Headlines

ਸਿੰਗਾਪੁਰ ‘ਚ ਭਾਰਤ ਦੀ ਜੰਗੇ ਆਜਾਦੀ ਦੇ ਪਹਿਲੇ ਸ਼ਹੀਦ -ਬਾਬਾ ਭਾਈ ਮਹਾਰਾਜ ਸਿੰਘ ਜੀ ਨੌਰੰਗਾਬਾਦ     

-ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ-ਗੁਰੂ ਕੀ ਵਡਾਲੀ 9988066466-

ਸਿੱਖ ਰਾਜ ਦੇ ਪਤਨ ਦਾ ਆਰੰਭ ਅਤੇ ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਨੌਰੰਗਾਬਾਦ ਸੰਪਰਦਾ ਦਾ ਜਾਨਸ਼ੀਨ ਥਾਪਣਾ*

ਸਾਂਝੇ ਪੰਜਾਬ ‘ਤੇ ਲਗਭਗ 50 ਸਾਲ ਵਧੀਆ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839 ਈ:) ਤੋਂ ਬਾਅਦ ਗਦਾਰ ਡੋਗਰਿਆਂ ਨੇ ਅੰਗਰੇਜ਼ਾਂ ਨਾਲ ਮਿਲਕੇ ਸ਼ੇਰੇ ਪੰਜਾਬ ਦੇ ਸਿੱਖ ਸਰਦਾਰਾਂ ਵਿੱਚ ਭਰਾ ਮਾਰੂ ਜੰਗ ਕਰਵਾਕੇ ਪੰਜਾਬ ਦੇ ਰਾਜ ਭਾਗ ਨੂੰ ਤਬਾਹ ਕਰਨ ‘ਚ ਅਹਿਮ ਯੋਗਦਾਨ ਪਾਇਆ । ਮਹਾਰਾਜਾ ਰਣਜੀਤ ਸਿੰਘ ਦੇ ਦੁੱਖੀ ਹੋਏ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ, ਕੰਵਰ ਪਸ਼ੌਰਾ ਸਿੰਘ ਅਤੇ ਹੋਰ ਮੁੱਖੀ ਸਰਦਾਰ ਤੇ ਸਰਦਾਰਾਂ ਦੇ ਪੁੱਤਰ ਤਪੱਸਵੀ ਮਹਾਂਪੁਰਸ਼ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦੀ ਸ਼ਰਨ ‘ਚ ਡੇਰਾ ਮੁੱਠਿਆਂਵਾਲੀ ਨੇੜੇ ਹਰੀਕੇ ਪੱਤਣ ਆ ਗਏ ਸਨ । ਬਾਬਾ ਜੀ ਵਲੋਂ ਸ਼ਰਨ ਆਇਆਂ ਨੂੰ ਗਦਾਰਾਂ ਦੇ ਹਵਾਲੇ ਨਾ ਕਰਨ ‘ਤੇ ਗਦਾਰਾਂ ਵਲੋਂ ਬਹੁਤ ਵੱਡੀ ਫੌਜ ਤੇ ਤੋਪਾਂ ਨਾਲ ਮੁੱਠਿਆਂਵਾਲੀ ਡੇਰੇ ਤੇ ਹੱਮਲਾ ਕਰ ਦਿੱਤਾ ਪਰ ਬਾਬਾ ਜੀ ਨੇ ਆਪਣੀਆਂ ਫੌਜਾਂ ਨੂੰ ਸ਼ਾਂਤਮਈ ਰਹਿਣ ਦਾ ਹੁਕਮ ਕੀਤਾ ਹੋਣ ਕਰਕੇ ਵੱਡੀ ਗਿਣਤੀ ਵਿਚ ਫੌਜਾਂ ਤੇ ਸੰਗਤਾਂ ਨੇ ਸਿਮਰਨ ਕਰਦਿਆਂ ਸ਼ਾਤਮਈ ਸ਼ਹੀਦੀਆਂ ਪਾਈਆਂ ਸਨ । ਇਸ ਹਮਲੇ ਦੌਰਾਨ ਬਾਬਾ ਜੀ ਦੇ ਪੱਟ ਤੇ ਵੀ ਤੋਪ ਦਾ ਗੋਲਾ ਵੱਜਾ । ਬਾਬਾ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆ ਜਾਣ ਕਰਕੇ ਲੰਗਰ ਦੀ ਸੇਵਾ ਕਮਾ ਰਹੇ ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਕੋਲ ਸੱਦ ਕੇ ਨੌਰੰਗਾਬਾਦ ਡੇਰੇ ਦੀ ਸਾਰੀ ਮਰਿਆਦਾ ਸਮਝਾਉਂਦੇ ਹੋਏ ਸੰਪਰਦਾ ਦੀਆਂ ਬਖਸ਼ਿਸ਼ਾ ਭੇਟ ਕਰਕੇ 7 ਮਈ 1844 ਈ: ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ ਸੀ । ਇਸੇ ਦਿਨ ਹੀ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਏ ।                                       —*ਭਾਈ ਮਹਾਰਾਜ ਸਿੰਘ ਜੀ ਵੱਲੋਂ ਹਥਿਆਰਬੰਦ ਸੰਘਰਸ਼ ਲੜਨ ਦਾ ਨਿਰਣਾ*

-ਜਦ ਅੰਗਰੇਜਾਂ ਨੇ ਪੰਜਾਬ ਵਿਚ ਸਿੱਧਾ ਦਖਲ ਦੇਣਾ ਸੁਰੂ ਕਰ ਦਿਤਾ ਤਾਂ ਬਾਬਾ ਭਾਈ ਮਹਾਰਾਜ ਸਿੰਘ ਜੀ ਨੇ ਅੰਗਰੇਜਾਂ ਵਿਰੁੱਧ ਹਥਿਆਰਬੰਦ ਸੰਘਰ਼ਸ਼ ਦਾ ਬਿਗਲ ਵਜਾ ਦਿਤਾ । ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਾਲਕ ਕੰਵਰ ਦਲੀਪ ਸਿੰਘ ਨੂੰ ਅੰਗਰੇਜਾਂ ਦੇ ਕਬਜੇ ਤੋਂ ਮੁਕਤ ਕਰਵਾਉਂਣ ਅਤੇ ਮਹਾਰਾਣੀ ਜਿੰਦਾਂ ਨੂੰ ਕੈਦ ਵਿਚੋਂ ਛਡਾਉਂਣ ਹਿੱਤ ਜਲੰਧਰ ਨੇੜੇ ਆਦਮਪੁਰ ਵਿਖੇ ਖੇਤਾਂ ਦੀਆਂ ਝਾੜੀਆਂ ‘ਚ ਸਾਥੀਆਂ ਨਾਲ ਹਥਿਆਰ ਲੁੱਟਣ ਦੀ ਵਿਉਂਤ ਬਣਾ ਰਹੇ ਬਾਬਾ ਭਾਈ ਮਹਾਰਾਜ ਸਿੰਘ ਜੀ ਤੇ 21 ਹੋਰ ਸਾਥੀਆਂ ਨੂੰ ਗਦਾਰਾਂ ਨੇ ਸੂਹ ਦੇ ਕੇ ਗ੍ਰਿਫਤਾਰ ਕਰਵਾ ਦਿਤਾ । ਕੁਝ ਸਮੇਂ ਬਾਅਦ ਆਪ ਜੀ ਨੂੰ ਇਕ ਨਿਜੀ ਸੇਵਕ ਬਾਬਾ ਖੜਕ ਸਿੰਘ ਨਾਲ ਪਹਿਲਾਂ ਕਲਕੱਤੇ ਜੇਲ ‘ਚ ਰੱਖਣ ਤੋਂ ਬਾਅਦ ਦੇਸ਼ ਤੋਂ ਜਲਾਵਤਨ ਕਰਕੇ 9 ਜੁਲਾਈ 1850 ਈ: ਨੂੰ ‘ਮੁਹੰਮਦ ਸ਼ਾਹ’ ਨਾਮੀ ਸਮੁੰਦਰੀ ਜਹਾਜ ਰਾਹੀਂ ਵਿਦੇਸ਼ ਦੀ ਧਰਤੀ ਸਿੰਗਾਪੁਰ ਲਿਜਾਇਆ ਗਿਆ ਜਿੱਥੇ ਅੰਗਰੇਜਾਂ ਦਾ ਰਾਜ ਸੀ ।

*ਸਿੰਗਾਪੁਰ ਜਲਾਵਤਨੀ ਦੌਰਾਨ ਬਾਬਾ ਭਾਈ ਮਹਾਰਾਜ ਸਿੰਘ ਜੀ ਸ਼ਹੀਦੀ ਪਾ ਗਏ-

ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਅੰਗਰੇਜ਼ੀ ਸਰਕਾਰ ਵਲੋਂ ਸਿੰਗਾਪੁਰ ਦੀ ਬਹੁਤ ਹੀ ਖ਼ਤਰਨਾਕ ਔਟਰਮ ਜੇਲ ਦੀ ਕਾਲ ਕੋਠੜੀ ਵਿੱਚ ਬੰਦੀ ਬਣਾ ਲਿਆ ਗਿਆ ਅਤੇ ਆਪ ਜੀ ਦੀ ਨਿਗਰਾਨੀ ਅਤੇ ਸੇਵਾ ਵਿੱਚ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਆਪ ਜੀ ਦੇ ਨਾਲ ਆਏ ਨਿਜੀ ਸੇਵਕ ਬਾਬਾ ਖੜਕ ਸਿੰਘ ਜੀ ਨੂੰ ਵੀ ਲਾਇਆ ਗਿਆ । ਬਰਤਾਨਵੀਂ ਸਰਕਾਰ ਨੇ ਬਾਬਾ ਭਾਈ ਮਹਾਰਾਜ ਸਿੰਘ ਜੀ ਨੂੰ ਭਾਰਤ ਦੀ ਅਜ਼ਾਦੀ ਦਾ ਰਾਹ ਛੱਡ ਦੇਣ ਕਈ ਤਰ੍ਹਾਂ ਦੇ ਲਾਲਚ ਦੇਕੇ ਮਨਾਉਣ ਦਾ ਯਤਨ ਕੀਤਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸੰਤ ਸਿਪਾਹੀ ਨੇ ਦੇਸ਼ ਨਾਲ ਗ਼ਦਾਰੀ ਕਰਨ ਵਾਲਾ ਰਾਹ ਨਾ ਚੁਣਿਆ ਅਤੇ ਅੰਗਰੇਜ਼ੀ ਸਰਕਾਰ ਨੂੰ ਨਿਡਰਤਾ ਨਾਲ ਬਚਨ ਕੀਤੇ ਕਿ “ਉਨ੍ਹਾਂ ਨੇ ਅੰਗਰੇਜਾਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਸਮ ਖਾਧੀ ਹੋਈ ਹੈ”। ਆਪ ਜੀ ਨੂੰ ਜੇਲ੍ਹ ਦੀ ਕਾਲ ਕੋਠੜੀ ਵਿੱਚ ਬਹੁਤ ਤਸੀਹੇ ਦਿੱਤੇ ਗਏ । ਖਾਣੇ ਵਿਚ ਕੱਚ ਪੀਹ ਕੇ ਪਾ ਦੇਣਾ, ਬਿਨ੍ਹਾ ਹਵਾ ਚਾਨਣ ਵਾਲੇ ਛੋਟੇ ਜਿਹੇ ਕਮਰੇ ਵਿਚ ਰੱਖਣਾ, ਕਿਸੇ ਨੂੰ ਮਿਲਣ ਨਾ ਦੇਣਾ, ਨਿਜੀ ਸੇਵਕ ਬਾਬਾ ਖੜਕ ਸਿੰਘ ਨੂੰ ਵੱਖ ਕਰ ਦੇਣਾ ਆਦਿ ਵਰਗੇ ਤਸੀਹੇ ਵੀ ਆਜ਼ਾਦੀ ਦੇ ਪਰਵਾਨੇ ਨੂੰ ਡੋਲਾਅ ਨਾ ਸਕੇ । ਜੇਲ ਵਿੱਚ ਹੀ ਆਪ ਜੀ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ ਤੇ ਦੰਦਾਂ ਤੇ ਕੈਂਸਰ ਦੀ ਭਿਆਨਕ ਬਿਮਾਰੀ ਲੱਗ ਜਾਣ ‘ਤੇ ਵੀ ਚੜਦੀ ਕਲਾ ਵਿਚ ਰਹਿ ਕੇ ਗੁਰਬਾਣੀ ਦਾ ਪਾਠ ਅਤੇ ਲਗਾਤਾਰ ਸਿਮਰਨ ਕਰਕੇ ਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ । ਲਗਾਤਾਰ 6 ਸਾਲ ਦਾ ਦੁੱਖਾਂ ਭਰਿਆ ਸਮਾਂ ਜੇਲ ਦੀ ਕਾਲ ਕੋਠੜੀ ਵਿਚ ਬਤੀਤ ਕਰਦੇ ਹੋਏ ਕੀਤਾ ਅੰਤ 5 ਜੁਲਾਈ 1856 ਈ: ਨੂੰ ਹਕੂਮਤ ਦੀਆਂ ਨਾਪਾਕ ਚਾਲਾਂ ਨੂੰ ਠੁਕਰਾ ਕੇ ਜੇਲ ਵਿਚ ਸ਼ਹੀਦੀ ਪਾ ਗਏ ਸਨ । ਆਪ ਜੀ ਨੂੰ ਭਾਰਤ ਦੀ ਜੰਗੇ ਆਜ਼ਾਦੀ ਦੇ ਪਹਿਲੇ ਜਲਾਵਤਨੀ ਸ਼ਹੀਦ ਹੋਣ ਦਾ ਮਾਣ ਮਿਲਿਆ ਹੈ । ਸ਼ਹੀਦੀ ਪਾਉਣ ਵਾਲੇ ਦਿਨ ਤੱਕ ਆਪ ਜੀ ਉਮਰ 76 ਸਾਲ 5 ਮਹੀਨੇ 22 ਦਿਨ ਸੀ ।

*ਸਿੰਗਾਪੁਰ ਵਿਖੇ ਯਾਦਗਾਰੀ ਸ਼ਹੀਦੀ ਅਸਥਾਨ ‘ਤੇ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ-

ਬਾਬਾ ਭਾਈ ਮਹਾਰਾਜ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਰੱਖਣ ਲਈ ਸਿੰਗਾਪੁਰ ਦੇ ਸਿੱਖਾ ਨੇ ਸਿਲਟ ਰੋਡ ਵਿਖੇ ਆਪ ਜੀ ਦੀ ਯਾਦ ਵਿਚ ਬਹੁਤ ਹੀ ਅਲੀਸ਼ਾਨ ਗੁ: ਸਾਹਿਬ ਬਣਾਇਆ ਹੋਇਆ ਹੈ ਜਿਥੇ ਹਰ ਸਾਲ 5 ਜੁਲਾਈ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਸਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ । ਇਥੇ ਇਹ ਵਰਨਣਯੋਗ ਹੈ ਕੀ ਬਾਬਾ ਭਾਈ ਮਹਾਰਾਜ ਸਿੰਘ ਜੀ ਦਾ ਜਨਮ 13 ਜਨਵਰੀ 1780 ਈ: ਨੂੰ ਲੁਧਿਆਣਾ (ਪੰਜਾਬ) ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋਂ-(ਮਲੌਦ) ਵਿਖੇ ਮਾਤਾ ਦਇਆ ਕੌਰ ਤੇ ਪਿਤਾ ਸਰਦਾਰ ਕੇਸਰ ਸਿੰਘ ਦੇ ਘਰ ਹੋਇਆ ਸੀ । ਬਾਬਾ ਬੀਰ ਸਿੰਘ ਨੌਰੰਗਾਬਾਦ (ਤਰਨਤਾਰਨ) ਦੀ ਸੰਗਤ ‘ਚ ਆਕੇ ਲੰਗਰ ਵਰਤਾਉਂਦਿਆਂ ਹਰੇਕ ਸੰਗਤ ਨੂੰ ‘ਲਓ ਪ੍ਰਸ਼ਾਦਾ ਮਹਾਰਾਜ ਜੀ’, ‘ਲਓ ਜਲ ਮਹਾਰਾਜ ਜੀ’ ਸੰਬੋਧਨ ਕਰਨ ਕਰਕੇ ਆਪ ਜੀ ਦਾ ਨਾਮ ‘ਬਾਬਾ ਭਾਈ ਮਹਾਰਾਜ’ ਪੱਕ ਗਿਆ ਸੀ ।