Headlines

ਜ਼ਿੰਦਗੀ ਦੇ ਰੂਬਰੂ ..ਅਸੀਂ ਆਉਂਦੇ ਰਹਾਂਗੇ…..

ਬਸੰਤ ਮੋਟਰ ਵਾਲੇ ਬਲਦੇਵ ਸਿੰਘ ਬਾਠ ਦੇ ਵਿਹੜੇ ਮਨਾਈ ਇਕ ਸੁਨਹਿਰੀ ਸ਼ਾਮ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬਸੰਤ ਮੋਟਰਜ਼ ਸਰੀ ਦੇ ਮਾਲਕ, ਸਮਾਜ ਸੇਵੀ ਤੇ ਸਾਹਿਤ ਪ੍ਰੇਮੀ ਸ ਬਲਦੇਵ ਸਿੰਘ ਬਾਠ ਦੇ ਫਾਰਮ ਹਾਊਸ ਦੇ ਖੁੱਲੇ ਵਿਹੜੇ ਵਿੱਚ ਸਵਰਗੀ ਨੌਜਵਾਨ ਵਿਵੇਕ ਪੰਧੇਰ ਦੀ ਯਾਦ ਵਿਚ  “ਜ਼ਿੰਦਗੀ ਦੇ ਰੂਬਰੂ” ਦਾ ਛੇਵਾਂ ਪ੍ਰੋਗਰਾਮ ਪ੍ਰਸਿੱਧ ਪੰਜਾਬੀ ਸਾਹਿਤਕਾਰ ਭਰਾਵਾਂ ਦੀ ਜੋੜੀ ਨਵਤੇਜ ਭਾਰਤੀ-ਅਜਮੇਰ ਰੋਡੇ ਤੇ ਕਵੀ ਜਸਵੰਤ ਜ਼ਫਰ ਦੇ ਮਾਣ ਵਿਚ ਆਯੋਜਿਤ ਕੀਤਾ ਗਿਆ। ਸ ਬਲਦੇਵ ਸਿੰਘ ਬਾਠ ਦੇ ਸਵਾਗਤੀ ਸ਼ਬਦਾਂ ਦੇ ਨਾਲ ਪ੍ਰੋ ਹਰਿੰਦਰ ਸੋਹੀ ਦੀ ਸੁਚੱਜੀ ਮੰਚ ਸੰਚਾਲਨ ਯੋਗਤਾ, ਬੌਧਿਕ , ਸਾਹਿਤਕ ਤੇ ਕਲਾਕਾਰ ਬੁਲਾਰਿਆਂ ਦੇ ਵਿਚਾਰਾਂ ਤੇ ਪ੍ਰਤਿਭਾ ਦਰਮਿਆਨ ਸ਼ੁਰੁਆਤ ਤੋ ਆਖਰੀ ਸਮੇਂ ਤੱਕ ਆਪਣੇ ਜਲੌਅ ਸਮੇਤ ਹਾਜ਼ਰ ਰਹੀ।  ਪ੍ਰੋਗਰਾਮ ਵੇਖਣ ਤੇ ਸੁਣਨ ਦੌਰਾਨ ਅਹਿਸਾਸ ਤਾਰੀ ਰਿਹਾ ਕਿ ਜ਼ਿੰਦਗੀ ਨੂੰ ਖ਼ੂਬਸੂਰਤ ਤੇ ਆਨੰਦਮਈ ਢੰਗ ਨਾਲ  ਜਿਊਣ ਦਾ ਸਲੀਕਾ ਸਿੱਖਣਾ ਵੀ ਮਨੁੱਖ ਦਾ ਹਾਸਲ ਹੈ।

ਪ੍ਰੋਗਰਾਮ ਦੌਰਾਨ ਸਭ ਤੋ ਪਹਿਲਾਂ ਨਾਮਵਰ ਕਵੀ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਵਲੋਂ ਸਾਂਝੇ ਰੂਪ ਵਿਚ ਆਪਣੀ ਵੱਡ ਆਕਾਰੀ ਪੁਸਤਕ ਲੀਲਾ ਦਾ ਹਿੰਦੀ ਐਡੀਸ਼ਨ ਹਾਜ਼ਰੀਨ ਦੇ ਰੂਬਰੂ ਕਰਦਿਆਂ ਇਸਦੇ ਦੂਸਰੇ ਐਡੀਸ਼ਨ ਵਿਚ ਬਲਦੇਵ ਸਿੰਘ ਬਾਠ ਵਲੋਂ ਪਾਏ ਗਏ ਯੋਗਦਾਨ ਲਈ ਧੰਨਵਾਦ ਕੀਤਾ। ਨਵਤੇਜ ਭਾਰਤੀ ਹੁਰਾਂ ਆਪਣੀ ਇਕ ਪ੍ਰਸਿਧ ਨਜ਼ਮ ਘੱਗਰੀ ਵਾਲੀ ਸਾਂਝੀ ਕੀਤੀ। ਉਘੇ ਇਤਿਹਾਸਕਾਰ ਤੇ ਵਿਦਵਾਨ  ਪ੍ਰੋ ਕਸ਼ਮੀਰਾ ਸਿੰਘ ਨੇ ਇਤਿਹਾਸਕ ਹਵਾਲਿਆਂ ਨਾਲ ਜ਼ਿੰਦਗੀ ਦੇ ਰੂਬਰੂ ਹੁੰਦਿਆਂ ਪਰਿਵਾਰਕ ਖੁਸ਼ੀਆਂ ਦੀ ਪ੍ਰਾਪਤੀ ਨੂੰ ਹੀ ਸਮਾਜਿਕ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ। ਮਾਨਵੀ ਦੰਭ ਤੇ ਸਮਾਜਿਕ ਅਲਾਮਤਾਂ ਨੂੰ ਆਪਣੇ ਨਿਵੇਕਲੇ ਕਾਵਿਕ ਅੰਦਾਜ਼ ਰਾਹੀ ਮੁਖਾਤਿਬ ਹੋਣ ਵਾਲੇ ਕਵੀ ਜਸਵੰਤ ਜ਼ਫਰ ਨੇ ਮਾਨਵੀ ਸੋਚ ਨੂੰ ਝੰਜੋੜਨ ਵਾਲੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ । ਉਘੇ ਨਾਟਕਕਾਰ ਸਾਹਿਬ ਸਿੰਘ ਨੇ ਪੰਜਾਬੀ ਰੰਗਮੰਚ ਦੇ ਇਤਿਹਾਸ ਤੇ ਵਿਕਾਸ ਦੇ ਨਾਲ ਸਮਾਜਿਕ ਕੁਰੀਤੀਆਂ ਨੂੰ ਬੇਪਰਦ ਕਰਨ ਅਤੇ ਨਰੋਏ ਸਮਾਜ ਦੀ ਉਸਾਰੀ ਵਿਚ ਪਾਏ ਜਾ ਰਹੇ ਯੋਗਦਾਨ ਤੇ ਭੂਮਿਕਾ ਦੀ ਗੱਲ ਕੀਤੀ। ਪ੍ਰਸਿਧ ਪੰਜਾਬੀ ਫਿਲਮੀ ਕਲਾਕਾਰ ਰਾਣਾ ਰਣਬੀਰ ਨੇ ਸ ਬਲਦੇਵ ਸਿੰਘ ਬਾਠ ਨਾਲ ਚਾਚਾ-ਭਤੀਜ ਵਾਲੇ ਰਿਸ਼ਤੇ ਦੀ ਪੀਡੀ ਹੋਈ ਗੰਢ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਜਿੰਦਗੀ ਜਿਉਣ ਦੇ ਸਲੀਕੇ ਤੇ ਇਸਨੂੰ ਹੋਰ ਸੋਹਣਾ ਤੇ ਸੁਖਦਾਈ ਬਣਾਉਣ ਲਈ ਨਿੱਕੀਆਂ ਨਿੱਕੀਆਂ ਛੋਹਾਂ ਵਿਚ ਛੁਪੇ ਵੱਡੇ ਅਰਥਾਂ ਦੀ ਥਾਹ ਪਾਉਣ ਦਾ ਰਾਜ਼ ਦੱਸਿਆ। ਪ੍ਰੋਗਰਾਮ ਦੇ ਆਖਰ ਵਿਚ ਸ ਬਲਦੇਵ ਸਿੰਘ ਬਾਠ ਤੇ ਰਾਣਾ ਰਣਬੀਰ ਨੇ ਮਹਿਮਾਨਾਂ ਤੇ ਵਿਦਵਾਨ ਸੱਜਣਾਂ ਦਾ ਧੰਨਵਾਦ ਕਰਦਿਆਂ ਮਾਈਕ ਉਪਰ ਸਾਂਝੀ ਤਰੰਨੁਮ -ਅਸੀ ਆਉਂਦੇ ਰਹਾਂਗੇ….ਨੂੰ ਹਵਾਵਾਂ ਵਿਚ ਮਹਿਕ ਵਾਂਗ ਬਖੇਰਦਿਆਂ ਮੁੜ ਜ਼ਿੰਦਗੀ ਦੇ ਰੂਬਰੂ ਹੋਣ ਦਾ ਵਾਅਦਾ ਕੀਤਾ।  ਹੋਰ ਬੁਲਾਰਿਆਂ ਵਿਚ ਡਾ ਸਾਧੂ ਸਿੰਘ, ਡਾ ਸਾਧੂ ਬਿਨਿੰਗ,  ਪ੍ਰੋ ਪ੍ਰਿਥੀਪਾਲ ਸਿੰਘ ਸੋਹੀ, ਉਘੀ ਸ਼ਾਇਰਾ ਸੁਰਜੀਤ ਕਲਸੀ,  ਨਾਰੀ ਹੱਕਾਂ ਦੀ ਮੁਹਰੈਲ ਮੀਰਾ ਗਿੱਲ, ਉਘੀ ਰੇਡੀਓ ਹੋਸਟ ਨਵਜੋਤ ਢਿੱਲੋਂ, ਮਨਜੀਤ ਕੰਗ, ਸ ਹਰਪ੍ਰੀਤ ਸਿੰਘ, ਇੰਦਰਜੀਤ ਧਾਮੀ, ਪ੍ਰੋ ਗਿੱਲ,ਬਚਨ ਖੁੱਡੇਆਲਾ, ਗਾਇਕ ਹਰਮਨ ਤੇ ਕਈ ਹੋਰ ਉਹ ਸ਼ਾਮਲ ਸਨ ਜੋ ਜ਼ਿੰਦਗੀ ਦੇ ਰੂਬਰੂ ਹੁੰਗਾਰਾ ਬਣੇ ਕਿ ਜ਼ਿੰਦਗੀ ਦੀ ਬਾਤ ਇੰਜ ਹੀ ਤੁਰਦੀ ਰਹੇ। ਜ਼ਿੰਦਗੀ ਜ਼ਿੰਦਾਬਾਦ….ਸੁਖਵਿੰਦਰ ਸਿੰਘ ਚੋਹਲਾ