Headlines

ਪੰਜਾਬ ਭਵਨ ਸਰੀ ਵਲੋਂ ਉਘੇ ਸਾਹਿਤਕਾਰ ਡਾ ਗੁਰਬਖਸ਼ ਭੰਡਾਲ, ਪ੍ਰੋ ਬੁੱਟਰ ਤੇ ਕੁਲਵਿੰਦਰ ਬੁੱਟਰ ਦਾ ਸਨਮਾਨ

ਤਿੰਨ ਸਖਸੀਅਤਾਂ ਨੇ ਸਰੋਤਿਆਂ ਨਾਲ ਜੀਵਨ ਅਨੁਭਵ ਸਾਂਝੇ ਕੀਤੇ-

ਸਰੀ ( ਦੇ ਪ੍ਰ ਬਿ)- ਬੀਤੇ ਸ਼ਨੀਵਾਰ ਨੂੰ ਪੰਜਾਬ ਭਵਨ ਸਰੀ ਵਿਖੇ ਉਘੇ ਸਾਹਿਤਕਾਰ ਡਾ ਗੁਰਬਖਸ਼ ਸਿੰਘ ਭੰਡਾਲ, ਪ੍ਰੋ ਗੋਪਾਲ ਸਿੰਘ ਬੁੱਟਰ ਤੇ ਦੂਰਦਰਸ਼ਨ ਜਲੰਧਰ ਦੀ ਸਾਬਕਾ ਪ੍ਰੋਡਿਊਸਰ ਕੁਲਵਿੰਦਰ ਬੁੱਟਰ ਨਾਲ ਇਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਮੌਕੇ ਤਿੰਨਾਂ ਸ਼ਖਸੀਅਤਾਂ ਨੇ ਆਪਣੇ ਜੀਵਨ, ਜੀਵਨ ਫਲਸਫਾ, ਸੰਘਰਸ਼, ਪ੍ਰਾਪਤੀਆਂ, ਕਲਾ ਅਤੇ ਸਾਹਿਤ ਦੇ ਖੇਤਰ ਵਿਚ ਯੋਗਦਾਨ ਤੇ ਪੰਜਾਬੀ ਜ਼ੁਬਾਨ ਤੇ ਸਾਹਿਤ ਦੇ ਵਰਤਮਾਨ ਤੇ ਭਵਿੱਖ ਬਾਰੇ ਆਪਣੇ ਅਨੁਭਵ ਤੇ ਵਿਚਾਰ ਸਾਂਝੇ ਕੀਤੇ। ਹਾਜਰੀਨ ਵਲੋਂ ਉਹਨਾਂ ਦੇ ਜੀਵਨ ਤੇ ਸਾਹਿਤਕ ਪ੍ਰਾਪਤੀਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਡਾ ਪ੍ਰਿਥੀਪਾਲ ਸਿੰਘ ਸੋਹੀ ਵਲੋਂ ਤਿੰਨਾਂ ਸ਼ਖਸੀਅਤਾਂ ਦੀਆਂ ਜੀਵਨ ਪ੍ਰਾਪਤੀਆਂ ਦਾ ਉਲੇਖ ਕਰਦਿਆਂ ਸਰੋਤਿਆਂ ਦੇ ਰੂਬਰੂ ਹੋਣ ਲਈ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਤੇ ਸਲਾਹਕਾਰ ਕਮੇਟੀ ਵਲੋਂ ਤਿੰਨਾਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਕਵਿੰਦਰ ਚਾਂਦ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ। ਬਹੁਤ ਹੀ ਨਿੱਘੇ ਤੇ ਕਰੀਬੀ ਮਾਹੌਲ ਵਿਚ ਹੋਇਆ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਕਪੂਰਥਲਾ ਤੋਂ ਕਵੀ ਕੰਵਰ ਇਕਬਾਲ ਦੇ ਵੱਡੇ ਭਰਾਤਾ ਅਵਤਾਰ ਸਿੰਘ ਤੇ ਉਹਨਾਂ ਦੀ ਪਤਨੀ ਜੋ ਕਿ ਕੈਨੇਡਾ ਦੌਰੇ ਤੇ ਹਨ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।