Headlines

ਬੁੱਢਾ ਦਲ ਦੇ 14 ਵੇਂ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਯੂਰਪ ਦੌਰੇ ਤੇ

ਅੰਮ੍ਰਿਸਤਰ:- 24 ਜੂਨ -ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸ਼ਾਨਾਮੱਤੇ ਇਤਿਹਾਸ ਅਤੇ ਇਸ ਦੇ ਮਹਾਨ ਜਥੇਦਾਰਾਂ ਵੱਲੋਂ ਸਮੇਂ ਸਮੇਂ ਖਾਲਸਾ ਪੰਥ ਨੂੰ ਦਿਤੀ ਸੁਯੋਗ ਇਤਿਹਾਸਕ ਅਗਵਾਈ ਅਤੇ ਗੁਰੂ ਹੁਕਮਾਂ ਸਬੰਧੀ ਦਿੱਤੇ ਪਹਿਰੇ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਵਾਉਣ ਅਤੇ ਬਾਣੀ ਬਾਣੇ ਦੇ ਪ੍ਰਚਾਰ ਪ੍ਰਸਾਰ ਹਿੱਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅੱਜ ਕੱਲ ਬੀਤੀ 16 ਜੂਨ ਤੋਂ ਪੱਛਮੀ ਦੇਸ਼ਾਂ ਦੀ ਧਰਮ ਪ੍ਰਚਾਰ ਯਾਤਰਾ ਤੇ ਹਨ। ਵਿਦੇਸ਼ਾਂ ਵਿਚ ਰਹਿ ਰਹੀਆਂ ਸਿੱਖ ਸੰਗਤਾਂ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਇਤਿਹਾਸਕ ਜੰਗੀ ਸ਼ਸਤਰਾਂ ਦੇ ਦਰਸ਼ਨਾਂ ਅਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਵਿਚਾਰ ਸਰਵਣ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਲ ਦੇ ਹੈਡਕੁਆਟਰ ਤੋਂ ਜਾਰੀ ਪ੍ਰੈਸ ਨੋਟ ਰਾਹੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਿੰਦਿਆ ਕਿਹਾ ਕਿ ਅਮਰੀਕਾ ਵਿਖੇ 25 ਜੂਨ ਨੂੰ ਸਾਉਥਬੈਂਡ ਇੰਡਆਨਾ, 26 ਤੋਂ 27 ਜੂਨ ਨੂੰ ਨਿਊਯਾਰਕ ਸ਼ਹਿਰ, 28 ਤੋਂ 29 ਜੂਨ ਨੂੰ ਵਾਸ਼ਿਗਟੰਨ ਡੀ.ਸੀ. ਦੀਆਂ ਸੰਗਤਾਂ ਨਾਲ ਗੁਰਮਤਿ ਵਿਚਾਰ ਸਾਝੀਆਂ ਕਰਨਗੇ। ਸ. ਬੇਦੀ ਨੇ ਦਸਿਆ ਕਿ ਬੁੱਢਾ ਦਲ ਦੇ 14 ਵੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੀਤੀ 16-17 ਜੂਨ ਨੂੰ ਸ਼ਿਕਾਗੋ ਅਤੇ 18-19 ਜੂਨ ਨੂੰ ਮਿਲਵਾਕੀ, 20 ਜੂਨ ਨੂੰ ਮੋਲਾਈਨ ਦੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਝੀਆਂ ਕਰ ਚੁੱਕੇ ਹਨ। ਸ. ਬੇਦੀ ਅਨੁਸਾਰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 30 ਜੂਨ ਅਤੇ ਪਹਿਲੀ ਜੁਲਾਈ ਨੂੰ ਵੈਨਕੂਵਰ ਕਨੇਡਾ ਅਤੇ 2 ਅਤੇ 3 ਜੁਲਾਈ ਨੂੰ ਟਰਾਂਟੋ ਕਨੇਡਾ ਵਿਚ ਸੰਗਤਾਂ ਦੇ ਦਰਸ਼ਨ ਕਰਨਗੇ ਅਤੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੁੰ ਕਰਵਾਉਣਗੇ। ਉਨ੍ਹਾਂ ਦੇ ਨਾਲ ਬਾਬਾ ਜਸਵਿੰਦਰ ਸਿੰਘ ਜੱਸੀ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਸ਼ੇਰ ਸਿੰਘ ਤੇ ਹੋਰ ਪ੍ਰਮੱਖ ਸਿੱਖ ਪ੍ਰਚਾਰਕ ਵਿਦਵਾਨ ਸ਼ਾਮਲ ਹਨ।