Headlines

ਭਾਰਤੀ ਵੀਜ਼ਾ ਤੇ ਪਾਸਪੋਰਟ ਸੇਵਾ ਕੇਂਦਰਾਂ ਵਿਚ ਲੋਕਾਂ ਦੀ ਖੱਜਲ ਖੁਆਰੀ ਜਾਰੀ

ਵੈਨਕੂਵਰ ( ਦੇ ਪ੍ਰ ਬਿ)-ਕੈਨੇਡਾ ਵਿਚ ਭਾਰਤੀ ਵੀਜਾ, ਪਾਸਪੋਰਟ ਤੇ ਹੋਰ ਕੌਂਸਲਰ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਬੀ ਐਲ ਐਸ ਇੰਟਰਨੈਸ਼ਨਲ ਕੰਪਨੀ ਦੀਆਂ ਸੇਵਾਵਾਂ  ਤੋ ਅਸਤੁੰਸ਼ਟ ਲੋਕਾਂ ਦੀਆਂ ਸ਼ਿਕਾਇਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਸਮੇਂ ਦੌਰਾਨ ਆਨਲਾਈਨ ਸੇਵਾਵਾਂ ਬੰਦ ਹੋਣ ਕਾਰਣ ਲੋਕਾਂ ਨੂੰ ਵੀਜਾ ਲੈਣ ਲਈ ਕਈ ਕਈ ਹਫਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਵੀਜ਼ਾ ਤੇ ਪਾਸਪੋਰਟ ਸੇਵਾ ਕੇਂਦਰਾਂ ਵਿਚ ਲੋਕਾਂ ਦੀਆਂ ਲੰਬੀਆਂ ਲਾਈਨਾਂ, ਸਟਾਫ ਦੇ ਵਿਹਾਰ ਅਤੇ ਵੀਜ਼ਾ ਅਪਲੀਕੇਸ਼ਨ ਵਿਚ ਕਿਸੇ ਗਲਤੀ ਨੂੰ ਸੁਧਾਰਨ ਦੀ ਕੋਈ ਗੁੰਜਾਇਸ਼ ਨਾ ਹੋਣ ਕਰਕੇ ਦੁਬਾਰਾ ਫਾਰਮ ਭਰਨ ਅਤੇ ਮੁੜ ਫੀਸਾਂ ਲਗਾਏ ਜਾਣ ਦੀਆਂ ਸ਼ਿਕਾਇਤਾਂ ਆਮ ਰਹੀਆਂ ਹਨ। ਕੋੇਵਿਡ ਉਪਰੰਤ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਵਲੋਂ ਆਨਲਾਈਨ ਵੀਜ਼ਾ ਅਰਜੀਆਂ ਸ਼ੁਰੂ ਕਰਨ ਉਪਰੰਤ ਭਾਵੇਂਕਿ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਪਰ ਇਸਦੇ ਬਾਵਜੂਦ ਬੀ ਐਲ ਐਸ ਕੇਂਦਰਾਂ ਵਿਚ ਲੋਕਾਂ ਦੀ ਖੱਜਲ ਖੁਆਰੀ ਦੀਆਂ ਸ਼ਿਕਾਇਤਾਂ ਖਤਮ ਨਹੀ ਹੋ ਰਹੀਆਂ।

ਇਸੇ ਦੌਰਾਨ ਪਤਾ ਲੱਗਾ ਹੈ ਕਿ ਬੀ ਐਲ ਐਸ ਕੰਪਨੀ ਦਾ ਭਾਰਤ ਸਰਕਾਰ ਨਾਲ ਕੰਟਰੈਕਟ ਅਗਲੇ ਕੁਝ ਮਹੀਨਿਆਂ ਵਿਚ ਖਤਮ ਹੋਣ ਜਾ ਰਿਹਾ ਹੈ। ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲੇ ਵੀਜ਼ਾ ਤੇ ਪਾਸਪੋਰਟ ਸੇਵਾਵਾਂ ਨੂੰ ਬੇਹਤਰ ਤੇ ਤਸੱਲੀਬਖਸ਼ ਬਣਾਉਣ ਲਈ  ਆਉਟਸੋਰਸਿੰਗ ਸੇਵਾਵਾਂ ਲਈ ਹੋਰ ਕੰਪਨੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਇਸੇ ਦੌਰਾਨ ਵਿਸ਼ਵ ਪ੍ਰਸਿਧ ਆਉਟਸੋਰਸਿੰਗ ਕੰਪਨੀ ਵੀ ਐਫ ਐਸ ਗਲੋਬਲ ਜੋ ਕਿ ਕੈਨੇਡਾ ਦੇ ਗਵਾਂਡੀ ਮੁਲਕ ਅਮਰੀਕਾ ਵਿਚ ਭਾਰਤੀ ਵੀਜ਼ਾ ਤੇ ਪਾਸਪੋਰਟ ਸੇਵਾਵਾਂ ਉਪਲਬਧ ਕਰਵਾ ਰਹੀ ਹੈ, ਕੈਨੇਡਾ ਵਿਚ ਇਹੀ ਸੇਵਾਵਾਂ ਹਾਸਿਲ ਕਰਨ ਲਈ ਯਤਨਸ਼ੀਲ ਦੱਸੀ ਜਾਂਦੀ ਹੈ।

ਵੀ ਐਫ ਐਸ ਗਲੋਬਲ ਦੇ ਵਿਸ਼ਵ ਦੇ 145 ਮੁਲਕਾਂ ਵਿਚ 3361 ਸੇਵਾ ਕੇਂਦਰ ਹਨ ਜੋ ਵੱਖ- ਵੱਖ ਮੁਲਕਾਂ ਦੀਆਂ 68 ਸਰਕਾਰਾਂ ਸਮੇਤ ਹੋਰ ਵੱਡੇ ਜਨਤਕ ਅਦਾਰਿਆਂ ਨੂੰ ਸਫਲਤਾਪੂਰਵਕ ਆਉਟਸੋਰਸਿੰਗ ਸੇਵਾਵਾਂ ਦੇ ਰਹੀ ਹੈ।