Headlines

ਬੀ ਸੀ ਸਰਕਾਰ ਵਲੋਂ ਸਰੀ ਪੁਲਿਸ ਪ੍ਰਕਿਰਿਆ ਜਾਰੀ ਰੱਖਣ ਦੇ ਹੁਕਮ

ਆਰ ਸੀ ਐਮ ਪੀ ਨੂੰ ਅਧਿਕਾਰਿਤ ਪੁਲਿਸ ਰੱਖਣ ਦਾ ਕੇਸ ਦਮਦਾਰ ਨਹੀ-ਮਾਈਕ ਫਾਰਨਵਰਥ-

ਬੀ ਸੀ ਸਰਕਾਰ ਦਾ ਫੈਸਲਾ ਨਿਰਾਸ਼ਾਜਨਕ ਤੇ ਗੁੰਮਰਾਹਕੁੰਨ-ਬਰੈਂਡਾ ਲੌਕ

ਵਿਕਟੋਰੀਆ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਸਰਕਾਰ ਨੇ ਅੱਜ ਸਖਤੀ ਨਾਲ   ਸਰੀ ਸਿਟੀ ਕੌਂਸਲ ਨੂੰ ਸਰੀ ਆਰ ਸੀ ਐਮ ਪੀ  ਨੂੰ ਸ਼ਹਿਰ ਦੀ ਅਧਿਕਾਰਿਤ ਪੁਲਿਸ ਵਜੋਂ ਬਰਕਰਾਰ ਰੱਖਣ ਦੀ ਆਪਣੀ ਯੋਜਨਾ ਨੂੰ ਛੱਡਣ ਅਤੇ ਸਰੀ ਪੁਲਿਸ ਟਰਾਂਜੀਸ਼ਨ ਨੂੰ ਅੱਗੇ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਬੁੱਧਵਾਰ ਨੂੰ ਵਿਕਟੋਰੀਆ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਐਕਟ ਦੇ ਸੈਕਸ਼ਨ 2 ਦੇ ਅਨੁਸਾਰ ਕਾਰਵਾਈ ਕਰਦੇ ਹੋਏ ਇਹ ਹੁਕਮ ਸੁਣਾਏ ਹਨ। ਉਹਨਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਅੰਤਿਮ ਫੈਸਲਾ ਹੈ। “ਮੈਨੂੰ ਪੂਰੀ ਉਮੀਦ ਹੈ ਕਿ ਸਰੀ ਦੀ ਚੁਣੀ ਹੋਈ ਕੌਂਸਲ ਕਾਨੂੰਨ ਦੀ ਪਾਲਣਾ ਕਰੇਗੀ।
ਉਹਨਾਂ ਹੋਰ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਪੁਲਿਸ ਐਕਟ ਦੇ ਅਧੀਨ ਸ਼ਕਤੀਆਂ ਦੀ ਇੱਕ ਅਸਾਧਾਰਣ ਵਰਤੋਂ ਹੈ। ਯਕੀਨਨ ਇਹ ਫੈਸਲਾ ਹਲਕੇ ਤੌਰ ‘ਤੇ ਨਹੀਂ ਲਿਆ ਗਿਆ।
ਫਾਰਨਵਰਥ ਨੇ ਹੋਰ  ਕਿਹਾ ਹੈ ਕਿ ਸਰੀ ਦੀ ਅਧਿਕਾਰਿਤ  ਪੁਲਿਸ ਇਸ ਸਮੇਂ  ਵੀ ਆਰ ਸੀ ਐਮ ਪੀ ਹੈ। ਪਰ ਪਰਿਵਰਤਨ ਯੋਜਨਾ ਨੂੰ ਅੱਗੇ ਵਧਾਉਣ ਦੀ ਲੋੜ ਜਿੱਥੇ  ਸਰੀ ਪੁਲਿਸ ਸਿਟੀ ਦੀ ਨਵੀਂ ਅਧਿਕਾਰਿਤਤ ਪੁਲਿਸ ਸੇਵਾ ਵਿੱਚ ਤਬਦੀਲ ਹੋ ਜਾਵੇਗੀ। ਜੋ ਮੈਂ ਅੱਜ ਸਪੱਸ਼ਟ ਕਰ ਰਿਹਾ ਹਾਂ ਉਹ ਇਹ ਹੈ ਕਿ ਮੈਂ ਇਹ ਨਿਰਦੇਸ਼ ਦੇ ਰਿਹਾ ਹਾਂ ਕਿ ਤਬਦੀਲੀ ਸਰੀ ਪੁਲਿਸ ਸੇਵਾ ਵੱਲ ਜਾਰੀ ਰਹੇਗੀ।
ਸਿਟੀ ਆਫ਼ ਸਰੀ ਤੋਂ ਇੱਕ ਤਾਜ਼ਾ ਕਾਰਪੋਰੇਟ ਰਿਪੋਰਟ ‘ਤੇ ਵਿਚਾਰ ਕਰਨ ਤੋਂ ਬਾਅਦ, ਫਾਰਨਵਰਥ ਨੇ ਪਾਇਆ ਕਿ ਸ਼ਹਿਰ ਆਪਣਾ ਕੇਸ ਬਣਾਉਣ ਵਿੱਚ ਅਸਫਲ ਰਿਹਾ ਹੈ ਕਿ RCMP ਨਾਲ ਜੁੜੇ ਰਹਿਣਾ

ਜ਼ਿਕਰਯੋਗ ਹੈ ਕਿ ਸਰੀ ਪੁਲਿਸ ਬਨਾਮ ਆਰ ਸੀ ਐਮ ਪੀ ਦੇ ਵਿਵਾਦਿਤ ਮੁੱਦੇ ਨੂੰ ਲਗਭਗ ਪੰਜ ਸਾਲ ਹੋ ਗਏ ਹਨ। 5 ਨਵੰਬਰ, 2018 ਨੂੰ ਤਤਕਾਲੀ ਮੇਅਰ ਡੱਗ ਮੈਕਲਮ ਦੀ ਅਗਵਾਈ ਹੇਠ  ਸੇਫ ਸਰੀ ਕੋਲੀਸ਼ਨ ਨੇ  ਬਹੁਮਤ ਨਾਲ ਫੈਸਲਾ ਲਿਆ ਸੀ  ਕਿ ਉਹ ਆਰ ਸੀ ਐਮ ਪੀ  ਨਾਲ ਆਪਣਾ ਇਕਰਾਰਨਾਮਾ ਖਤਮ ਕਰ ਰਹੀ ਹੈ ਤੇ ਮਿਊਂਸਪਲ ਪੁਲਿਸ ਬਣਾਈ ਜਾਵੇਗੀ। ਉਸ ਸਮੇਂ ਕੌੰਸਲ ਬਰੈਂਡਾ ਲੌਕ ਅਤੇ ਜੈਕ ਹੁੰਦਲ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਬਾਦ ਵਿਚ ਬਰੈਂਡ ਲੌਕ ਨੇ ਮੇਅਰ ਦੀ ਚੋਣ ਲੜਦਿਆਂ ਆਰ ਸੀ ਐਮ ਪੀ ਨਾਲ ਜੁੜੇ ਰਹਿਣ ਲਈ ਪ੍ਰਚਾਰ ਕੀਤਾ ਅਤੇ 15 ਅਕਤੂਬਰ, 2022 ਦੀਆਂ ਚੋਣਾਂ ਵਿੱਚ ਡੱਗ ਮੈਕਲਮ ਨੂੰ ਹਰਾ ਦਿੱਤਾ।
ਫਿਰ ਉਸਨੇ 2018 ਦੇ ਫੈਸਲੇ ਨੂੰ ਉਲਟਾਉਣ ਲਈ ਕੌਂਸਲ ਵਿੱਚ ਆਪਣੇ ਬਹੁਮਤ ਦੀ ਵਰਤੋਂ ਕੀਤੀ ਅਤੇ ਸੂਬਾਈ ਸਰਕਾਰ ਨੂੰ ਨੋਟਿਸ ਦਿੱਤਾ ਕਿ ਉਸਨੇ RCMP ਨੂੰ ਰੱਖਣ ਦਾ ਫੈਸਲਾ ਕੀਤਾ ਹੈ। ਮਹੀਨਿਆਂ ਬਾਅਦ, ਫਾਰਨਵਰਥ ਨੇ ਪਿਛਲੇ ਅਪਰੈਲ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਸਿਫ਼ਾਰਸ਼ ਕੀਤੀ ਕਿ ਸਰੀ SPS ਦੀ ਟਰਾਂਜੀਸ਼ਨ ਜਾਰੀ ਰੱਖੇ ਪਰ ਮੇਅਰ ਲੌਕ ਨੇ ਸੂਬਾ ਸਰਕਾਰ ਦੀ ਗੱਲ ਨਾ ਮੰਨਦਿਆਂ ਮੁੜ 15 ਜੂਨ ਨੂੰ 6-3 ਵੋਟ ਨਾਲ ਆਪਣੇ ਫੈਸਲੇ ਦੀ ਦੁਬਾਰਾ ਪੁਸ਼ਟੀ ਕਰਕੇ ਜਵਾਬ ਦਿੱਤਾ ਕਿ ਇਹ RCMP ਦੀ ਸੇਵਾ  ਜਾਰੀ ਰਹੇਗੀ। ਉਹਨਾਂ  ਇਹ ਦਲੀਲ ਦਿੱਤੀ ਕਿ ਇਹ ਸਰੀ ਦਾ ਫੈਸਲਾ ਹੈ ਨਾਕਿ ਸੂਬਾ ਸਰਕਾਰ ਦਾ ।

***ਮੰਤਰੀ ਦਾ ਫੈਸਲਾ ਨਿਰਾਸ਼ਾਜਨਕ ਤੇੇ ਗੁੰਮਰਾਹਕੁਨ-ਬਰੈਂਡਾ ਲੌਕ

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸੂਬਾਈ ਸਰਕਾਰ ਦੇ ਫੈਸਲੇ ‘ਤੇ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਿਜਾਏ ਇਸ ਫੈਸਲੇ ਖਿਲਾਫ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਉਹਨਾਂ ਆਪਣੇ ਬਿਆਨ ਵਿਚ  ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਦੇ ਫੈਸਲੇ ਨੂੰ “ਨਿਰਾਸ਼ਾਜਨਕ, ਗਲਤ ਧਾਰਨਾਵਾਂ ‘ਤੇ ਅਧਾਰਤ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਜੋ ਵਾਪਰਿਆ ਹੈ ਉਹ ਲੋਕਾਂ ਦੁਆਰਾ ਚੁਣੀ ਹੋਈ  ਸਥਾਨਕ ਸਰਕਾਰ ਦਾ ਵੀ ਅਪਮਾਨ ਹੈ। ਉਹਨਾਂ ਸਾਲੀਸਿਟਰ ਜਨਰਲ ਦੀ ਕਾਰਵਾੀ ਨੂੰ ਬੀ ਸੀ ਦੀਆਂ ਸਾਰੀਆਂ ਨਗਰਪਾਲਿਕਾਵਾਂ ਦੀ ਖੁਦਮੁਖਤਿਆਰੀ ਲਈ ਵੀ ਚੇਤਾਵਨੀ ਕਰਾਰ ਦਿੱਤਾ ਹੈ।
ਮੇਅਰ ਬਰੈਂਡਾ ਲੌਕ ਨੇ ਹੋਰ ਕਿਹਾ ਕਿ ਜਨਤਕ ਸੁਰੱਖਿਆ ਮੰਤਰੀ ਦਾ ਸਪੱਸ਼ਟ ਕਹਿਣਆ ਹੈ ਕਿ ਸਰੀ ਦੇ ਸ਼ਹਿਰ ਕੋਲ ਇਸ ਮਾਮਲੇ ਵਿੱਚ ਕਦੇ ਕੋਈ ਵਿਕਲਪ ਨਹੀਂ ਹੈ।
ਲੌਕ ਨੇ ਕਿਹਾ ਕਿ ਉਸਨੇ “ਵਿਕਲਪਾਂ” ਦੀ ਪੜਚੋਲ ਕਰਨ ਲਈ ਸਿਟੀ ਕਾਉਂਸਿਲ ਵਿੱਚ ਆਪਣੇ ਸਾਥੀਆਂ ਅਤੇ ਸਿਟੀ ਸਟਾਫ ਨਾਲ ਮਿਲਣ ਦੀ ਯੋਜਨਾ ਬਣਾਈ ਹੈ। ਉਸਨੇ ਕਿਹਾ ਕਿ ਉਹ ਫਾਰਨਵਰਥ ਨਾਲ ਨਾਲ ਵੀ ਮਹੱਤਵਪੂਰਣ ਟੈਕਸ ਬੋਝ ਜੋ ਉਸਦੇ ਫੈਸਲੇ ਦੇ ਨਤੀਜੇ ਵਜੋਂ ਸਰੀ ਦੇ ਵਸਨੀਕਾਂ ਅਤੇ ਕਾਰੋਬਾਰਾਂ ‘ਤੇ ਪਾਏ ਜਾਣਗੇ” ਬਾਰੇ ਵਿਚਾਰ ਵਟਾਂਦਰੇ ਲਈ “ਆਹਮਣੇ-ਸਾਹਮਣੇ ਮੀਟਿੰਗ ਕਰਨ ਦੀ ਚਾਹਵਾਨ ਹੈ ।ਜਦੋਂ ਤੱਕ ਮੈਨੂੰ ਉਹਨਾਂ ਨਾਲ ਮੀਟਿੰਗ ਕਰਨ ਦਾ ਮੌਕਾ ਨਹੀਂ ਮਿਲਦਾ, ਮੈਂ ਅੱਗੇ ਟਿੱਪਣੀ ਨਹੀਂ ਕਰਾਂਗੀ।