Headlines

ਡਾ.ਓਬਰਾਏ ਵੱਲੋਂ ਹੜ੍ਹ ਪੀੜਤਾਂ ਲਈ ਨਿਰੰਤਰ ਸੇਵਾ ਕਾਰਜ ਜਾਰੀ 

ਟਰੱਸਟ ਦੀ ਜ਼ਿਲ੍ਹਾ ਤਰਨਤਾਰਨ ਟੀਮ ਵਲੋਂ ਜਲੰਧਰ ਜਿਲ੍ਹੇ ਲਈ 335 ਕੁਇੰਟਲ ਪਸ਼ੂਆਂ ਦਾ ਚਾਰਾ ਅਤੇ 100 ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ-
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,17 ਜੁਲਾਈ-
ਪੰਜਾਬ ਦਾ ਬਹੁਤ ਵੱਡਾ ਹਿੱਸਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ। ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਜਲੰਧਰ ਜ਼ਿਲ੍ਹੇ ਦੇ ਗਿੱਦੜਵਿੰਡੀ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ।ਇਹਨਾਂ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਪਾਣੀ ਦੀ ਪਈ ਮਾਰ ਦੌਰਾਨ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਂਦਿਆਂ ਦੁਨੀਆਂ ਭਰ ‘ਚ ਰੱਬ ਦੇ ਫ਼ਰਿਸ਼ਤੇ ਵੱਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਆਪਣੀ ਜ਼ਿਲ੍ਹਾ ਤਰਨਤਾਰਨ ਦੀ ਟੀਮ ਰਾਹੀਂ ਜਲੰਧਰ ਜਿਲ੍ਹੇ ਲਈ ਭੇਜਿਆ ਗਿਆ 335 ਕੁਇੰਟਲ ਪਸ਼ੂਆਂ ਦਾ ਚਾਰਾ ਅਤੇ 100 ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਗਿੱਦੜਵਿੰਡੀ ਬੰਨ ਟੁੱਟ ਜਾਣ ਕਾਰਨ ਇਸ ਇਲਾਕੇ ਦੇ ਕਈ ਪਿੰਡ ਮਾਰ ਹੇਠ ਆਏ ਹਨ। ਝੋਨੇ ਦੀ ਫ਼ਸਲ ਤਬਾਹ ਹੋਣ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਤਬਾਹ ਹੋ ਗਿਆ ਹੈ।ਸੋ ਪਸ਼ੂ ਖੁਰਾਕ ਦੀ ਕਿੱਲਤ ਨੂੰ ਵੇਖਦਿਆਂ 335 ਕੁਇੰਟਲ ਪਸ਼ੂਆਂ ਲਈ ਮੱਕੀ ਦਾ ਆਚਾਰ ਭੇਜਿਆ ਗਿਆ ਹੈ,ਇਸ ਤੋਂ ਇਲਾਵਾ 100 ਅਤਿ ਲੋੜਵੰਦ ਪਰਿਵਾਰਾਂ ਲਈ ਸੁੱਕੇ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਹਨ। ਜੋ ਅੱਜ ਇਸ ਜ਼ਿਲ੍ਹੇ ਦੇ ਪਿੰਡ ਬੂੜੇਵਾਲ, ਬਾਘੀਆਂ ਖੁਰਦ,ਹਯਾਤੇ ਵਾਲਾ ਖੁਰਲਾ ਪੁਰ, ਕੰਨੀਆਂ,ਗਿਦੜ ਵਿੰਡੀ,ਗੱਟਾ ਮੁੰਡੀ ਕਾਸੂ, ਨਸੀਰੇਵਾਲ,ਕੋਠਾ,ਕੰਗ ਨਸੀਰੇਵਾਲ,ਦਾਰੇਵਾਲ,ਨਲ ਅਤੇ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਕਸੀਮ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਟਰੱਸਟ ਦੇ ਬਾਨੀ ਪ੍ਰਧਾਨ ਡਾਕਟਰ ਐਸ.ਪੀ ਸਿੰਘ ਓਬਰਾਏ ਨੇ ਵਿਸ਼ਵਾਸ ਦਿਵਾਇਆ ਕਿ ਹੋਰ ਵੀ ਜੋ ਸਮਾਨ ਲੋੜੀਂਦਾ ਹੋਵੇਗਾ ਉਸ ਦੀ ਸਹਾਇਤਾ ਵੀ ਕੀਤੀ ਜਾਵੇਗੀ।
ਇਸ ਮੌਕੇ ਸਮਾਜ ਸੇਵਕ ਗੁਰਨਾਮ ਸਿੰਘ ਅਤੇ ਮਾਸਟਰ ਰਾਕੇਸ਼ ਕੁਮਾਰ ਨੇ ਡਾਕਟਰ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ 2019 ਵਿੱਚ ਆਏ ਹੜ੍ਹਾਂ ਦੌਰਾਨ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੱਡੇ ਪੱਧਰ ਤੇ ਸਹਾਇਤਾ ਭੇਜੀ ਗਈ ਸੀ। ਇਸ ਵਾਰ ਵੀ ਜਲੰਧਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਡਾ. ਓਬਰਾਏ ਵੱਲੋਂ ਵੱਡੇ ਪੱਧਰ ‘ਤੇ ਜੋ ਸਹਾਇਤਾ ਕੀਤੀ ਗਈ ਹੈ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।