Headlines

ਭਾਰਤੀ ਰੈਸਲਰ ਕੁੜੀਆਂ ਨਾਲ਼ ਧੱਕੇ ਦੇ ਵਿਰੋਧ ਵਿੱਚ ਰੋਸ ਰੈਲੀ

ਕੈਲਗਰੀ (ਹਰਚਰਨ ਸਿੰਘ ਪ੍ਰਹਾਰ)- ‘ਪਹਿਲਵਾਨ ਕੁੜੀਆਂ ਨਾਲ਼ ਇਨਸਾਫ ਕਰੋ’, ‘ਲੋਕ ਏਕਤਾ ਜ਼ਿੰਦਾਬਾਦ’, ‘ਦੋਸ਼ੀਆਂ ਨੂੰ ਗ੍ਰਿਫਤਾਰ ਕਰੋ’ ਆਦਿ ਦੇ ਨਾਹਰੇ ਮਾਰਦਾ ਇੱਕ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੈਲਗਰੀ  ਵਿੱਚ ਹੋਇਆ।ਇਹ ਰੋਸ ਰੈਲੀ ਐਤਵਾਰ 11 ਜੂਨ, 2023 ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਪ੍ਰੌਗਰੈਸਿਵ ਕਲਾ ਮੰਚ ਕੈਲਗਰੀ, ਸ਼ਹੀਦ ਭਗਤ ਸਿੰਘ ਬੱੁਕ ਸੈਂਟਰ, ਯੰਗਸਤਾਨ ਕੈਲਗਰੀ ਦੇ ਸਹਿਯੋਗ ਨਾਲ਼ ਕੀਤੀ ਗਈ।ਇਸ ਮੌਕੇ ਤੇ ਮਾਸਟਰ ਭਜਨ ਸਿੰਘ ਨੇ ਬੋਲਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹਰਿਆਣੇ ਦੀਆਂ ਪਹਿਲਵਾਨ ਕੁੜੀਆਂ ਨਾਲ਼ ਰੈਸਲੰਿਗ ਫੈਡਰੇਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਵਲੋਂ ਕੀਤੇ ਜਾ ਰਹੇ ਜਿਣਸੀ ਸੋਸ਼ਣ ਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ।ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕਰਕੇ ਕੇਸ ਦਰਜ ਕੀਤੇ ਜਾਣ।ਉਨ੍ਹਾਂ ਤੋਂ ਇਲਾਵਾ ਇਸ ਮੌਕੇ ਤੇ ਬੋਲਦਿਆਂ, ਹਰਕੇਸ਼ ਚੌਧਰੀ ਨੇ ਕਿਹਾ ਕਿਹਾ ਕਿ ਰਾਜਸੀ ਕਾਰਨਾਂ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨੀ ਮੰਦਭਾਗਾ ਵਰਤਾਰਾ ਹੈ।ਸਰਕਾਰ ਨੂੰ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਲੜਕੀਆਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ।ਇਸ ਮੌਕੇ ਤੇ ਹਾਜਿਰ ਮੁਜ਼ਾਹਰਕਾਰੀਆਂ ਵਲੋਂ ਲਗਾਤਾਰ ਰੈਸਲਰ ਲੜਕੀਆਂ ਦੇ ਹੱਕ ਅਤੇ ਭਾਰਤ ਸਰਕਾਰ ਤੇ ਰੈਸਲਰ ਫੈਡਰੇਸ਼ਨ ਦੇ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ ਗਈ।ਸਰਬਸੰਮਤੀ ਨਾਲ਼ ਰੈਸਲਰ ਲੜਕੀਆਂ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ ਤੇ ਉਨ੍ਹਾਂ ਦੇ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਅਹਿਦ ਲਿਆ ਗਿਆ।ਖਿਡਾਰੀ ਜਗਤ ਨੂੰ ਰੈਸਲਰ ਔਰਤਾਂ ਦੇ ਹੋ ਰਹੇ ਜਿਣਸੀ ਸੋਸ਼ਣ ਖਿਲਾਫ ਲਾਮਬੰਦ ਹੋਣ ਦਾ ਸੱਦਾ ਦਿਤਾ ਗਿਆ।