Headlines

ਕਿਲ੍ਹਾ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ੍ਰੀ ਅਨੰਦਪੁਰ ਸਾਹਿਬ:- 13 ਜੂਨ -ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਮਤਿ ਸਮਾਗਮ ਕਰਕੇ ਪੂਰਨ ਸਿੱਖੀ ਰਹੁ ਰੀਤਾਂ ਤੇ ਸਿੱਖ ਪਰੰਪਰਾਵਾਂ ਅਨੁਸਾਰ ਚੜ੍ਹਦੀਕਲਾ ’ਚ ਮਨਾਇਆ ਗਿਆ।

ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਗੁਰੂ ਕਾ ਬਾਗ਼ ਤੋਂ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਲਿਖਤੀ ਪ੍ਰੈਸਨੋਟ ਵਿਚ ਦਸਿਆ ਗਿਆ ਹੈ ਕਿ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਦਲ ਪੰਥ ਬੁੱਢਾ ਦਲ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਦੁਤੀ ਇਲਾਹੀ ਬਾਣੀ ਦੇ ਆਖੰਡ ਪਾਠ ਦੇ ਭੋਗ ਦੀ ਅਰਦਾਸ ਭਾਈ ਸੁਖਵਿੰਦਰ ਸਿੰਘ ਮੌਰ ਮੁੱਖ ਪ੍ਰਚਾਰਕ ਬੁੱਢਾ ਦਲ ਨੇ ਕੀਤੀ। ਉਪਰੰਤ ਗੁਰਬਾਣੀ ਦਾ ਮਨੋਹਰ ਕੀਤਰਨ ਨਿਹੰਗ ਸਿੰਘਾਂ ਦੇ ਵੱਖ-ਵੱਖ ਜਥਿਆਂ ਵੱਲੋਂ ਕੀਤਾ ਗਿਆ।ਪੰਥ ਦੇ ਪ੍ਰਸਿੱਧ ਢਾਡੀ ਜਥੇਦਾਰ ਭਾਈ ਲਖਵਿੰਦਰ ਸਿੰਘ ਪਾਰਸ ਨੇ ਗੁਰ ਇਤਿਹਾਸ ਗੁਰਬਾਣੀ ਵਿਖਿਆਨ ਰਾਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਨਾਮੱਤੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ।

ਇਸ ਸਮੇਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਅਤੇ ਸਢੋਰੇ ਨੂੰ ਜਿਤਣ ਉਪਰੰਤ ਸ਼ਿਵਾਲਿਕ ਪਹਾੜੀਆਂ ਦੇ ਪੈਰਾ ਵਿਚ ਉਚੀ ਥਾਂ ਉਤੇ ਉਸਾਰਿਆ ਇਹ ਕਿਲ੍ਹਾ ਮੁਖ਼ਲਿਸ ਗੜ੍ਹ (ਲੋਹਗੜ੍ਹ) ਨੂੰ ਆਪਣੀ ਪਹਿਲੀ ਰਾਜਧਾਨੀ ਬਣਾਇਆ। ਉਨ੍ਹਾਂ ਕਿਹਾ ਇਸ ਕਿਲ੍ਹੇ ਨੂੰ 16 ਹਜ਼ਾਰ ਘੋੜਚੜੇ ਅਤੇ ਪੈਦਲ ਸੈਨਿਕਾ ਨੇ ਕਈ ਮਹੀਨੇ ਘੇਰੀ ਰੱਖਿਆ ਪਰ ਕਿਲ੍ਹੇ ਤੇ ਕਬਜਾ ਨਾ ਹੋ ਸਕਿਆ। ਏਸੇ ਕਾਰਨ ਇਸ ਦਾ ਨਾਂ ਮੁਖਲਿਸਗੜ੍ਹ ਤੋਂ ਬਦਲ ਕੇ ਕਿਲ੍ਹਾ ਲੋਹਗੜ੍ਹ ਰਖਿਆ ਗਿਆ। ਪਹਿਲਾਂ ਇਹ ਕਿਲ੍ਹਾ ਸ਼ਾਹਜਹਾਨ ਬਾਦਸ਼ਾਹ ਦੇ ਆਦੇਸ ਨਾਲ ਮੁਖਲਿਸਖਾਨ ਨੇ ਬਣਾਇਆ ਸੀ। ਅੱਜ ਇਹ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਵਨੀ ਹੈ। ਉਨ੍ਹਾ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਲਾਸਾਨੀ ਤੇ ਅਦਭੁਤ ਹੈ ਇਸ ਦੀ ਮਿਸਾਲ ਕਿਸੇ ਹੋਰ ਇਤਿਹਾਸ ਵਿਚ ਨਹੀ ਮਿਲਦੀ ਹੈ। ਜਿਸ ਨਿਰਭੈਤਾ ਅਤੇ ਦਾਰਸ਼ਨਿਕ ਸੋਚ ਅਨੁਸਾਰ ਬੰਦਾ ਸਿੰਘ ਨੇ ਆਪਣੀ ਤੇ ਆਪਣੇ ਪੁੱਤਰ ਦੀ ਸ਼ਹਾਦਤ ਦਿਤੀ ਉਹ ਬੇਮਿਸਾਲ ਹੈ। ਸਮੱਚੀ ਕੌਮ ਉਨ੍ਹਾਂ ਵੱਲੋਂ ਕੀਤੇ ਸਾਨਾਮੱਤੇ ਕਾਰਜਾਂ ਤੇ ਮਾਣ ਅਭਿਨੰਦਨ ਦੇਂਦੀ ਹੈ। ਇਸ ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਆਪਣੇ ਜਥੇ ਸਮੇਤ ਗੁਰਦੁਆਰਾ ਤੰਬੂ ਸਾਹਿਬ ਪਾਤਸ਼ਾਹੀ ਪਹਿਲੀ ਕੋਪਾਲਮੋਚਨ ਅਤੇ ਗੁਰਦੁਆਰਾ ਅੰਗੀਠਾ ਸ਼ਹੀਦ ਬਾਬਾ ਤਪਾ ਸਿੰਘ ਜੀ ਛਛਰੋਲੀ ਵਿਖੇ ਵੀ ਉਚੇਚੇ ਤੌਰ ਤੇ ਪੁਜੇ ਅਤੇ ਛਾਵਨੀਆਂ ਦਾ ਨਿਰੀਖਣ ਕੀਤਾ। ਇਸ ਸਮੇਂ ਬਾਬਾ ਮਲੂਕ ਸਿੰਘ ਲਾਡੀ ਅਨੰਦਪੁਰ ਸਾਹਿਬ, ਬਾਬਾ ਸੁਖਵਿੰਦਰ ਸਿੰਘ ਮੌਰ ਦਮਦਮਾ ਸਾਹਿਬ, ਬਾਬਾ ਵਿਸਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਚਰਨ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਕਰਮ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਸਰਬਜੀਤ ਸਿੰਘ ਡੀ.ਸੀ, ਬਾਬਾ ਕੁਲਦੀਪ ਸਿੰਘ, ਬਾਬਾ ਗੁਰਪਾਲ ਸਿੰਘ, ਬਾਬਾ ਦਲੀਪ ਸਿੰਘ ਮਹੰਤ ਛਛਰੋਲੀ, ਬਾਬਾ ਗੋਰਾ ਸਿੰਘ ਕੋਪਾਲਮੋਚਨ ਸਮੇਤ ਅਨੇਕਾਂ ਨਿਹੰਗ ਸਿੰਘ ਸ਼ਾਮਲ ਸਨ।

ਫੋਟੋ ਕੈਪਸ਼ਨ:- ਕਿਲ੍ਹਾ ਲੋਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਸੰਬੋਧਨ ਕਰਦੇ ਹੋਏ।