Headlines

ਕੈਨੇਡਾ ਸਰਕਾਰ ਮਹਿੰਗਾਈ ਤੇ ਕਾਬੂ ਪਾਉਣ ਲਈ ਯਤਨਸ਼ੀਲ-ਟਰੂਡੋ

ਬੈਂਕ ਵਿਆਜ ਦਰਾਂ ਵਿਚ ਵਾਧਾ ਇਕ ਉਪਾਅ ਵਜੋਂ-

ਕੈਲਗਰੀ ( ਮਾਸਟਰ ਗੁਰਮੀਤ ਸਿੰਘ ਤੰਬੜ)- ਬੀਤੇ ਦਿਨੀਂ ਕੈਲਗਰੀ ਸਟੈਂਪੀਡ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਸਟੈਂਪੀਡ ਮੇਲੇ ਵਿਚ ਸ਼ਾਮਿਲ ਹੁੰਦਿਆਂ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਾਲ 1912 ਤੋ ਕੈਲਗਰੀ ਵਿਚ ਸੁਰੂ ਹੋਇਆ ਇਹ ਸਟੈਂਪੀਡ ਮੇਲਾ ਹਰ ਸਾਲ ਜੁਲਾਈ ਮਹੀਨੇ ਮਨਾਇਆ ਜਾਂਦਾ ਹੈ। ਹਰ ਸਾਲ ਇਸ ਮੇਲੇ ਵਿਚ 10 ਲੱਖ ਦੇ ਕਰੀਬ ਲੋਕ ਸ਼ਾਮਿਲ ਹੁੰਦੇ ਹਨ ਤੇ ਵਿਸ਼ਵ ਭਰ ਤੋ ਲੋਕ ਇਸ ਮੇਲੇ ਦਾ ਆਨੰਦ ਮਾਣਦੇ ਹਨ। ਇਸ ਸਟੈਂਪੀਡ ਮੇਲੇ ਦੌਰਾਨ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਬਰੇਕਫਾਸਟ ਦਾ ਪ੍ਰੋਗਰਾਮ ਰੱਖਿਆ ਗਿਆ ਜਿਥੇ ਪ੍ਰਧਾਨ ਮੰਤਰੀ ਟਰੂਡੋ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਮੈਨੂੰ ਪ੍ਰਧਾਨ ਮੰਤਰੀ ਨੂੰ ਜੀ ਆਇਆ ਕਹਿਣ ਦਾ ਮੌਕਾ ਮਿਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਵਲੋ ਉਤਸ਼ਾਹਿਤ ਕਰਨ ਤੇ ਮੇਰੇ ਮਨ ਵਿਚ ਜੋ ਸਵਾਲ ਹਨ, ਮੈਂ ਉਹਨਾਂ ਤੋਂ ਪੁੱਛਣ ਦਾ ਯਤਨ ਕੀਤਾ। ਮੇਰਾ ਪਹਿਲਾ ਸਵਾਲ ਸੀ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ, ਜਿਸ ਕਾਰਣ ਲੋਕਾਂ ਵਿਚ ਭਾਰੀ ਨਿਰਾਸ਼ਾ ਤੇ ਲੋਕ ਸਰਕਾਰ ਨੂੰ ਕੋਸ ਰਹੇ ਹਨ। ਘਰਾਂ ਦੀਆਂ ਕੀਮਤਾਂ , ਮੌਰਟਗੇਜ਼ ਅਤੇ ਬੀਮੇ ਦੀਆਂ ਦਰਾਂ ਵਿਚ ਵੀ ਵਾਧਾ ਹੋ ਰਿਹਾ ਹੈ। ਉਹਨਾਂ ਦਾ ਜਵਾਬ ਸੀ ਕਿ ਸਰਕਾਰ ਇਨਫਲੇਸ਼ਨ ( ਮਹਿੰਗਾਈ) ਨੂੰ ਰੋਕਣ ਦਾ ਯਤਨ ਕਰ ਰਹੀ ਹੈ। ਬੈਂਕ ਦੀਆਂ ਵਿਆਜ ਦਰਾਂ ਵਿਚ ਵਾਧਾ ਮਹਿੰਗਾਈ ਅਤੇ ਜਮਾਂਖੋਰੀ ਨੂੰ ਰੋਕਣ ਲਈ ਇਕ ਉਪਾਅ ਵਜੋ ਹੈ। ਮੇਰਾ ਦੂਸਰਾ ਸਵਾਲ ਸੀ ਕਿ ਮੂਲਵਾਸੀ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਉਹਨਾਂ ਦੀ ਸਿੱਖਿਆ ਬਾਰੇ ਸਰਕਾਰ ਦੀਆਂ ਕੀ ਯੋਜਨਾਵਾਂ ਹਨ। ਉਹਨਾਂ ਕਿਹਾ ਕਿ ਸਰਕਾਰ ਮੂਲਵਾਸੀ ਬੱਚਿਆਂ ਦੀ ਸਿੱਖਿਆ ਵੱਲ ਖਾਸ ਧਿਆਨ ਦੇ ਰਹੀ ਹੈ। ਸਕੂਲ ਬਣਾਏ ਜਾ ਰਹੇ ਹਨ ਤੇ ਵਜ਼ੀਫੇ ਦਿੱਤੇ ਜਾ ਰਹੇ ਹਨ।ਮੇਰੇ ਸਵਾਲਾਂ ਦਾ ਤਹੱਮਲ ਨਾਲ ਜਵਾਬ ਦੇਣ ਲਈ ਮੈਂ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ।