Headlines

ਜਥੇਦਾਰ ਬਾਬਾ ਬਲਬੀਰ ਸਿੰਘ ਦਾ ਟੋਰਾਂਟੋ ਏਅਰਪੋਰਟ ਤੇ ਜੈਕਾਰਿਆਂ ਨਾਲ ਭਰਵਾਂ ਸਵਾਗਤ

ਪੁਰਾਤਨ ਸਸ਼ਤ੍ਰਾਂ ਦੇ ਦਰਸ਼ਨ ਕਰਵਾਉਣਗੇ-

ਸ੍ਰੀ ਅਨੰਦਪੁਰ ਸਾਹਿਬ:- 3 ਜੁਲਾਈ -ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਵਿਦੇਸ਼ ਫੇਰੀ ਬਾਰੇ ਇੱਕ ਲਿਖਤੀ ਪ੍ਰੈਸ ਨੋਟ ਰਾਹੀ ਜਾਣਕਾਰੀ ਦਿਤੀ ਹੈ ਕਿ ਸਿੱਖ ਜਰਨੈਲ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਅਤੇ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਖਾਲਸਾਈ ਮੇਲੇ ਕਨੇਡਾ ਦੇ ਸਰੀ ਵੈਨਕੋਅਰ ਸ਼ਹਿਰਾਂ ਵਿੱਚ ਖਾਲਸਾਈ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੁਜੇ ਹਨ। ਉਨ੍ਹਾਂ ਕਿਹਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਕਨੇਡਾ ਦੀ ਧਰਤੀ ਟੋਰਾਂਟੋ ਏਅਰਪੋਰਟ ਤੇ ਪਹੰਚਣ ਮੌਕੇ ਬਹਤੁ ਵੱਡੀ ਗਿੱਣਤੀ ‘ਚ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋ ਜੈਕਾਰਿਆਂ, ਨਰਸਿੰਙਿਆਂ ਦੀਆਂ ਧੁੰਨਾਂ ਤੇ ਫੁੱਲਾਂ ਦੀ ਵਰਖਾ ਕਰ ਕੇ ਨਿੱਘਾ ਸੁਆਗਤ ਤੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਟੋਰਾਟੋਂ ਏਅਰਪੋਰਟ ਪੂਰਾ ਖਾਲਸਾਈ ਰੰਗ ‘ਚ ਰੰਗਿਆ ਦਿਖਾਈ ਦਿਤਾ, ਉਨ੍ਹਾਂ ਕਿਹਾ ਇਹ ਵਰਨਣਯੋਗ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ‘ਚ ਅਮਰੀਕਾ ‘ਚ ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਮਪੁਰ ਨਿਹੰਗ ਸਿੰਘਾਂ ਦੀ ਛਾਉਣੀ ਸਥਾਪਤ ਕੀਤੀ ਗਈ ਹੈ, ਉੱਥੇ ਹੀ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਬਾਬਾ ਜੱਸਾ ਸਿੰਘ ਰਾਮਗੜੀਆਂ ਦੀ 300 ਸਾਲਾ ਜਨਮ ਸ਼ਤਾਬਦੀਆਂ ਭਾਰਤ ਭਰ ‘ਚ ਵਿਸ਼ਾਲ ਪੱਧਰ ਤੇ ਮਨਾਈਆ ਗਈਆ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਮਨਾਈਆਂ ਜਾ ਰਹੀ ਹਨ। ਸ. ਬੇਦੀ ਨੇ ਦਸਿਆ ਕਿ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਕਨੇਡਾ ਦੀ ਧਰਤੀ ਤੇ ਪਹੁੰਚੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਵੱਲੋਂ ਜਿੱਥੇ ਸ਼ਤਾਬਦੀ ਜੋੜ ਮੇਲੇ ‘ਚ ਸਮੂਲੀਅਤ ਕੀਤੀ ਜਾਵੇਗੀ ਉੱਥੇ ਹੀ ਬੁੱਢਾ ਦਲ ਦੇ ਕੋਲ ਸਿੱਖ ਗੁਰੂਆਂ, ਸਾਹਿਬਜ਼ਾਦਿਆਂ, ਗੁਰੂ ਮਹਿਲਾਂ ਅਤੇ ਸਿੱਖ ਜਰਨੈਲਾਂ ਦੇ ਪੁਰਾਤਨ ਇਤਿਹਾਸਿਕ ਸ਼ਸਤ੍ਰਾਂ ਦੇ ਦਰਸ਼ਨ ਵੀ ਸਿੱਖ ਸੰਗਤਾਂ ਨੂੰ ਕਰਵਾਏ ਜਾਣਗੇ। ਉਨ੍ਹਾਂ ਦਸਿਆ ਕਿ ਨਿਹੰਗ ਪ੍ਰਭਜੀਤ ਸਿੰਘ ਗਿੱਲ, ਬਾਬਾ ਅਮਰਜੀਤ ਸਿੰਘ, ਬਾਬਾ ਅਮਨਦੀਪ ਸਿੰਘ ਨੇ ਸਰੀ ਵਿਖੇ ਆਪਣੇ ਫਾਰਮ ਹਾਊਸ ਵਿੱਚ ਢਾਡੀ ਦਰਬਾਰ ਕਰਵਾਇਆ।  ਗਤਕਾ ਅਖਾੜੇ ਸਜੇ ਅਤੇ ਨਿਹੰਗ ਸਿੰਘਾਂ ਮਹੱਲਾ ਖੇਡਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦੇਸ਼ੀ ਸਿੱਖਾਂ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਪੰਥ ਦੇ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਮਹੰਤ ਤਰਲੋਚਨ ਸਿੰਘ ਬਾਬਾ ਬਕਾਲਾ, ਗਿਆਨੀ ਪਰਸ਼ੋਤਮ ਸਿੰਘ ਕਨੇਡਾ, ਬਾਬਾ ਜਸਵਿੰਦਰ ਸਿੰਘ ਜੱਸੀ ਬੁੱਢਾ ਦਲ ਯੂ.ਐਸ.ਏ ਹਾਜ਼ਰ ਸਨ।

ਫੋਟੋ ਕੈਪਸ਼ਨ:- ਕੈਲੇਡੋਨੀਆ ਫੇਅਰ ਸਟੇਡੀਅਮ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨਾਲ ਕਨੇਡਾ ਦੀਆਂ ਨਿਹੰਗ ਸਿੰਘ ਫੌਜਾਂ ਆਰਤੀ ਆਰਤਾ ਕਰਦੇ ਹੋਏ।