Headlines

ਪ੍ਰੀਮੀਅਰ ਈਬੀ ਵਲੋਂ ਏਅਰ ਇੰਡੀਆ ਹਾਦਸੇ ਦੀ ਵਰੇਗੰਢ ਮੌਕੇ ਸ਼ਰਧਾਂਜਲੀ

ਵਿਕਟੋਰੀਆ – ਪ੍ਰੀਮੀਅਰ ਡੇਵਿਡ ਈਬੀ ਨੇ ਦਹਿਸ਼ਤਗਰਦੀ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ (National Day of Remembrance for Victims of Terrorism) ਦੇ ਮੌਕੇ ‘ਤੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ:

“ਇਸ ਸੰਜੀਦਾ ਦਿਨ ‘ਤੇ, ਅਸੀਂ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਉਹਨਾਂ ਕਨੇਡੀਅਨ ਲੋਕਾਂ ਨੂੰ ਯਾਦ ਕਰਦੇ ਹਾਂ, ਜੋ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਹਨ।

“ਅੱਜ ਤੋਂ ਅਠੱਤੀ ਸਾਲ ਪਹਿਲਾਂ ਏਅਰ ਇੰਡੀਆ ਦੀ ਫਲਾਈਟ 182 ਵਿੱਚ ਸਵਾਰ 329 ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਪੀੜਤਾਂ ਵਿਚ 280 ਕਨੇਡੀਅਨ ਸ਼ਾਮਲ ਸਨ। ਇਸ ਕਾਇਰਤਾਪੂਰਨ ਵਾਰਦਾਤ ਨੇ ਅਣਗਿਣਤ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ। ਦਹਿਸ਼ਤਗਰਦੀ ਦਾ ਸਦਮਾ ਘਟਨਾਵਾਂ ਵਾਪਰਣ ਤੋਂ ਲੰਬੇ ਸਮੇਂ ਬਾਅਦ ਤੱਕ ਰਹਿੰਦਾ ਹੈ।

“ਯਾਦਗਾਰੀ ਦਾ ਇਹ ਦਿਨ ਸਾਨੂੰ ਸਾਡੀ ਸਾਂਝੀ ਮਾਨਵਤਾ ਦੀ ਯਾਦ ਦਿਵਾਉਂਦਾ ਹੈ। ਇਹ ਸਾਨੂੰ ਕੁਝ ਪਲ ਰੁਕਣ ਅਤੇ ਹਿੰਸਾ ਰਾਹੀਂ ਗੁਆਚੀਆਂ ਜਾਨਾਂ ਦੇ ਦੁਖਾਂਤ ਨੂੰ ਯਾਦ ਕਰਨ ਦਾ ਵੀ ਮੌਕਾ ਦਿੰਦਾ ਹੈ।

“ਸਾਨੂੰ ਦਹਿਸ਼ਤਗਰਦੀ ਦੀਆਂ ਉਹਨਾਂ ਘਟਨਾਵਾਂ ਦੀ ਨਿੰਦਾ ਕਰਨ ਲਈ ਇੱਕਜੁੱਟ ਹੋਣ ਦੀ ਲੋੜ ਹੈ, ਜਿਨ੍ਹਾਂ ਦਾ ਉਦੇਸ਼ ਡਰ ਪੈਦਾ ਕਰਨਾ ਅਤੇ ਸਾਡੇ ਵਿੱਚ ਵੰਡ ਪਾਉਣਾ ਹੈ। ਇਕੱਠਿਆਂ ਮਿਲਕੇ, ਵਿਭਿੰਨਤਾ, ਨਿਰਪੱਖਤਾ ਅਤੇ ਆਦਰ ਦੀਆਂ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਕਰਕੇ, ਅਸੀਂ ਇੱਕ ਹੋਰ ਮਜ਼ਬੂਤ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।

“ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵੱਲੋਂ, ਮੈਂ ਉਹਨਾਂ ਸਾਰਿਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਦਹਿਸ਼ਤਗਰਦੀ ਕਾਰਨ ਦੁੱਖ ਅਤੇ ਨੁਕਸਾਨ ਝੱਲਿਆ ਹੈ। ਤੁਹਾਡੇ ਸੋਗ ਵਿੱਚ ਅਸੀਂ ਤੁਹਾਡੇ ਨਾਲ ਹਾਂ ਅਤੇ ਅਸੀਂ ਬ੍ਰਿਟਿਸ਼ ਕੋਲੰਬੀਆ ਨੂੰ ਇੱਕ ਬਿਹਤਰ, ਵਧੇਰੇ ਸੁਰੱਖਿਅਤ ਥਾਂ ਬਣਾਉਣ ਲਈ ਆਪਣਾ ਕੰਮ ਕਰਨਾ ਜਾਰੀ ਰੱਖਣ ਦਾ ਵਚਨ ਦਿੰਦੇ ਹਾਂ – ਇੱਕ ਅਜਿਹੀ ਥਾਂ ਜੋ ਡਰ ਤੋਂ ਮੁਕਤ ਹੋਵੇ।”