Headlines

ਚੋਹਲਾ ਸਾਹਿਬ ਵਿਖੇ ਬਾਬਾ ਭਾਈ ਅਦਲੀ ਜੀ ਦਾ ਜੋੜ ਮੇਲਾ ਮਨਾਇਆ

ਬਾਬਾ ਬੁੱਢਾ ਵੰਸ਼ਜ ਪ੍ਰੋ ਨਿਰਮਲ ਸਿੰਘ ਦਾ ਪ੍ਰਬੰਧਕਾਂ ਵਲੋਂ ਕ ਸਨਮਾਨ –

ਛੇਹਰਟਾ (ਰਾਜ-ਤਾਜ ਰੰਧਾਵਾ)-ਧੰਨ ਧੰਨ ਬ੍ਰਹਮਗਿਆਨੀ ਬਾਬਾ ਭਾਈ ਅਦਲੀ ਜੀ ਦੇ ਤੱਪ ਅਸਥਾਨ ਚੋਹਲਾ ਸਾਹਿਬ ਵਿਖੇ ਗੁ: ਸਾਹਿਬ ਦੇ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ‌। ਵੱਖ ਵੱਖ ਸ਼ਰਧਾਵਾਨ ਸੰਗਤਾਂ ਵਲੋਂ ਗੁ: ਸਾਹਿਬ ਵਿਖੇ ਰੱਖਵਾਏ ਗਏ 14 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਰੋਵਰ ਦੇ ਨੇੜੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਇਆ ਗਿਆ । ਸੱਜੇ ਦੀਵਾਨ ਵਿਚ ਪ੍ਰਸਿਧ ਰਾਗੀਆਂ, ਢਾਡੀਆਂ, ਕਵਿਸਰਾਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾਕੇ ਨਿਹਾਲ ਕੀਤਾ । ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ-ਛੇਹਰਟਾ ਨੇ ਬਾਬਾ ਭਾਈ ਅਦਲੀ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ । ਪ੍ਰੋ: ਬਾਬਾ ਰੰਧਾਵਾ ਨੇ ਆਪਣੇ ਬਚਨਾ ‘ਚ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਸ਼ਰਧਾਵਾਨ ਮਾਈ ਤੋਂ ਸਵਾਦਿਸ਼ਟ ਭੋਜਨ ਛੱਕਕੇ ਭੈਣੀ ਪਿੰਡ ਦਾ ਨਾਮ ‘ਚੋਹਲਾ’ ਰੱਖਕੇ ਪਿੰਡ ਨੂੰ ਵਰ ਦਿੱਤਾ “ਚੋਹਲਾ ਗੁਰੂ ਕਾ ਓਹਲਾ” । ਬਾਬਾ ਭਾਈ ਅਦਲੀ ਜੀ ਨੇ ਬਾਬਾ ਬਿੱਧੀ ਚੰਦ ‘ਤੇ ਮਿਹਰ ਕਰਕੇ ਚੋਰ ਤੋਂ ਸੱਚਾ ਸਿੱਖ ਬਣਾ ਦਿਤਾ ਜਿਨ੍ਹਾਂ ਨੇ ਪੰਚਮ ਅਤੇ ਛੇਵੇਂ ਪਾਤਸ਼ਾਹ ਨਾਲ ਸੇਵਾ ਕਰਕੇ ‘ਬਹਾਦਰ ਬਾਬਾ ਬਿੱਧੀ ਚੰਦ’ ਅਤੇ ‘ਛੀਨਾ ਗੁਰੂ ਕਾ ਸੀਨਾ’ ਦਾ ਖਿਤਾਬ ਪ੍ਰਾਪਤ ਕੀਤਾ ਸੀ । ਬਾਬਾ ਭਾਈ ਅਦਲੀ ਜੀ ਨੂੰ ਵੀ ਪੰਚਮ ਪਾਤਸ਼ਾਹ ਜੀ ਨੇ ਵਰ ਦਿੱਤਾ ਸੀ ‘ਬਾਬਾ ਭਾਈ ਅਦਲੀ-ਤੇਰੀ ਬਾਤ ਨਾ ਜਾਏ ਬਦਲੀ’ ਭਾਵ ਜੋਂ ਤੁਸੀਂ ਬਚਨ ਕਰੋਗੇ ਓਹ ਸੱਚ ਹੋਣਗੇ । ਪ੍ਰੋ: ਬਾਬਾ ਰੰਧਾਵਾ ਨੇ ਦੱਸਿਆ ਕਿ ਇਸ ਪਿੰਡ  ਦਾ ਜੰਮਪਲ ਉਨ੍ਹਾਂ ਦਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਕਲਾਸਫੈਲੋ ਹੈ ਜੋਂ ਅੱਜ ਕੱਲ ਕਨੇਡਾ ਵਿਖੇ ਪ੍ਰਸਿੱਧ ਅਖ਼ਬਾਰ ‘ਦੇਸ ਪ੍ਰਦੇਸ਼ ਟਾਈਮਜ਼’ ਦਾ ਵਿਦਵਾਨ ਐਡੀਟਰ ਹੈ । ਇਹ ਪਿੰਡ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਵ: ਸੁਖਮਨ ਚੋਹਲਾ, ਵਿਸ਼ਵ ਪ੍ਰਸਿੱਧ ਕਵੀਸ਼ਰ ਸਵ: ਨਿਰਮਲ ਸਿੰਘ ਚੋਹਲਾ ਅਤੇ ਆਪਣੇ ਰਿਸ਼ਤੇਦਾਰ ਸਰਦਾਰ ਅਜਮੇਰ ਸਿੰਘ ਭੈਲ ਦਾ ਆਪਣੇ ਬਚਨਾ ਵਿਚ ਜ਼ਿਕਰ ਕੀਤਾ । ਪ੍ਰੋ: ਬਾਬਾ ਰੰਧਾਵਾ ਨੂੰ ਗੁ: ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਲੋਈ ਪਾਕੇ ਸਨਮਾਨਿਤ ਕੀਤਾ ਗਿਆ । ਦੀਵਾਨ ਵਿਚ ਤਰਨਾ ਦਲ ਦੇ ਨਵੇਂ ਥਾਪੇ ਮੁੱਖੀ ਜਥੇਦਾਰ ਜੋਗਾ ਸਿੰਘ ਨੇ ਵੀ ਹਾਜ਼ਰੀ ਭਰੀ । ਸਾਰਾ ਦਿਨ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਚਲਦੀਆਂ ਰਹੀਆਂ । ਦੀਵਾਨ ਦੀ ਸਮਾਪਤੀ ਤੋਂ ਬਾਅਦ ਤਿੰਨ ਵਰਗਾਂ ਦੀਆਂ ਕਬੱਡੀਆਂ ਵੀ ਹੋਈਆਂ ਹਨ ‌।