Headlines

ਸੰਪਾਦਕੀ- ਭਾਰਤੀ ਕੌਂਸਲਖਾਨੇ ਨੂੰ ਅੱਗ ਦੀ ਖਬਰ ਦਾ ਸੱਚ ਝੂਠ…..?

-ਸੁਖਵਿੰਦਰ ਸਿੰਘ ਚੋਹਲਾ—-

ਬੀਤੀ 2 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਭਾਰਤੀ ਕੌਂਸਲਖਾਨੇ ਦੇ ਸਾਹਮਣੇ ਅੱਗ ਲਗਾਏ ਜਾਣ ਦੀ ਇਕ ਵੀਡੀਓ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਅਤੇ ਹਿੰਸਾ ਦਾ ਬਦਲਾ ਹਿੰਸਾ ਦੀ ਕੈਪਸ਼ਨ ਨਾਲ ਸੋਸ਼ਲ ਮੀਡੀਆ ਉਪਰ ਪਾਏ ਜਾਣ ਉਪਰੰਤ ਭਾਰਤੀ ਮੀਡੀਆ ਦੇ ਇਕ ਹਿੱਸੇ ਵਲੋਂ ਇਸਨੂੰ ਖਾਲਿਸਤਾਨੀ ਸਮਰਥਕਾਂ ਵਲੋਂ ਭਾਰਤੀ ਕੌਂਸਲਖਾਨੇ ਨੂੰ ਅੱਗੇ ਲਗਾਏ ਜਾਣ ਵਜੋ ਪ੍ਰਚਾਰਿਆ ਗਿਆ ਹੈ। ਨਿਰਪੱਖ ਮੀਡੀਆ ਰਿਪੋਰਟਾਂ ਮੁਤਾਬਿਕ ਵੱਡੇ ਤੜਕੇ ਲਗਪਗ ਡੇਢ- ਦੋ ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿਚ ਦੋ ਨਕਾਬਪੋਸ਼ ਨੌਜਵਾਨਾਂ ਨੂੰ ਕੌਂਸਲਖਾਨੇ ਦੇ ਬਾਹਰਲੇ ਗੇਟ ਉਪਰ ਤੇਲ ਛਿੜਕਣ ਉਪਰੰਤ ਅੱਗੇ ਲਗਾਏ ਜਾਣ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਇਸਤੋਂ ਜਾਹਰ ਹੈ ਕਿ ਸ਼ਰਾਰਤੀਆਂ ਨੇ ਇਹ ਕੰਮ ਰਾਤ ਦੇ ਹਨੇਰੇ ਵਿਚ ਕੀਤਾ ਤੇ ਫਰਾਰ ਹੋ ਗਏ। ਹੋਰ ਜਾਣਕਾਰੀ ਮੁਤਾਬਿਕ ਸ਼ਰਾਰਤੀਆਂ ਵਲੋਂ ਅੱਗ ਲਗਾਏ ਜਾਣ ਦੇ ਕੁਝ ਮਿੰਟਾਂ ਵਿਚ ਸ਼ਹਿਰ ਦਾ ਅੱਗ ਬੁਝਾਊ ਅਮਲਾ ਮੌਕੇ ਤੇ ਪਹੁੰਚ ਗਿਆ ਤੇ ਅੱਗ ਉਪਰ ਕਾਬੂ ਪਾ ਲਿਆ ਗਿਆ। ਜਿਆਦਾਤਰ ਖਬਰਾਂ ਵਿਚ ਕਿਹਾ ਗਿਆ ਕਿ ਅੱਗ ਬੁਝਾਉ ਅਮਲਾ ਮੌਕੇ ਤੇ ਪਹੁੰਚ ਗਿਆ ਤੇ ਕੌਂਸਲਖਾਨੇ ਦਾ ਵੱਡਾ ਨੁਕਸਾਨ ਹੋਣੋ ਬਚਾ ਲਿਆ ਗਿਆ। ਕੌਂਸਲਖਾਨੇ ਦੇ ਕਿਸੇ ਵੀ ਕਰਮਚਾਰੀ ਦੇ ਜ਼ਖਮੀ ਨਾ ਹੋਣ ਦੀ ਲਾਈਨ ਵੀ ਜੋੜੀ ਗਈ ਜਦੋਂਕਿ ਸਮਝਿਆ ਜਾ ਸਕਦਾ ਹੈ ਕਿ ਜਦੋਂ ਅੱਗ ਲਗਾਏ ਜਾਣ ਦੀ ਘਟਨਾ ਵਾਪਰੀ ਹੀ ਰਾਤ ਦੇ ਹਨੇਰੇ ਵਿਚ ਸੀ ਤਾਂ ਉਸ ਸਮੇਂ ਕਿਸੇ ਕਰਮਚਾਰੀ ਦਾ ਉਥੇ ਮੌਜੂਦ ਹੋਣਾ ਵੀ ਤਾਂ ਸੰਭਵ ਨਹੀ। ਤੱਥਸਾਰ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਇਸ ਘਟਨਾ ਨੂੰ ਜਿਵੇਂ ਵੀ ਅੰਜਾਮ ਦਿੱਤਾ ਗਿਆ ਪਰ ਸੋਸ਼ਲ ਮੀਡੀਆ ਉਪਰ ਵੀਡੀਓ ਪਾਏ ਜਾਣ ਉਪਰੰਤ ਖਬਰ ਇਵੇਂ ਪਰਚਾਰੀ ਗਈ ਕਿ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਅੰਬੈਸੀ ਨੂੰ ਅੱਗ ਲਗਾ ਦਿੱਤੀ ਤੇ ਉਥੇ ਮੌਜੂਦ ਕਰਮਚਾਰੀ ਵਾਲ ਵਾਲ ਬਚੇ ਹਨ। ਜੋ ਵੀ ਹੈ ਇਹ ਘਟਨਾ ਕਿਵੇਂ ਤੇ ਕਦੋਂ ਵਾਪਰੀ, ਇਸਦੀ ਜਾਂਚ ਪੜਤਾਲ ਅਮਰੀਕੀ ਪੁਲਿਸ ਤੇ ਖੁਫੀਆ ਵਿਭਾਗ ਕਰ ਰਹੇ ਹਨ ਪਰ ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਵਲੋਂ ਇਸ ਘਟਨਾ ਦੀ ਟਵੀਟ ਰਾਹੀ ਨਿੰਦਾ ਕਰਨ ਤੇ ਇਸਨੂੰ ਅਪਰਾਧਿਕ ਘਟਨਾ ਕਰਾਰ ਦੇਣ ਦਾ ਅਰਥ ਇਹ ਹੈ ਕਿ ਘਟਨਾ ਜਿਵੇਂ ਵੀ ਵਾਪਰੀ, ਵਾਪਰੀ ਜ਼ਰੂਰ ਹੈ। ਇਸਨੂੰ ਫੇਕ ਕਹਿ ਦੇਣ ਨਾਲ ਹੀ ਛੁਟਕਾਰਾ ਨਹੀਂ।

ਇਸੇ ਦੌਰਾਨ ਖਾਲਿਸਤਾਨ-ਪੱਖੀਆਂ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤੀ ਏਂਜੰਸੀਆਂ ਉਪਰ ਲਗਾਉਂਦਿਆਂ ਕੈਲੀਫੋਰਨੀਆ ਅਤੇ ਟੋਰਾਂਟੋ ਵਿਚ ਜੋ ਰੋਸ ਰੈਲੀਆਂ ਕੱਢਣ ਦੇ ਐਲਾਨ ਕੀਤੇ ਹਨ, ਉਹਨਾਂ ਸਬੰਧੀ ਬਣਾਏ ਗਏ ਪੋਸਟਰਾਂ ਵਿਚ ਭਾਰਤੀ ਅੰਬੈਸੀਆਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਤਸਵੀਰਾਂ ਲਗਾਕੇ ਉਹਨਾਂ ਨੂੰ ਕਾਤਲ ਐਲਾਨ ਕਰਨਾ, ਬਹੁਤ ਹੀ ਗੰਭੀਰ ਮੁੱਦਾ ਹੈ। ਖਾਲਿਸਤਾਨੀ ਸਮਰਥਕਾਂ ਨੂੰ ਸਿੱਖ ਆਗੂ ਦੀ ਹੱਤਿਆ ਕਾਰਣ  ਦੁੱਖ ਤੇ ਰੋਸ ਪ੍ਰਗਟਾਵੇ ਦਾ ਹੱਕ ਹੈ ਪਰ ਇਸ ਘਟਨਾ ਲਈ ਕਿਸੇ ਭਾਰਤੀ ਅਧਿਕਾਰੀ ਨੂੰ ਦੋਸ਼ੀ ਠਹਿਰਾਉਣਾ ਤੇ ਉਸਦੇ ਪੋਸਟਰ ਛਾਪ ਦੇਣੇ ਇਖਲਾਕੀ ਤੇ ਕਨੂੰਨੀ ਨੁਕਤਾ ਨਿਗਾਹ ਤੋਂ ਕਿਸੇ ਵੀ ਤਰਾਂ ਜਾਇਜ਼ ਨਹੀ। ਸਿੱਖ ਆਗੂ ਦੀ ਇਕ ਗੁਰੂ ਘਰ ਦੀ ਹਦੂਦ ਵਿਚ ਦੁਖਦਾਈ ਹੱਤਿਆ ਦੀ ਘਟਨਾ ਦੀ ਸੁਰੱਖਿਆ ਤੇ ਖੁਫੀਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਪਰ ਉਸ ਜਾਂਚ ਦੇ ਕਿਸੇ ਨਤੀਜੇ ਉਪਰ ਪੁੱਜਣ ਤੋਂ ਪਹਿਲਾਂ ਹੀ ਅਜਿਹੇ ਪੋਸਟਰ ਛਾਪਣੇ ਕਿਸੇ ਵਿਅਕਤੀ ਵਿਸ਼ੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੇ ਨਾਲ ਸਮਾਜਿਕ ਸਦਭਾਵਨਾ ਨੂੰ ਸੱਟ ਮਾਰਨ ਦੇ ਨਾਲ ਮੁਲਕਾਂ ਦੇ ਸਫਾਰਤੀ ਰਿਸ਼ਤਿਆਂ ਲਈ ਵੀ ਨੁਕਸਾਨਦੇਹ ਹੈ । ਪਿਛਲੇ ਦਿਨੀ ਬਰੈਂਪਟਨ ਵਿਚ ਇਕ ਸਮਾਗਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕੀਤੇ ਜਾਣ ਦੀ ਝਾਕੀ ਪੇਸ਼ ਕੀਤੇ ਜਾਣ ਦਾ ਵਿਵਾਦ ਅਜੇ ਠੱਲਿਆ ਨਹੀ ਕਿ ਹੁਣ ਇਹਨਾਂ ਪੋਸਟਰਾਂ ਦਾ ਮੁੱਦਾ ਭਖ ਗਿਆ ਹੈ। ਭਾਰਤ ਸਰਕਾਰ ਨੇ ਤਾਜਾ ਘਟਨਾਵਾਂ ਉਪਰ ਸਖਤ ਰੋਸ ਪ੍ਰਗਟ ਕਰਦਿਆਂ ਇਸਨੂੰ ਕੌਮਾਂਤਰੀ ਅੱਤਵਾਦ ਦੇ ਮੁੱਦੇ ਨਾਲ ਜੋੜਨ ਦਾ ਯਤਨ ਕਰਦਿਆਂ ਦੋਵਾਂ ਮੁਲਕਾਂ ਦੇ ਆਪਸੀ ਸਬੰਧਾਂ ਨੂੰ ਅਸਰਅੰਦਾਜ਼ ਕਰਨ ਵਾਲਾ ਦੱਸਿਆ ਹੈ। ਭਾਰਤ ਸਰਕਾਰ ਦੇ ਸਖਤ ਰੋਸ ਪ੍ਰਗਟਾਏ ਉਪਰੰਤ ਕੈਨੇਡੀਅਨ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਸਫਾਈ ਦੇਣੀ ਪਈ ਹੈ ਕਿ ਉਹ ਅੱਤਵਾਦ ਦੇ ਮੁੱਦੇ ਉਪਰ ਕਦੇ ਵੀ ਨਰਮ ਨਹੀ।

ਸਭ ਜਾਣਦੇ ਹਨ ਕਿ ਦੁਨੀਆ ਦੇ ਵਿਕਸਿਤ ਮੁਲਕਾਂ ਵਿਸ਼ੇਸ਼ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਵਿਚ ਵਸਦੇ ਸਿਖ ਭਾਈਚਾਰੇ ਦਾ ਇਕ ਪ੍ਰਭਾਵਸ਼ਾਲੀ ਹਿੱਸਾ ਸਿੱਖ ਹਿੱਤਾਂ ਤੇ ਵੱਖਰੇ ਸਿੱਖ ਰਾਜ ਦੀ ਮੰਗ ਨੂੰ ਲੈਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਵਿਕਸਿਤ ਮੁਲਕਾਂ ਦੇ ਸਿਆਸੀ ਗਲਿਆਰਿਆਂ ਤੱਕ ਉਹਨਾਂ ਦੀ ਪਹੁੰਚ ਹੈ। ਉਹ ਪੰਜਾਬ ਤੇ ਸਿੱਖ ਹਿੱਤਾਂ ਦੀ ਗੱਲ ਹੁੱਬਕੇ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਉਹ ਭਾਰਤ ਦੇ ਜਿਸ ਪੰਜਾਬ ਪ੍ਰਾਂਤ ਵਿਚ ਅਜਿਹੇ ਰਾਜ ਦੀ ਸਥਾਪਨਾ ਦੀ ਕਲਪਨਾ ਕਰਦੇ ਹਨ, ਉਥੋਂ ਦੇ ਵਸਨੀਕਾਂ ਨੂੰ ਇਹ ਕੁਝ ਯਾਦ ਚਿੱਤ ਵੀ ਨਹੀ। ਪੰਜਾਬ ਵਿਚ ਵਸਦੇ ਲੋਕਾਂ ਦੀਆਂ ਆਪਣੀਆਂ ਲੋੜਾਂ ਤੇ ਸਮੱਸਿਆਵਾਂ ਹਨ ਜਿਹਨਾਂ ਲਈ ਉਹ ਆਪਣੇ ਢੰਗ ਸੰਘਰਸ਼ ਕਰਦੇ ਵੀ ਹਨ। ਸਾਲ 2020-21 ਦੇ ਕਿਸਾਨੀ ਘੋਲ ਵਿਚ ਪੰਜਾਬੀ ਕਿਸਾਨਾਂ ਦੀ ਅਗਵਾਈ ਤੇ ਜਿੱਤ ਨੂੰ ਪੂਰੀ ਦੁਨੀਆ ਨੇ ਖੜ ਕੇ ਵੇਖਿਆ ਹੈ। ਉਹ ਲੋਕ ਜਾਣਦੇ ਹਨ ਕਿ ਫਿਰੂਕ ਨਫਰਤ ਦੀ ਥਾਂ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨਾ ਤੇ ਜਮਹੂਰੀ ਢੰਗ ਤਰੀਕਿਆਂ ਨਾਲ ਹੀ ਸਮੇਂ ਦੇ ਹਾਕਮਾਂ ਤੇ ਸਿਸਟਮ ਨਾਲ ਲੜਿਆ ਜਾ ਸਕਦਾ ਹੈ। ਪ੍ਰਾਂਤਾਂ ਜਾਂ ਮੁਲਕਾਂ ਦੇ ਟੋਟੇ ਕਰਕੇ ਕਿਸੇ ਨਵੇਂ ਮੁਲਕ ਦਾ ਨਿਰਮਾਣ ਲੋਕ ਸਮੱਸਿਆਵਾਂ ਦਾ ਕੋਈ ਸਦੀਵੀ ਹੱਲ ਨਹੀ ਹੁੰਦਾ। ਮਾਨਵੀ ਸਮੱਸਿਆਵਾਂ ਦਾ ਹੱਲ ਤੇ ਅਸਲ ਖੁਸ਼ੀ ਤਾਂ ਸਰਬੱਤ ਦਾ ਭਲਾ ਦੇ ਸਿਧਾਂਤ ਵਿਚ ਹੈ ਜੋ ਸਿੱਖ ਜਗਤ ਨੂੰ ਗੁਰੂ ਬਾਬੇ ਦੇ ਕੇ ਗਏ ਹਨ। ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ ਦਾ ਸੰਦੇਸ਼ ਦੇਣ ਵਾਲੇ  ਗੁਰੂ ਬਾਬੇ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਲਈ  ਸਰਬੱਤ ਦੇ ਭਲੇ ਦਾ ਪਰਚਮ ਲਹਿਰਾਉਂਦਿਆਂ ਪਾਤਸ਼ਾਹੀ ਦਾਅਵੇ ਦੇ ਅਰਥ ਇੰਨੇ ਸੰਕੀਰਨ ਕਿਵੇਂ ਹੋ ਸਕਦੇ ਹਨ…?

ਹਨੇਰੇ ਵਿਚ ਤੀਲੀ ਲਗਾਉਂਦੇ ਹੱਥਾਂ ਦੀ ਪਹਿਚਾਣ ਕੌਣ ਕਰੇ…?