Headlines

ਨਿੱਝਰ ਦੇ ਕਤਲ ਦੇ ਸਬੰਧ ਵਿਚ ਸਿੱਖ ਐਮ ਪੀਜ਼ ਦਾ ਵਫਦ ਜਨਤਕ ਸੁਰੱਖਿਆ ਮੰਤਰੀ ਨੂੰ ਮਿਲਿਆ

ਮੰਤਰੀ ਨੇ ਮਾਮਲੇ ਦੀ ਜਾਂਚ ਤੇ ਸੁਰੱਖਿਆ ਦਾ ਭਰੋਸਾ ਦਿੱਤਾ-ਧਾਲੀਵਾਲ

ਸਰੀ- ਬੀਤੇ ਦਿਨ ਸਿੱਖ ਲਿਬਰਲ ਸੰਸਦ ਮੈਂਬਰਾਂ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ -ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਦੁਖਦਾਈ ਕਤਲ ਕਾਂਡ ਨੂੰ ਲੈ ਕੇ ਜਨਤਕ ਸੁਰੱਖਿਆ ਮੰਤਰੀ ਨਾਲ ਇਕ ਮੁਲਾਕਾਤ ਕੀਤੀ। ਇਸ ਸਬੰਧੀ  ਸਰੀ-ਨਿਊਟਨ ਤੋ ਲਿਬਰਲ ਐਮ ਪੀ ਸੁਖ ਧਾਲੀਵਾਲ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਸਿੱਖ ਭਾਈਚਾਰੇ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਲਈ ਕੰਮ ਕਰਨ ਦਾ ਭਰੋਸਾ ਦਿੱਤਾ ਹੈ।
ਧਾਲੀਵਾਲ ਦਾ ਕਹਿਣਾ ਹੈ ਕਿ ਕਾਕਸ ਮੈਂਬਰਾਂ ਨੂੰ ਮੰਤਰੀ ਨੇ  ਭਰੋਸਾ ਦਿਵਾਇਆ ਗਿਆ ਹੈ ਕਿ ਫੈਡਰਲ ਸਰਕਾਰ ਅਪਰਾਧਿਕ ਮਾਮਲੇ ਦੀ ਜਾਂਚ , ਸਿੱਖ ਭਾਈਚਾਰੇ ਅਤੇ ਕੈਨੇਡੀਅਨਾਂ ਦੀ ਸੁਰੱਖਿਆ ਲਈ ਸੁਰੱਖਿਆ ਏਜੰਸੀਆਂ ਨਾਲ ਕੰਮ ਕਰ ਰਹੀ ਹੈ। ਇਸੇ ਦੌਰਾਨ ਜਨਤਕ ਸੁਰੱਖਿਆ ਮੰਤਰੀ ਮੈਂਡੀਚੀਨੋ ਨੇ ਆਪਣੇ ਟਵਿੱਟਰ ‘ਤੇ ਕਿਹਾ ਕਿ ਉਹ ਸਰੀ ਧਾਰਮਿਕ ਸਥਾਨ  ‘ਤੇ ਵਾਪਰੀ ਹਿੰਸਾ ਦੀ ਘਟਨਾ ਤੋਂ “ਪ੍ਰੇਸ਼ਾਨ” ਹੈ। ਉਹਨਾਂ ਦਾ ਕਹਿਣਾ ਹੈ ਕਿ  ਸਾਰੇ ਕੈਨੇਡੀਅਨਾਂ ਨੂੰ ਆਪਣੀ ਧਾਰਮਿਕ ਸਥਾਨਾਂ ਦੀ ਸੁਰੱਖਿਅਾ ਅਤੇ ਹਿੰਸਾ ਤੋਂ ਮੁਕਤ ਰੱਖਣ ਦਾ ਵਿਸ਼ਵਾਸੀ ਹੋਣ ਦਾ ਹੱਕ ਹੈ।
ਉਹਨਾਂ ਕਿਹਾ  ਕਿ ਆਰਸੀਐਮਪੀ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਭਾਈਚਾਰੇ ਦੀ ਸਹਾਇਤਾ ਲਈ ਉਥੇ ਮੌਜੂਦ ਹੈ।
ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਝਰ, ਜੋਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ, ਭਾਰਤ ਵਿੱਚ ਇੱਕ ਸੁਤੰਤਰ ਸਿੱਖ ਰਾਜ ਖਾਲਿਸਤਾਨ ਦਾ ਹਮਾਇਤੀ ਸੀ, ਜਿੱਥੇ ਉਸ ਉੱਤੇ ਅੱਤਵਾਦ ਅਤੇ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਸਨ।
ਨਿੱਝਰ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ  ਹੈ ਕਿ ਨਿੱਝਰ ਦੀ ਗ੍ਰਿਫਤਾਰੀ ਲਈ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ ਇਨਾਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਨਿੱਝਰ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ।