Headlines

ਪ੍ਰਸਿੱਧ ਫਿਲਮੀ ਐਕਟਰ, ਲੇਖਕ, ਫਿਲਮਸਾਜ਼ ਤੇ ਨਿਰਦੇਸ਼ਕ ਮੰਗਲ ਢਿੱਲੋਂ ਨਹੀਂ ਰਹੇ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ) -ਪੰਜਾਬੀ ਤੇ ਹਿੰਦੀ ਫਿਲਮਾਂ ਦੇ ਨਾਮਵਰ ਅਦਾਕਾਰ, ਫਿਲਮ ਲੇਖਕ, ਫਿਲਮਸਾਜ਼ ਤੇ ਨਿਰਦੇਸ਼ਕ ਮੰਗਲ ਢਿੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਲਾਗਲੇ ਪਿੰਡ ਵਾਂਦਰ ਜਟਾਣਾ ਦੇ ਜੰਮਪਲ ਮੰਗਲ ਢਿੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਟ ਦੇ ਨਾਲ ਨਾਲ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਵਿਚ ਪੋਸਟ ਗ੍ਰੈਜੂਏਟ ਵੀ ਸਨ। ਉਨ੍ਹਾਂ ਦਿੱਲੀ ਵਿਚ ਬਹੁਤ ਸਮਾਂ ਥੀਏਟਰ ਕੀਤਾ ਤੇ ਇਸ ਦੇ ਨਾਲ ਹੀ ਟੈਲੀਵਿਜ਼ਨ ਦੇ ਕਈ ਸੀਰੀਅਲ ਜਿਵੇਂ  ਬੁਨਿਆਦ, ਜਨੂੰਨ, ਗਰੇਟ ਮਰਾਠਾ, ਕਿਸਮਤ, ਲਹੂ ਕੇ ਫੂਲ ਆਦਿ ਸੀਰੀਅਲ ਵਿਚ ਦਮਦਾਰ ਭੂਮਿਕਾਵਾਂ ਨਿਭਾਈਆਂ। ਓਹਨਾਂ ਨੂੰ ਟੀ ਵੀ ਸੀਰੀਅਲ ਜਨੂੰਨ ਲਈ ਰਾਪਾ ਵੱਲੋਂ ਬੈਸਟ ਐਕਟਰੈਸ ਦਾ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੰਦੀ ਫਿਲਮਾਂ ਜਿਵੇਂ ਖੂਨ ਭਰੀ ਮਾਂਗ, ਜ਼ਖ਼ਮੀ ਔਰਤ, ਦਇਆਵਾਨ, ਕਹਾਂ ਹੈ ਕਾਨੂੰਨ, ਆਪਣਾ ਦੇਸ਼ ਪ੍ਰਾਏ ਲੋਗ, ਨਾਕਾਬੰਦੀ, ਆਜ਼ਾਦ ਦੇਸ਼ ਦੇ ਗ਼ੁਲਾਮ, ਅੰਬਾ, ਨਿਆਂ ਅਨਿਆਂ ਆਦਿ ਫ਼ਿਲਮਾਂ ਵਿੱਚ ਵੀ ਯਾਦਗਾਰੀ ਰੋਲ ਕੀਤੇ। ਇਸ ਤੋਂ ਇਲਾਵਾ ਉਹਨਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਈ ਫਿਲਮਾਂ ਅਤੇ ਡਾਕੂਮੈਂਟਰੀਆਂ ਨਾਲ ਹੋਰ ਧਰਮਾਂ ਦੇ ਲੋਕਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ।