਆਖਰੀ ਹੱਲ ਦੀ ਬਿਜਾਏ ਜਮਹੂਰੀਅਤ ਦੀ ਮਜ਼ਬੂਤੀ ਲਈ ਗੱਲਬਾਤ ਨੂੰ ਜਾਰੀ ਰੱਖਣ ਨੂੰ ਹੀ ਪਹਿਲੀ ਤਰਜੀਹ ਕਿਹਾ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਅਜਿਹਾ ਮਾਮਲਾ ਹੈ ਜਿਸ ਵਿਚ ਖੁਫੀਆ ਤੰਤਰ ਵੀ ਸ਼ਾਮਿਲ ਹੈ ਜਿਹਨਾਂ ਦੀਆਂ ਰਿਪੋਰਟਾਂ ਨੂੰ ਜਨਤਕ ਕਰਨਾ ਜਾਂ ਪਾਰਦਰਸ਼ੀ ਢੰਗ ਨਾਲ ਵੇਖਣਾ ਬਹੁਤ ਮੁਸ਼ਕਲ ਹੈ। ਉਹਨਾਂ ਦੀ ਅੰਤਰਿਮ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਵਿਰੋਧੀ ਧਿਰਾਂ ਵਲੋਂ ਉਹਨਾਂ ਨੂੰ ਅਹੁਦੇ ਤੋ ਹਟਾਉਣ ਦੀ ਮੰਗ ਕੀਤੀ ਗਈ। ਇਥੋ ਤੱਕ ਕਿ ਪਿਛਲੇ ਦਿਨੀ ਉਹ ਇਕ ਪਾਰਲੀਮੈਂਟਰੀ ਕਮੇਟੀ ਅੱਗੇ ਵੀ ਪੇਸ਼ ਹੋਏ ਜਿਥੇ ਉਹਨਾਂ ਨਾਲ ਲਗਪਗ ਤਿੰਨ ਘੰਟੇ ਸਵਾਲ ਜਵਾਬ ਕੀਤੇ ਗਏ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਆਪਣੀ ਜਾਂਚ ਦੌਰਾਨ ਉਸ ਲਿਬਰਲ ਐਮ ਪੀ ਨਾਲ ਕੋਈ ਗੱਲਬਾਤ ਨਹੀ ਕੀਤੀ ਜਿਸ ਸਬੰਧੀ ਇਹ ਖੁਲਾਸਾ ਹੋਇਆ ਸੀ ਉਸਦੀ ਨੌਮੀਨੇਸ਼ਨ ਚੋਣ ਵੇਲੇ ਚੀਨ ਨੇ ਉਸਦੀ ਮਦਦ ਕੀਤੀ ਸੀ। ਇਹ ਉਹੀ ਲਿਬਰਲ ਐਮ ਪੀ ਹੈ ਜਿਸਦੇ ਕਹਿਣ ਉਪਰ ਚੀਨ ਸਰਕਾਰ ਨੇ ਦੋ ਕੈਨੇਡੀਅਨ ਡਿਪਲੋਮੈਟ ਦੀ ਰਿਹਾਈ ਵਿਚ ਦੇਰੀ ਕੀਤੇ ਜਾਣ ਦੀਆਂ ਰਿਪੋਰਟਾਂ ਨਸਰ ਹੋਈਆਂ । ਇਹ ਵੱਖਰੀ ਗੱਲ ਹੈ ਕਿ ਇਸ ਮੀਡੀਆ ਰਿਪੋਰਟ ਖਿਲਾਫ ਇਸ ਐਮ ਪੀ ਨੇ ਅਦਾਲਤੀ ਕਾਰਵਾਈ ਦੀ ਚਾਰਾਜੋਈ ਆਰੰਭੀ ਹੋਈ ਹੈ। ਜੌਹਨਸਟਨ ਦੀ ਜਾਂਚ ਨੂੰ ਇਕਪਾਸੜ ਅਤੇ ਹੁਣ ਤੱਕ ਦੇ ਕੀਤੇ ਕੰਮ ਉਪਰ ਅਸੰਤੁਸ਼ਟੀ ਪ੍ਰਗਟ ਕਰਦਿਆਂ ਹੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੇ ਨਾਲ ਮੁਕੰਮਲ ਜਨਤਕ ਜਾਂਚ ਦੀ ਮੰਗ ਉਪਰ ਅੜੀਆਂ ਹੋਈਆਂ ਹਨ।
ਖੈਰ ਜੋ ਵੀ ਹੈ ਕਿ ਜੌਹਨਸਟਨ ਵਲੋਂ ਲਿਆ ਗਿਆ ਫੈਸਲਾ ਕੈਨੇਡੀਅਨ ਜਮਹੂਰੀ ਪ੍ਰਣਾਲੀ ਨੂੰ ਬਚਾਉਣ ਅਤੇ ਵਿਸ਼ਵਾਸ ਮਜ਼ਬੂਤੀ ਲਈ ਉਹਨਾਂ ਦੇ ਕਹਿਣ ਮੂਜਬ ਸ਼ੁਭ ਕਿਹਾ ਜਾ ਸਕਦਾ ਹੈ। ਉਹਨਾਂ ਨੇ ਸਰਕਾਰ ਦਾ ਪੱਖ ਪੂਰਨ ਅਤੇ ਆਪਣੀ ਜਿਦ ਪੁਗਾਉਣ ਦੀ ਬਿਜਾਏ ਇਸ ਅਹੁਦੇ ਨਾਲ ਚਿਪਕੇ ਰਹਿਣ ਦੀ ਥਾਂ ਅਸਤੀਫਾ ਦੇਣ ਦਾ ਫੈਸਲਾ ਲੈਕੇ ਕੈਨੇਡੀਅਨ ਸਿਆਸਤ ਵਿਚ ਇਮਾਨਦਾਰੀ ਦੀ ਮਰਿਯਾਦਾ ਨੂੰ ਕਾਇਮ ਰੱਖਿਆ ਹੈ। ਹੁਣ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਵੀ ਇਮਾਨਦਾਰ ਸਿਆਸਤ ਦਾ ਵਿਖਾਵਾ ਕਰਦਿਆਂ ਇਸ ਮੁੱਦੇ ਦੀ ਜਨਤਕ ਜਾਂਚ ਕਰਵਾਉਣ ਦਾ ਐਲਾਨ ਕਰਨ।