Headlines

ਸ਼ਰਧਾਂਜਲੀ-ਹਰਭਜਨ ਸਿੰਘ ਹੁੰਦਲ ਨਾਲ ਅਖ਼ੀਰੀ ਗੱਲਾਂ ਕਰਦਿਆਂ…

ਪ੍ਰੋ ਗੁਰਭਜਨ ਗਿੱਲ-

ਪ੍ਰਸਿਧ ਕਵੀ ਹਰਭਜਨ ਸਿੰਘ ਹੁੰਦਲ ਜੀ ਦੇ ਜਾਣ ਮਗਰੋਂ ਪਰਿਵਾਰ ਵੱਲੋਂ ਜੰਬਾ ਰੀਜ਼ਾਰਟ ਢਿੱਲਵਾਂ ( ਕਪੂਰਥਲਾ) ਵਿੱਚ ਸ਼ਰਧਾਜਲੀ ਸਮਾਗਮ ਸੀ। ਸਾਰੇ ਹੀ ਸਨ ਓਥੇ, ਹੁੰਦਲ ਦੇ ਲਿਖਾਰੀ, ਸਿਆਸੀ ਤੇ ਸਮਾਜਿਕ ਸਾਂਝੀਦਾਰਾਂ ਤੋਂ ਬਿਨਾ ਰਿਸ਼ਤੇ ਨਾਤਿਉਂ ਸਨੇਹੀ ਸੱਜਣ।
ਤੁਸੀਂ ਪੁੱਛੋਗੇ, ਕੌਣ ਕੌਣ ਸੀ ਓਥੇ। ਮੈਂ ਕਹਿੰਦਾ ਹਾਂ, ਕੌਣ ਨਹੀਂ ਸੀ ਓਥੇ।
ਸੁਰਜੀਤ ਪਾਤਰ, ਲਖਵਿੰਦਰ ਜੌਹਲ, ਸੁਖਦੇਵ ਸਿੰਘ ਸਿਰਸਾ, ਡਾਃ ਅਨੂਪ ਸਿੰਘ ਬਟਾਲਾ, ਪ੍ਰੋ. ਸੁਰਜੀਤ ਜੱਜ, ਡਾਃ ਗੁਰਇਕਬਾਲ ਸਿੰਘ, ਹਰਮੀਤ ਵਿਦਿਆਰਥੀ, ਡਾਃ ਰਘਬੀਰ ਕੌਰ,ਹਰਵਿੰਦਰ ਭੰਡਾਲ, ਸ਼ੇਲਿੰਦਰਜੀਤ ਸਿੰਘ , ਰਘਬੀਰ ਸਿੰਘ ਸੋਹਲ, ਵਰਗਿਸ ਸਲਾਮਤ, ਪ੍ਰਿੰਸੀਪਲ ਤਰਸੇਮ ਸਿੰਘ ਬੰਗਾ, ਡਾਃ ਹੀਰਾ ਸਿੰਘ ਖ਼ਾਲਸਾ ਕਾਲਿਜ ਅੰਮ੍ਰਿਤਸਰ, ਪ੍ਰਿੰਸੀਪਲ ਡਾਃ ਸੁਖਵਿੰਦਰ ਸਿੰਘ ਰੰਧਾਵਾ, ਨਕੋਦਰ, ਧਰਮਿੰਦਰ ਸਿੰਘ ਢੀਂਡਸਾ,ਧਰਵਿੰਦਰ ਸਿੰਘ ਔਲਖ, ਹਰਭਜਨ ਸਿੰਘ ਬਾਜਵਾ ਬਟਾਲਾ,ਗੁਰਮੀਤ ਸਿੰਘ ਬਾਜਵਾ ਤੇ ਰਾਜ ਕਲਾਨੌਰ, ਰਮੇਸ਼ ਯਾਦਵ, ਭੁਪਿੰਦਰ ਸੰਧੂ, ਸੁਰਿੰਦਰਜੀਤ ਚੌਹਾਨ, ਵਿਸ਼ਾਲ, ਸੁਲੱਖਣ ਸਰਹੱਦੀ ਤੇ ਮੱਖਣ ਕੋਹਾੜ ਦੋਵੇਂ ਭਰਾ। ਪ੍ਰੋ. ਤੇਜਿੰਦਰ ਵਿਰਲੀ, ਪ੍ਰੋਃ ਜਸਬੀਰ ਸਿੰਘ ਧਾਲੀਵਾਲ,ਮੇਰੇ ਅਧਿਆਪਕ ਮਾਸਟਰ ਰਘਬੀਰ ਸਿੰਘ ਬਟਾਲਿਓਂ। ਬਦੇਸ਼ਾਂ ਚੋ ਸੁਰਿੰਦਰ ਸਿੰਘ ਸੁੰਨੜ, ਪਰਮਜੀਤ ਕੌਰ ਦਿਓਲ, ਤੇ ਕਈ ਹੋਰ।
ਪਹਿਲਾਂ ਕਵੀਸ਼ਰ ਵੀਰ ਚੰਗਾ ਸੋਹਣਾ ਰੰਗ ਬੰਨ੍ਹ ਰਹੇ ਸਨ ਮਗਰੋਂ “ਹੁਣ”ਮੈਗਜ਼ੀਨ ਦਾ ਸੰਪਾਦਕ ਸੁਸ਼ੀਲ ਦੋਸਾਂਝ ਮੰਚ ਤੇ ਸਭ ਰੰਗ ਦੇ ਸੱਜਣ ਪੇਸ਼ ਕਰ ਰਿਹਾ ਸੀ। ਵਿਧਾਇਕ ਸੁਖਪਾਲ ਸਿੰਘ ਖਹਿਰਾ, ਸੁਰਜੀਤ ਪਾਤਰ, ਲਖਵਿੰਦਰ ਜੌਹਲ ,ਸੁਰਿੰਦਰ ਗਿੱਲ, ਹਰਕੰਵਲ ਸਿੰਘ, ਬੋਧ ਸਿੰਘ ਘੁੰਮਣ, ਦਰਸ਼ਨ ਸਿੰਘ ਧਾਲੀਵਾਲ, ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ,ਡਾਃ ਚਮਨ ਲਾਲ, ਸੁਲੱਖਣ ਸਰਹੱਦੀ ਸਮੇਤ ਕਿੰਨੇ ਬੁਲਾਰੇ। ਹੁੰਦਲ ਜੀ ਦੇ ਦਾਮਾਦ ਤੇ ਤਰਨ ਤਾਰਨ ਤੋਂ ਵਿਧਾਇਕ ਡਾਃ ਕਸ਼ਮੀਰ ਸਿੰਘ ਸੋਹਲ ਤੇ ਡਾਃ ਹਰਪ੍ਰੀਤ ਸਿੰਘ ਹੁੰਦਲ ਨੇ ਟੱਬਰ ਵੱਲੋਂ ਸ਼ੁਕਰਾਨਾ ਕੀਤਾ। ਟੋਰੰਟੋ ਤੋਂ ਆਇਆ ਨਿੱਕਾ ਪੁੱਤਰ ਹਰਿੰਦਰਪਾਲ ਸਿੰਘ ਹੁੰਦਲ ਤੇ ਬੇਟੀ ਨਵਜੋਤ ਕੌਰ ਤੇ ਮਾਤਾ ਰਘੁਬੀਰ ਕੌਰ ਹੁੰਦਲ ਸਭਨਾਂ  ਨੂੰ ਮਿਲ ਰਹੇ ਸਨ, ਹਰੇਕ ਦੇ ਕੋਲ ਜਾ ਜਾ ਕੇ। ਪਰਿਵਾਰ ਵੱਲੋਂ ਹਰਭਜਨ ਸਿੰਘ ਹੁੰਦਲ ਦੀ ਸਵੈ ਜੀਵਨੀ “ਕਿਵੇਂ ਗੁਜ਼ਾਰੀ ਜ਼ਿੰਦਗੀ” ਦਾ  ਸਦਾਵਰਤ ਲਾਇਆ ਹੋਇਆ ਸੀ। ਪਾਕਿਸਤਾਨੋਂ ਬਾਬਾ ਨਜਮੀ ਦਾ ਬੋਲ ਕੇ ਘੱਲਿਆ  ਸੰਦੇਸ਼ੜਾ ਪੌਣਾਂ ਚ ਤੈਰ ਰਿਹਾ ਸੀ।
ਮੈਨੂੰ ਰਹਿ ਰਹਿ ਕੇ ਚੇਤਾ ਆ ਰਿਹਾ ਸੀ ਪਿਛਲੀਂ ਅਨੇਕ ਮੁਲਾਕਾਤਾਂ ਦਾ।

ਮੈਂ ਜਦੋਂ ਵੀ ਮਿੱਤਰਾਂ ਸਮੇਤ ਬਟਾਲੇ ਜਾਂ ਮਾਝੇ ਚ ਕਿਤੇ ਹੋਰ ਜਾਂਦਾ ਤਾਂ ਬਹੁਤੀ ਵਾਰ ਫੱਤੂਚੱਕ ਰੁਕ ਕੇ ਹਰਭਜਨ ਸਿੰਘ ਹੁੰਦਲ ਨੂੰ ਚਰਨ ਬੰਦਨਾ ਕਰਨਾ ਨਾ ਭੁੱਲਦਾ।
ਉਹ ਮੇਰੇ ਲਈ ਹਮੇਸ਼ਾਂ ਚਾਨਣ ਮੀਨਾਰ ਰਿਹਾ। ਅਸਲ ਕਾਰਨ ਇਹ ਸੀ ਕਿ ਸਭ ਤੋਂ ਪਹਿਲਾਂ ਪੜ੍ਹੀਆਂ ਕਿਤਾਬਾਂ ਵਿੱਚ ਹੁੰਦਲ ਦੀਆਂ ਕਿਤਾਬਾਂ “ਮਾਰਗ”ਅਤੇ “ਮੁਖੌਟੇ”ਸ਼ਾਮਿਲ ਸਨ। ਉਨ੍ਹਾਂ ਦੇ ਸੱਜਣ ਪੰਜਾਬੀ ਕਵੀ ਸੁਰਿੰਦਰ ਗਿੱਲ ਜੀ ਨੇ ਮੈਨੂੰ ਪੜ੍ਹਨ ਨੂੰ ਦਿੱਤੀਆਂ ਸਨ। 1969 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ  ਗੁਰੂ ਨਾਨਕ ਸ਼ਤਾਬਦੀ ਕਵੀ ਦਰਬਾਰ ਤੇ ਕਾਲਾ ਅਫ਼ਗਾਨਾ ਚ ਆਪਣੇ ਕਾਲਿਜ ਚ ਸੁਣਿਆ ਸੀ।
ਉਨ੍ਹਾਂ ਦੀ ਮਾਰਕਸਵਾਦੀ ਕਮਿਉਨਿਸਟ ਪਾਰਟੀ ਨਾਲ ਨੇੜਤਾ ਕਾਰਨ ਲੋਕ ਲਹਿਰ ਅਖ਼ਬਾਰ ਚ ਉਹ ਬਹੁਤ ਛਪਦੇ। ਸੁਹੇਲ ਸਿੰਘ ਇਸ ਅਖ਼ਬਾਰ ਦੇ ਸੰਪਾਦਕ ਸਨ। ਉਹ ਹੁੰਦਲ ਦੇ ਮਿੱਤਰ ਤੇ ਮੇਰੇ ਮਿਹਰਬਾਨ ਸਨ। ਉਨ੍ਹਾਂ ਕੋਲੋਂ ਹੁੰਦਲ ਦੀਆਂ ਕਿਤਾਬਾਂ ਅਕਸਰ ਪੜ੍ਹਨ ਨੂੰ ਮਿਲ ਜਾਂਦੀਆਂ।
ਹੁੰਦਲ ਦੀ ਸ਼ਾਇਰੀ ਚ ਲੋਕ ਭਾਸ਼ਾ ਤੇ ਤਿੱਖੀ ਤੇਜ਼ ਨਜ਼ਰ ਤੇ ਨਜ਼ਰੀਆ ਮੈਨੂੰ ਚੰਗਾ ਲੱਗਦਾ।
ਉਹ ਪਿਛਲੇ ਕੁਝ ਸਾਲਾਂ ਤੋਂ ਢਿੱਲੇ ਮੱਠੇ ਸਨ। ਗੱਲਾਂ ਕਰਦੇ ਵੀ ਥੱਕ ਜਾਂਦੇ। ਪਿਛਲੀ ਵਾਰ ਬਟਾਲੇ ਗਿਆ ਤਾਂ ਮੇਰੇ ਨਾਲ ਡਾਃ ਗੁਰਇਕਬਾਲ ਸਿੰਘ ਸੀ। ਮੈਂ ਗੱਲਾਂ ਰੀਕਾਰਡ ਕਰ ਰਿਹਾ ਸਾਂ। ਜੁਆਬ ਦਿੰਦੇ ਰਹੇ ਪਰ ਅਚਨਚੇਤ ਬੋਲੇ, ਚੱਲ ਛੱਡ ਯਾਰ ਹੁਣ ਮੈਂ ਥੱਕ ਗਿਆ ਹਾਂ।
ਕੁਝ ਦਿਨ ਪਹਿਲਾਂ ਮੈਂ ਉਨ੍ਹਾਂ ਦੇ ਵੱਡੇ ਸਪੁੱਤਰ ਡਾ. ਹਰਪ੍ਰੀਤ ਸਿੰਘ ਹੁੰਦਲ ਨੂੰ ਹੁੰਦਲ ਸਾਹਿਬ ਦਾ ਹਾਲ ਪੁੱਛਿਆ ਤਾਂ ਕਹਿਣ ਲੱਗਾ, ਹੁਣ ਨਿਢਾਲ ਨੇ। ਲੱਗਦਾ ਨਹੀਂ ਹੋਰ ਸਾਥ ਦੇਣ। ਮੋਹ ਤੋੜ ਰਹੇ ਨੇ।
ਮੇਰਾ ਗੱਚ ਭਰ ਆਇਆ। ਸਾਡਾ ਤਾਂ ਕਿਲ੍ਹਾ ਹੈ ਫੱਤੂ ਚੱਕ। ਜੇ ਇਹ ਕਿਲ੍ਹਾ ਢਹਿ ਗਿਆ ਤਾਂ ਕਿੱਥੇ ਰੁਕਿਆ ਕਰਾਂਗੇ?ਅਸੀਂ ਜਦ ਮਿਲਣਾ, ਨੋਕ  ਝੋਕ ਚੱਲਣੀ। ਪੰਜਾਬੀ ਸਾਹਿੱਤ ਅਕਾਡਮੀ  ਲੁਧਿਆਣਾ ਨਾਲ ਉਨ੍ਹਾਂ ਨੂੰ ਮੈਂ ਹੀ ਜੋੜਿਆ ਸੀ ਪਰ ਕਦੇ ਵੀ ਉਨ੍ਹਾਂ ਮੈਨੂੰ ਥਾਪੜਾ ਨਾ ਦਿੱਤਾ। ਸਿਰਫ਼ ਇੱਕ ਵਾਰ ਉਹ ਮੇਰੇ ਅੰਗ ਸੰਗ ਰਹੇ ਜਦ ਪ੍ਰਧਾਨਗੀ ਲਈ ਮੇਰਾ ਮੁਕਾਬਲਾ ਡਾਃ ਸ. ਤਰਸੇਮ ਨਾਲ ਸੀ।
ਹੁੰਦਲ ਸਾਹਿਬ ਦੀ ਸ਼ਾਇਰੀ ਦਾ ਲਗਪਗ ਹਰ ਅੱਖਰ ਮੇਰੇ ਕੋਲ ਹੈ। ਕਾਫ਼ੀ ਅਨੁਵਾਦ ਪੁਸਤਕਾਂ ਵੀ। ਸਵੈ ਜੀਵਨੀ ਤੇ ਸਮੁੱਚੀ ਗ਼ਜ਼ਲ “ਮੇਰੇ ਬੋਲ “ ਤਾਂ ਉਨ੍ਹਾਂ ਮੈਨੂੰ ਆਪ ਸੌਂਪੀ ਸੀ।
ਇੱਕ ਵਾਰ ਦਰਸ਼ਨ ਬੁੱਟਰ ਤੇ ਮੈਂ ਸਾਹਿੱਤ ਸਭਾ ਬਾਬਾ ਬਕਾਲਾ ਦੇ ਸਮਾਗਮ ਲਈ ਜਾਂਦਿਆਂ ਫੱਤੂਚੱਕ ਰੁਕੇ। ਇਹ ਤਸਵੀਰ ਉਸੇ ਫੇਰੀ ਦੀ ਹੈ।
ਉਹ ਮੇਰਾ ਬਥੇਰਾ ਚਾਅ ਲੈਂਦੇ ਸਨ। ਇਸ ਬਾਰੇ ਏਧਰੋਂ ਓਧਰੋਂ ਮੈਨੂੰ ਕਨਸੋਅ ਮਿਲਦੀ ਰਹਿੰਦੀ।
ਟੋਰੰਟੋ ਤੋਂ ਮੇਰੇ ਮਿੱਤਰ ਪ੍ਰੋ.ਜਾਗੀਰ ਸਿੰਘ ਕਾਹਲੋਂ ਦਾ ਫ਼ੋਨ ਆਇਆ ਹੁਣੇ, ਕਹਿਣ ਲੱਗਾ, ਸਾਡਾ ਜਰਨੈਲ ਕਵੀ ਤੁਰ ਗਿਆ। ਸੱਚੀਂ ਜਰਨੈਲ ਸੀ ਉਹ। ਕਾਫ਼ਲੇ ਦਾ ਸ਼ਾਹ ਅਸਵਾਰ।
ਬਹੁਤ ਕੁਝ ਗੁਆਚ ਗਿਐ ਪਿਛਲੇ ਸਮੇਂ ਚ। ਕਿੰਨਾ ਵੱਡਾ ਤਾਰਾ ਮੰਡਲ ਸੀ ਸ ਸ ਮੀਸ਼ਾ, ਡਾਃ ਜਗਤਾਰ, ਸੁਰਜੀਤ ਰਾਮਪੁਰੀ,ਰਣਧੀਰ ਸਿੰਘ ਚੰਦ, ਕੰਵਰ ਚੌਹਾਨ, ਗੁਰਦੇਵ ਨਿਰਧਨ, ਅਜਾਇਬ ਚਿਤਰਕਾਰ , ਗੁਰਚਰਨ ਰਾਮਪੁਰੀ ਤੇ ਕਈ ਹੋਰ। ਸਾਰੇ ਕਿਰਨ ਮ ਕਿਰਨੀ ਤੁਰ ਗਏ। ਅੱਜ ਹੁੰਦਲ ਵੀ ਫ਼ਤਹਿ ਬੁਲਾ ਗਿਆ।
ਤੁਹਾਨੂੰ ਪਤੈ ਹਰਭਜਨ ਸਿੰਘ ਹੁੰਦਲ ਦਾ ਜਨਮ 1934 ਚ  ਲਾਇਲਪੁਰ (ਪਾਕਿਸਤਾਨ) ਵਿਚ ਹੋਇਆ ਸੀ। ਏਧਰੋਂ ਉਹ ਬੰਡਾਲਾ (ਨੇੜੇ ਜੰਡਿਆਲਾ ਗੁਰੂ) ਅੰਮ੍ਰਿਤਸਰ ਤੋਂ ਗਏ ਸਨ ਬਾਰ ਆਬਾਦ ਕਰਨ।
ਉਹ ਪੰਜਾਬੀ ਦੇ ਪ੍ਰਤਿਬੱਧ ਕਵੀ ਸਨ ਪਰ ਬਹੁ-ਪੱਖੀ ਲੇਖਕ ਵੀ, ਕਈ ਵੱਡੇ ਕਵੀਆਂ ਨੂੰ ਪੰਜਾਬੀ ਚ ਅਨੁਵਾਦ ਕੀਤਾ। ਲਿਪੀਅੰਤਰਣ ਕਰਕੇ ਬਾਬਾ ਨਜਮੀ ਪਹਿਲੀ ਵਾਰ ਏਧਰ ਉਨ੍ਹਾਂ ਹੀ ਛਾਪਿਆ। ਹਬੀਬ ਜਾਲਿਬ ਤੇ ਫ਼ੈਜ਼ ਅਹਿਮਦ ਫ਼ੈਜ ਬਾਰੇ ਦੋ ਕਿਤਾਬਾਂ ਤਾਂ ਪੰਜਾਬੀ ਸਾਹਿੱਤ ਅਕਾਡਮੀ ਨੇ ਛਾਪੀਆਂ।
ਉਹ ਮਾਰਕਸਵਾਦ ਨੂੰ ਕਵਿਤਾ ਰਾਹੀਂ ਆਪਣੇ ਸੰਘਰਸ਼ ਦਾ ਰਹਿਨੁਮਾ ਦਰਸ਼ਨ ਮੰਨਦੇ ਸਨ। ਇਸ ਲਈ ਉਹ ਆਪਣੇ ਕਾਵਿ ਨੂੰ ਲੋਕ ਮੁਕਤੀ ਦਾ ਸਾਧਨ ਸਮਝਦੇ। ਉਨ੍ਹਾਂ ਨੇ ਕਾਵਿ ਰਚਨਾ, ਰੇਖਾ ਚਿੱਤਰ, ਸਵੈਜੀਵਨੀ ਆਦਿ ਦੇ ਨਾਲ-ਨਾਲ ਵਿਸ਼ਵ ਕਵਿਤਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ। 1992 ਤੋਂ ਉਹ ਤ੍ਰੈਮਾਸਿਕ ਰਸਾਲੇ ‘ਚਿਰਾਗ਼’ ਦਾ ਸੰਪਾਦਨ ਕਰਦੇ ਸਨ ਪਰ ਬਦ ਵਿੱਚ ਉਨ੍ਹਾਂ ਇਹ ਸੇਵਾ ਡਾਃ ਕਰਮਜੀਤ ਸਿੰਘ ਨੂੰ ਸੌਂਪ ਦਿੱਤੀ। ਉਨ੍ਹਾਂ ਦੀਆਂ ਕਾਵਿ ਰਚਨਾਵਾਂ: ਮਾਰਗ (1965) , ਅਸਲ ਗੱਲ (1974), ਕਾਲੇ ਦਿਨ (1978), ਜੇਲ੍ਹ ਅੰਦਰ ਜੇਲ੍ਹ (1982), ਚਾਨਣ ਦਾ ਸਰਨਾਵਾਂ (1986), ਅੱਗ ਦਾ ਬੂਟਾ (1986), ਸਤਲੁਜ ਦਾ ਸਰਨਾਵਾਂ (1993), ਜੰਗਨਾਮਾ ਪੰਜਾਬ (1994), ਰੰਗ ਆਪੋ ਆਪਣਾ (2000), ਮੇਰੇ ਸਮਕਾਲੀ ਕਵੀ (2002 ), ਕਵਿਤਾ ਦੀ ਤਲਾਸ਼ (2003), ਕਵੀਆਂ ਦੇ ਅੰਗ ਸੰਗ (2004), ਸੰਨ ਸੰਤਾਲੀ ਦੇ ਦਿਨ (2007), ਨਜ਼ਰਬੰਦੀ ਦੇ ਦਿਨ (2007), ਕਵਿਤਾ ਦੇ ਰੂ-ਬਰੂ (2007), ਮੇਰੀ ਗ਼ਜ਼ਲ (2010), ਸਿਤਾਰਿਆਂ ਦੀ ਸੱਥ (2011); ਅਨੁਵਾਦ: ਪਾਬਲੋ ਨੇਰੂਦਾ ਚੋਣਵੀਂ ਕਵਿਤਾ, ਨਾਜ਼ਿਮ ਹਿਕਮਤ ਚੋਣਵੀਂ ਕਵਿਤਾ, ਚੋਣਵੀਂ ਕਵਿਤਾ: ਮਹਿਮੂਦ ਦਰਵੇਸ਼, ਸੰਪਾਦਨ: ਬਾਬਾ ਨਜਮੀ ਦੀ ਚੋਣਵੀਂ ਕਵਿਤਾ, ਸਫਰਨਾਮਾ, ਕੰਧ ਉਹਲੇ ਪ੍ਰਦੇਸ਼ (1999); ਜੀਵਨੀ: ਚਿਤਰਕਾਰ ਜਰਨੈਲ ਸਿੰਘ, ਸਾਹਿਤਿਕ ਸ੍ਵੈ-ਜੀਵਨੀ, ਲੋਕਾਂ ਦੀ ਨਰਤਕੀ: ਆਈਸਾਡੋਰਾ ਡੰਕਨ; ਹੋਰ: ਦੋਸਤੀਨਾਮਾ (2005) ਤੇ ਕਈ ਹੋਰ।
ਕਲਮ ਦੇ ਸੂਰਬੀਰ ਯੋਧੇ ਨੂੰ ਸਲਾਮ।
ਉਨ੍ਹਾਂ ਦਾ ਵੱਡਾ ਪੁੱਤਰ ਹਰਪ੍ਰੀਤ ਸਿੰਘ ਹੁੰਦਲ(ਸਿੱਖ ਨੈਸ਼ਨਲ ਕਾਲਿਜ ਕਾਦੀਆਂ ਦਾ ਪ੍ਰਿੰਸੀਪਲ)  ਦੱਸ ਰਿਹਾ ਸੀ ਕਿ ਨਿੱਕੇ ਵੀਰ ਹਰਿੰਦਰਪਾਲ ਸਿੰਘ ਦੇ ਕੈਨੇਡਾ ਤੋਂ ਆਉਣ ਤੇ ਹੀ ਅੰਤਿਮ ਸੰਸਕਾਰ ਹੋਵੇਗਾ।
ਹਰਭਜਨ ਸਿੰਘ ਹੁੰਦਲ ਦੀ 1964 ਵਿੱਚ ਲਿਖੀ ਇੱਕ ਲਿਖਤ ਨਾਲ ਤੁਸੀਂ ਵੀ ਸਾਂਝ ਪਾਉ।
ਸਾਡੇ ਵੇਲੇ

ਦਿਨ ਢਲਿਆ, ਤਰਕਾਲਾਂ ਪਈਆਂ,
ਫੜ ਕੇ ਡਾਂਗ, ਡੰਗੋਰੀ, ਸੋਟਾ,
ਚੌਂਕ ‘ਚ ਡੱਠੇ ਤਖਤ-ਪੋਸ਼ ਤੇ,
ਆ ਬੈਠੇ ਨੇ ਬਿਰਧ ਪੁਰਾਣੇ ।

ਗੱਲਾਂ ਵਿਚੋਂ ਗੱਲ ਤੁਰਦੀ ਹੈ,
ਹਰ ਗੱਲ ਪਿਛੇ ਨੂੰ ਮੁੜਦੀ ਹੈ ।

“ਕੱਤੇਂ ਸਾਰਾ ਲੰਘ ਗਿਆ ਹੈ
ਹਾਲੀ ਵੀ ਭੋਂ ਵੱਤ ਨਹੀਂ ਆਈ ।”
“ਪਹਿਲੋਂ ਔੜਾਂ ਮਾਰਦੀਆਂ ਨੇ
ਜੇ ਮੀਂਹ ਪੈਂਦਾ,
ਫਿਰ ਥੰਮਣ ਦਾ ਨਾਂ ਨਹੀਂ ਲੈਂਦਾ ।”

“ਲਾਭ ਸਿਆਂ, ਭਈ ਮੈਨੂੰ ਜਾਪੇ
ਸਾਡੇ ਨਾਲ ਵਾਹਿਗੁਰੂ ਜੀਕਣ
ਗੁੱਸੇ ਹੋਇਆ
ਸਾਡੇ ਵੇਲੇ ਇੰਜ ਕਦੇ ਨਾ ਮੀਂਹ ਪੈਂਦੇ ਸੀ ।”
ਮੈਂ ਤੇ ਕਹਿਨਾਂ,
“ਕਲਜੁਗ ਆਇਆ
ਹਰ ਗੱਲ ਪੁੱਠੀ ਹੀ ਸੁਣਦੇ ਹਾਂ ।
ਉਲਟੀ ਪੌਣ ਸਮੇਂ ਦੀ ਵਗਦੀ ।”

“ਹੋਰ ਸੁਣੀ ਊਂ ਗੱਲ ਅਨੋਖੀ ।
ਨੰਬਰਦਾਰਾਂ ਦੀ ਨੂੰਹ ਨਿੱਕੀ,
ਘਰ ਦਾ ਸੀਣਾਂ ਪੀਹਣਾਂ ਛੱਡ ਕੇ,
ਦਫਤਰ ਵਿਚ ਨੌਕਰੀ ਕਰਦੀ ।”

“ਸਾਡੇ ਵੇਲੇ ਕਦੇ ਭਰਾਵਾ
ਭਾਵੇਂ ਪਾਣੀ ਸਿਰ ਤੋਂ ਲੰਘੇ
ਭਾਵੇਂ ਕਿਵੇਂ ਗੁਜ਼ਾਰਾ ਕਰਦੀ ।
ਪਰ ਤ੍ਰੀਮਤ ਪੈਰ ਆਪਣੇ
ਘਰੋਂ ਬਾਹਰ ਨਹੀਂ ਸੀ ਧਰਦੀ ।”

“ਮੈਂ ਤੇ ਲੱਖਾਂ ਦੀ ਇੱਕ ਆਖਾਂ
ਬੰਦੇ ਦੇ ਹੀ ਕੰਮ ਕੀਤਿਆਂ
ਬਰਕਤ ਪੈਂਦੀ ।
ਤੀਵੀਂ ਤੇ ਘਰ ਦਾ ਗਹਿਣਾ ।
ਚਾਰਦੀਵਾਰੀ ਦੇ ਹੀ ਅੰਦਰ
ਸੁਹਣੀ ਲੱਗਦੀ ।”

“ਕੱਲ੍ਹ ਅਸਾਡਾ ਨਿੱਕਾ ਜੀਤਾ
ਆਖਣ ਲੱਗਾ,
‘ਹੁਣ ਬੰਦੇ ਨੇ ਚਹੁੰ ਸਾਲਾਂ ਨੂੰ
ਚੰਨ ਦੇ ਉਤੇ ਚੜ੍ਹ ਕੇ ਬਾਬਾ,
ਆਪਣਾ ਝੰਡਾ ਗੱਡ ਦੇਣਾ ਹੈ’
“ਇੰਜ ਕਦੇ ਪਰ ਹੋ ਸਕਦਾ ਹੈ !
ਮੈਂ ਤੇ ਕਹਿਨਾ,
ਵਿਚ ਦਫਤਰਾਂ,
ਵਿਹਲੇ ਬਹਿ ਅਖਬਾਰਾਂ ਵਾਲੇ
ਰਹਿਣ ਛੱਡਦੇ ਨਿਤ ਹਵਾਈਆਂ ।”

“ਕੀ ਕੀ ਕਹੀਏ ਤੇ ਕੀ ਸੁਣੀਏ
ਕੱਲ੍ਹ ਦੇ ਜੰਮਿਆਂ ਨੂੰ ਹੁਣ ਭਾਈ,
ਜੇ ਕੁਝ ਕਹੀਏ,
ਗਿੱਠ ਗਿੱਠ ਲੰਮੀਆਂ ਜੀਭਾਂ ਕੱਢ ਕੇ,
ਅੱਗੋਂ ਵੱਢਣ ਨੂੰ ਨੇ ਪੈਂਦੇ,
ਗੱਲ ਅਸਾਡੀ ਨੂੰ ਨਹੀਂ ਸਹਿੰਦੇ ।”

“ਹੁਣ ਤੇ ਚੁਪ ਰਹਿਣਾ ਹੀ ਚੰਗਾ,
ਇਕ ਚੁਪ ਤੇ ਸੌ ਸੁੱਖਾਂ ਨੇ ।
ਸਭ ਲੁਟਾ ਕੇ ਛੱਡ ਛਡਾ ਕੇ,
ਇਕ ਪਾਸੇ ਹੋ ਬੈਠ ਗਏ ਹਾਂ ।
“ਸਾਡੇ ਵੱਲੋਂ ਛੋਕਰ ਵਾਧਾ
ਖੇਹ ਉਡਾਵੇ, ਸਿਰ ਵਿਚ ਪਾਵੇ,
ਢਠੇ ਖੂਹ ਵਿਚ ਛਾਲਾਂ ਮਾਰੇ ।