Headlines

ਉਘੇ ਸਾਹਿਤਕਾਰ ਤੇ ਸਾਥੀ ਹਰਭਜਨ ਸਿੰਘ ਹੁੰਦਲ ਨੂੰ ਅੰਤਮ ਵਿਦਾਇਗੀ

-ਜੋਸ਼ੀਲੇ ਨਾਹਰਿਆਂ ਦਰਮਿਆਨ ਸ਼ਮਸ਼ਾਨ ਘਾਟ ਤੀਕ ਲੈ ਕੇ ਪੁੱਜੇ ਲਾਲ ਫੁਰੇਰਿਆਂ ਵਾਲੇ ਪਾਰਟੀ ਵਰਕਰ-
-ਸਾਹਿਤ ਜਗਤ ਦੀਆਂ ਹਸਤੀਆਂ ਅਤੇ ਨਾਮਵਰ ਬੁੱਧੀਜੀਵੀ ਪੁੱਜੇ ਸਿਜਦਾ ਕਰਨ-
ਜਲੰਧਰ ; 12 ਜੁਲਾਈ -ਲੰਘੀ 9 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ  ਜ਼ਹੀਨ ਕਲਮਕਾਰ, ਲੋਕ ਘੋਲਾਂ ਦੇ ਪਰਖੇ ਹੋਏ ਜਰਨੈਲ, ਪ੍ਰਤੀਬੱਧ ਕਮਿਊਨਿਸਟ ਸਾਥੀ ਹਰਭਜਨ ਸਿੰਘ ਹੁੰਦਲ ਦਾ ਅੰਤਮ ਸਸਕਾਰ ਉਨ੍ਹਾਂ ਦੇ ਪਿੰਡ ਫੱਤੂ ਚੱਕ, ਜਿਲ੍ਹਾ ਕਪੂਰਥਲਾ ਵਿਖੇ 11ਜੁਲਾਈ ਨੂੰ ਕੀਤਾ ਗਿਆ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਮਹੀਪਾਲ, ਸੂਬਾਈ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਬੀਬੀ ਰਘਬੀਰ ਕੌਰ, ‘ਸੰਗਰਾਮੀ ਲਹਿਰ’ ਦੇ ਮੈਨੇਜਰ ਗੁਰਦਰਸ਼ਨ ਬੀਕਾ, ਸਾਥੀ ਹੁੰਦਲ ਦੇ ਰੂਹ ਦੇ ਹਾਣੀ ਕਾਮਰੇਡ ਹਰਚਰਨ ਸਿੰਘ ਕਪੂਰਥਲਾ, ਲੋਕ ਕਵੀ ਮੱਖਣ ਕੁਹਾੜ ਅਤੇ ਹੋਰਨਾਂ ਨੇ ਸਾਥੀ ਹੁੰਦਲ ਦੀ ਦੇਹ ‘ਤੇ ਪਾਰਟੀ ਦਾ ਸੂਹਾ ਝੰਡਾ ਪਾ ਕੇ ਉਨ੍ਹਾਂ ਨੂੰ ਅੰਤਮ ਸਫਰ ਲਈ ਰੁਖ਼ਸਤ ਕੀਤਾ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੰਸਥਾਪਕ ਆਗੂ ਰਹੇ ਸਾਥੀ ਹਰਭਜਨ ਸਿੰਘ ਹੁੰਦਲ ਦੀ ਮ੍ਰਿਤਕ ਦੇਹ ਨੂੰ ਹੱਥਾਂ ‘ਚ ਲਾਲ ਫੁਰੇਰੇ ਫੜ੍ਹੀ ਸੈਂਕੜੇ ਪਾਰਟੀ ਵਰਕਰ ਅਤੇ ਪਸਸਫ ਦੇ ਪ੍ਰਧਾਨ ਸਤੀਸ਼ ਰਾਣਾ, ਮਨਜੀਤ ਸੈਣੀ, ਧਰਮ ਸਿੰਘ ਪੱਟੀ, ਸੁਲੱਖਣ ਸਿੰਘ ਤੁੜ, ਪਲਵਿੰਦਰ ਸਿੰਘ ਮਹਿਸਮਪੁਰ ਦੀ ਅਗਵਾਈ ਹੇਠ ਭਾਰੀ ਗਿਣਤੀ ਕਿਸਾਨ-ਮਜ਼ਦੂਰ, ਟਰੇਡ ਯੂਨੀਅਨ ਕਾਰਕੁੰਨ ਆਕਾਸ਼ ਗੂੰਜਾਊ ਜੋਸ਼ੀਲੇ ਨਾਹਰੇ ਮਾਰਦੇ ਹੋਏ ਪਿੰਡ ਦੇ ਸ਼ਮਸ਼ਾਨ ਘਾਟ ਤੀਕ ਲੈ ਕੇ ਗਏ। ਉਨ੍ਹਾਂ ਦੀ ਦੇਹ ਨੂੰ ਚਿਖ਼ਾ ਉਨ੍ਹਾਂ ਦੇ ਸਪੁੱਤਰਾਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ ਨੇ ਦਿਖਾਈ।
ਇਹ ਸਾਥੀ ਹਰਭਜਨ ਸਿੰਘ ਹੁੰਦਲ ਦੀ ਖਿੱਚ ਪਾਊ ਸਖਸ਼ੀਅਤ ਅਤੇ ਘਾਲਣਾਵਾਂ ਭਰਪੂਰ ਜੀਵਨ ਦਾ ਹੀ ਪ੍ਰਭਾਵ ਸੀ ਕਿ ਨਾਮਵਰ ਕਮਿਊਨਿਸਟ ਆਗੂਆਂ, ਲੇਖਕਾਂ, ਬੁੱਧੀਜੀਵੀਆਂ ਸਮੇਤ ਸਮਾਜ ਦੇ ਹਰ ਖੇਤਰ ਦੀਆਂ ਉੱਚ ਨਾਮਣੇ ਵਾਲੀਆਂ ਸ਼ਖਸੀਅਤਾਂ ਉਨ੍ਹਾਂ ਨੂੰ ਅੰਤਮ ਸਿਜਦਾ ਕਰਨ ਲਈ ਉਚੇਚਾ ਪੁੱਜੀਆਂ।
ਇਨ੍ਹਾਂ ਵਿੱਚੋਂ ਸਾਥੀ ਹੁੰਦਲ ਵੱਲੋਂ ਆਰੰਭ ਕੀਤੇ ਗਏ ਉੱਚ ਮਿਆਰੀ ਸਾਹਿਤਕ ਰਸਾਲੇ ‘ਚਿਰਾਗ’ ਦੇ ਸੰਪਾਦਕ ਡਾਕਟਰ ਕਰਮਜੀਤ ਸਿੰਘ, ਉੱਘੇ ਬੁੱਧੀਜੀਵੀ ਸਤਨਾਮ ਚਾਨਾ, ਲਖਵਿੰਦਰ ਜੌਹਲ ਅਤੇ ਹਰਵਿੰਦਰ ਭੰਡਾਲ, ਸਾਹਿਤ ਜਗਤ ਦੀਆਂ ਵੱਡੀਆਂ ਹਸਤੀਆਂ ਪ੍ਰੋ ਕੁਲਵੰਤ ਸਿੰਘ ਔਜਲਾ, ਡਾ ਆਸਾ ਸਿੰਘ ਘੁੰਮਣ, ਸੁਲੱਖਣ ਸਰਹੱਦੀ, ਦੀਪ ਦਵਿੰਦਰ ਸਿੰਘ, ਕੰਵਰ ਇਕਬਾਲ, ਪ੍ਰੋ ਬਖਤੌਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਨਡਾਲਾ, ਤ੍ਰਿਲੋਚਨ ਸਿੰਘ ਤਰਨਤਾਰਨ, ਰਘਬੀਰ ਸਿੰਘ ਸੋਹਲ, ਵਿਸ਼ਾਲ ਬਿਆਸ, ਰਜਿੰਦਰ ਰਾਜਨ, ਗੁਰਮੀਤ ਬਾਜਵਾ, ਸੁੱਚਾ ਸਿੰਘ ਪਸਨਾਵਾਲ, ਬੋਧ ਸਿੰਘ ਘੁੰਮਣ ਪ੍ਰਮੁੱਖ ਸਨ।  ਪਿੰਡ ਅਤੇ ਇਲਾਕੇ ਦੀਆਂ ਅਨੇਕਾਂ ਮੋਹਤਬਰ ਸ਼ਖਸੀਅਤਾਂ ਸਾਥੀ ਹੁੰਦਲ ਦੀ ਅੰਤਮ ਯਾਤਰਾ ‘ਚ ਸ਼ਾਮਲ ਹੋਈਆਂ।
ਮੁਲਾਜ਼ਮ ਸੰਘਰਸ਼ਾਂ ਅਤੇ ਰਾਜਸੀ ਘੋਲਾਂ ‘ਚ ਸਾਥੀ ਹੁੰਦਲ ਦੇ ਯੁੱਧਸਾਥੀ ਰਹੇ ਕਾਮਰੇਡ ਹਰਕੰਵਲ ਸਿੰਘ, ਮਰਹੂਮ ਸਾਥੀ ਤ੍ਰਿਲੋਚਨ ਸਿੰਘ ਰਾਣਾ ਦੀ ਸੁਪਤਨੀ ਮਾਤਾ ਮਨਜੀਤ ਕੌਰ, ਸਿਰਮੌਰ ਕਹਾਣੀਕਾਰ ਲਾਲ ਸਿੰਘ, ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਕੈਨੇਡਾ ਤੋਂ ਜਸਵੀਰ ਦਿਉਲ, ਕਿਰਤਮੀਤ ਕੁਹਾੜ, ਪਰਗਣ ਮੱਟੂ, ਮਨਦੀਪ ਬਿਲਗਾ, ਦਰਸ਼ਨ ਮਹਿਰਾਜ, ਨਵਤੇਜ ਬੈਂਸ, ਡਾ ਪ੍ਰਿਥਵੀ ਰਾਜ ਕਾਲੀਆ, ਪ੍ਰੋਫੈਸਰ ਜਗੀਰ ਕਾਹਲੋਂ, ਹਰਬੰਸ ਮੱਲ੍ਹੀ, ਪ੍ਰੋ ਜੈਪਾਲ ਸਿੰਘ ਅਤੇ ਸੁਰਿੰਦਰ ਕੌਰ, ਇੰਗਲੈਂਡ ਤੋਂ ਬੰਤ ਸ਼ੇਰਗਿੱਲ ਅਤੇ ਹੋਰਨਾਂ ਨੇ ਆਪਣਾ ਸ਼ੋਕ ਸੰਦੇਸ਼ ਘੱਲਿਆ।
ਹਾਜ਼ਰ ਸਖਸ਼ੀਅਤਾਂ ਨੇ ਸਾਥੀ ਹੁੰਦਲ ਦੀ ਸੁਪਤਨੀ ਮਾਤਾ ਰਘਬੀਰ ਕੌਰ, ਉਨ੍ਹਾਂ ਦੀ ਬੇਟੀ ਨਵਜੋਤ ਕੌਰ, ਦਾਮਾਦ ਡਾਕਟਰ ਕਸ਼ਮੀਰ ਸਿੰਘ ਸੋਹਲ (ਵਿਧਾਇਕ ਹਲਕਾ ਤਰਨਤਾਰਨ) ਅਤੇ ਸਪੁੱਤਰਾਂ ਤੇ ਪਰਿਵਾਰਕ ਜੀਆਂ ਦਾ ਦੁੱਖ ਵੰਡਾਇਆ।
ਸਾਥੀ ਹਰਭਜਨ ਸਿੰਘ ਹੁੰਦਲ ਨਮਿੱਤ ਸ਼ਰਧਾਂਜਲੀ ਸਮਾਗਮ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਪੈਂਦੇ ਕਸਬਾ ਢਿਲਵਾਂ ਨੇੜਲੇ ਟੋਲ ਪਲਾਜ਼ਾ ਕੋਲ ਬਣੇ ਜੰਬਾ ਪੈਲੇਸ ਵਿਖੇ ਆਉਣ ਵਾਲੀ 16 ਜੁਲਾਈ, ਐਤਵਾਰ ਨੂੰ ਹੋਵੇਗਾ।
ਜਾਰੀ ਕਰਤਾ : ਮਹੀਪਾਲ ( 99153 12806)