Headlines

ਅਮਰੀਕਾ ਰਹਿੰਦੇ ਗੋਪੀ ਕੰਗ ਦੇ ਤਲਾਕ ਬਦਲੇ ਰਿਸ਼ਤੇਦਾਰਾਂ ਵੱਲੋਂ ਮੰਤਰੀ ਦੇ ਪੀ ਏ ਅਤੇ ਅਫ਼ਸਰਾਂ ਦੇ ਨਾਂਅ ‘ਤੇ ਮਾਰੀ ਠੱਗੀ

ਐਨਆਰਆਈ ਵਿੰਗ ਦੇ ਸਟੇਟ ਕਮਿਸ਼ਨਰ ਐੱਚ.ਐੱਸ ਢਿੱਲੋਂ ਨੇ ਤਰਨਤਾਰਨ ਪੁਲਿਸ ਨੂੰ ਦਿੱਤੇ ਮਾਮਲੇ ਦੀ ਜਾਂਚ ਦੇ ਆਦੇਸ਼
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,16 ਜੂਨ-
ਅਮਰੀਕਾ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਕੰਗ ਅਤੇ ਹਰਮਨਜੀਤ ਕੌਰ ਦਾ ਤਲਾਕ ਕਰਵਾਉਣ ਦੌਰਾਨ ਕੁਝ ਲੋਕਾਂ ਵੱਲੋਂ ਕਰੀਬ 50 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ।ਪੰਚਾਇਤੀ ਤੌਰ ’ਤੇ ਤਲਾਕਨਾਮੇ ਦੇ ਤਿਆਰ ਕੀਤੇ ਗਏ ਕਾਗਜ਼ਾਤਾਂ ਨਾਲ ਛੇੜਛਾੜ ਕਰਕੇ ਉਕਤ ਠੱਗੀ ਮਾਰੀ ਗਈ।ਇਸ ਸਬੰਧੀ ਐਨ.ਆਰ.ਆਈ. ਵਿੰਗ ਦੇ ਸਟੇਟ ਕਮਿਸ਼ਨਰ ਹਰਦੀਪ ਸਿੰਘ ਢਿੱਲੋਂ ਨੇ ਤਰਨਤਾਰਨ ਪੁਲਿਸ ਨੂੰ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਹਨ।ਅਮਰੀਕਾ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਕੰਗ ਦਾ ਵਿਆਹ 11 ਦਸੰਬਰ 2017 ਨੂੰ ਹਰਮਨਜੋਤ ਕੌਰ ਨਾਲ ਹੋਇਆ ਸੀ।ਵਿਆਹ ਤੋਂ ਬਾਅਦ ਉਨ੍ਹਾਂ ਘਰ ਇੱਕ ਬੱਚੇ ਫਤਿਹਬੀਰ ਸਿੰਘ ਨੇ ਜਨਮ ਲਿਆ।ਪਤੀ-ਪਤਨੀ ਦਰਮਿਆਨ ਅਕਸਰ ਤਕਰਾਰ ਰਹਿਣ ਲੱਗਾ।ਇਸ ਦੌਰਾਨ ਅਦਾਲਤੀ ਤਲਾਕ ਵਾਸਤੇ ਦੋਹਾਂ ਧਿਰਾਂ ਦੀ ਸਹਿਮਤੀ ਹੋਈ।ਪੰਚਾਇਤੀ ਤੌਰ ’ਤੇ ਇਕਰਾਰਨਾਮਾ ਕੀਤਾ ਗਿਆ।ਇਕਰਾਰਨਾਮੇ ਮੁਤਾਬਿਕ ਹਰਮਨਜੀਤ ਕੌਰ ਨੂੰ ਤਲਾਕ ਦੇਣ ਬਦਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਕੰਗ ਵੱਲੋਂ 45 ਲੱਖ ਰੁਪਏ ਦੀ ਰਾਸ਼ੀ ਦੇਣ ’ਤੇ ਸਹਿਮਤੀ ਬਣੀ।ਇਸ ਦੌਰਾਨ ਦੋਹਾਂ ਧਿਰਾਂ ਨਾਲ ਸੰਬੰਧਿਤ ਕੁਝ ਲੋਕਾਂ ਵੱਲੋਂ ਅਮਰੀਕਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਕੰਗ ਨੂੰ ਇੱਕ ਝੂਠਾ ਦਸਤਾਵੇਜ ਤਿਆਰ ਕਰਕੇ ਅਮਰੀਕਾ ਭੇਜਿਆ ਗਿਆ ਕਿ ਤਲਾਕ ਲਈ 65 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਹੈ।ਇਸ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਦੇ ਪੀ.ਏ. ਅਤੇ ਹੋਰਨਾਂ ਪੁਲਿਸ ਅਫ਼ਸਰਾਂ ਨੂੰ ਦੇਣ ਵਾਸਤੇ ਗੋਪੀ ਕੰਗ ਕੋਲੋਂ ਪੈਸੇ ਮੰਗਵਾਏ ਗਏ।ਇਹ ਸਾਰੇ ਪੈੇਸੇ ਗੋਪੀ ਕੰਗ ਨੇ ਆਪਣੀ ਕਰੀਬੀ ਮਹਿਲਾ ਰਿਸ਼ਤੇਦਾਰ ਦੇ ਖਾਤੇ ਰਾਹੀਂ ਭੇਜੇ।ਗੋਪੀ ਕੰਗ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਤੋਂ ਇਲਾਵਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਵੱਲੋਂ ਹੋਈ ਲੱਖਾਂ ਰੁਪਏ ਦੀ ਠੱਗੀ ਸਬੰਧੀ ਐਨ.ਆਰ.ਆਈ. ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਨੰਬਰ-4602 ਕੀਤੀ ਗਈ।ਕਮਿਸ਼ਨ ਦੇ ਮੈਂਬਰ ਐੱਚ.ਐੱਸ ਢਿੱਲੋਂ ਵੱਲੋਂ ਐੱਸ.ਐੱਸ.ਪੀ. ਤਰਨਤਾਰਨ ਨੂੰ ਆਦੇਸ਼ ਦਿੱਤਾ ਗਿਆ ਕਿ ਮਾਮਲੇ ਦੀ ਪੜ੍ਹਤਾਲ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਹੋਰ ਵੀ ਸ਼ਿਕਾਇਤਾਂ ਮਿਲੀਆ ਹਨ,ਜਿਨ੍ਹਾਂ ਦੀ ਜਾਂਚ ਡੀ.ਐੱਸ.ਪੀ. (ਸਪੈਸ਼ਲ) ਕਮਲਜੀਤ ਸਿੰਘ ਨੂੰ ਸੌਂਪੀ ਗਈ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।