Headlines

ਸੰਪਾਦਕੀ- ਦਰਿਆਵਾਂ ਨੂੰ ਬੰਨ ਲਾਉਂਦੇ ਪੰਜਾਬ ਦੇ ਲੋਕ ਬਨਾਮ ਲਿਬੜੇ ਪੈਰ….

-ਸੁਖਵਿੰਦਰ ਸਿੰਘ ਚੋਹਲਾ-

ਪਿਛਲੇ ਦਿਨੀਂ ਭਾਰੀ ਬਾਰਿਸ਼ ਕਾਰਣ ਹਿਮਾਚਲ, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ। ਹਿਮਾਚਲ ਪ੍ਰਦੇਸ਼ ਵਿਚ ਨਦੀਆਂ ਕੰਢੇ ਵੱਸੇ ਸ਼ਹਿਰਾਂ ਵਿਚ ਬਹੁਮੰਜਲੀ ਇਮਾਰਤਾਂ ਦੇ ਵਹਿ ਜਾਣ, ਗੱਡੀਆਂ, ਬੱਸਾਂ ਦੇ ਰੁੜਨ ਅਤੇ ਕਈ ਮਨੁੱਖੀ ਜਾਨਾਂ ਦੇ ਨੁਕਸਾਨ  ਦੇ ਨਾਲ ਰਾਜਧਾਨੀ ਦਿੱਲੀ ਦੇ ਲਾਲ ਕਿਲੇ ਤੱਕ ਯਮੁਨਾ ਦੇ ਪਾਣੀ ਦੀ ਮਾਰ ਦੀਆਂ ਤਸਵੀਰਾਂ ਵਿਆਕੁਲ ਕਰ ਦੇਣ ਵਾਲੀਆਂ ਰਹੀਆਂ। ਪੰਜਾਬ ਵਿਚ ਸਤਲੁਜ, ਘੱਗਰ, ਬਿਆਸ ਅਤੇ ਰਾਵੀ ਆਦਿ ਦਰਿਆਵਾਂ ਦੇ ਬੰਨ ਟੁੱਟਣ ਨਾਲ ਪੰਜਾਬ ਦੇ ਕੁਲ 23 ਜਿਲਿਆਂ ਚੋਂ 19 ਜਿਲੇ ਹੜ ਦੇ ਪਾਣੀ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਸਰਕਾਰੀ ਰਿਪਰੋਟਾਂ ਮੁਤਾਬਿਕ ਪੰਜਾਬ ਦੇ ਕੁਲ 1432 ਪਿੰਡਾਂ ਨੂੰ ਹੜਾਂ ਕਾਰਣ ਭਾਰੀ ਨੁਕਸਾਨ ਪੁੱਜਾ ਹੈ। ਘਰਾਂ ਤੇ ਖੇਤਾਂ ਦੇ ਨੁਕਸਾਨ ਦੇ ਨਾਲ ਕੁਲ 38 ਲੋਕਾਂ ਨੂੰ ਆਪਣੀ ਜਾਨ ਤੋ ਵੀ ਹੱਥ ਧੋਣੇ ਪਏ ਹਨ ਜਦੋਂਕਿ 15 ਹੋਰ ਜ਼ਖਮੀ ਹੋਏ ਤੇ 2 ਅਜੇ ਤੱਕ ਲਾਪਤਾ ਹਨ। ਰੋਪੜ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਦੇ ਕਈ ਪਿੰਡ ਦਰਿਆਵਾਂ ਦੇ ਬੰਨ ਟੁੱਟਣ ਕਾਰਣ ਹੜਾਂ ਦਾ ਸ਼ਿਕਾਰ ਹੋਏ ਹਨ। ਦਰਿਆਵਾਂ ਦੇ ਕੰਢੇ ਕੁਲ 27 ਪਾੜ ਪਏ ਜਿਹਨਾਂ ਚੋ ਕੇਵਲ ਤਿੰਨ ਪਾੜਾਂ ਉਪਰ ਹੀ ਤੁਰੰਤ ਕਾਬੂ ਪਾਉਣ ਵਿਚ ਸਫਲਤਾ ਮਿਲੀ ।

ਹੜਾਂ ਕਾਰਣ ਪਿੰਡਾਂ ਦੇ ਪਿੰਡ ਪਾਣੀ ਵਿਚ ਡੁੱਬੇ ਪਏ ਹਨ ਜਿਹਨਾਂ ਦੀਆਂ ਵੀਡੀਓ ਅਤੇ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਮਨੁੱਖੀ ਜਾਨਾਂ ਦੇ ਨਾਲ ਹਜਾਰਾਂ ਕਰੋੜਾਂ ਦੀ ਫਸਲ ਵੀ ਡੁੱਬ ਗਈ ਹੈ। ਹੜਾਂ ਦੇ ਪਾਣੀ ਤੋ ਬਚਾਅ ਲਈ ਲਗਪਗ 22000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ।

ਪੰਜਾਬ ਭਰ ਵਿਚ ਆਏ ਹੜਾਂ ਕਾਰਣ ਜਿਥੇ ਫੌਜ,  ਕੌਮੀ ਆਫਤ ਪ੍ਰਬੰਧਨ  ਦੀਆਂ ਟੀਮਾਂ ਲੋਕਾਂ ਨੂੰ ਬਚਾਉਣ ਅਤੇ ਸੁਰੱਖਿਅਤ ਕੱਢਣ ਵਿਚ ਲੱਗੀਆਂ ਰਹੀਆਂ ਉਥੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਨੌਜਵਾਨ ਵਰਗ ਨੇ ਬੜੀ ਹਿੰਮਤ ਵਿਖਾਉਂਦਿਆਂ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਤੇ ਹੁਣ ਤੱਕ ਕੀਤੀ ਜਾ ਰਹੀ ਹੈ। ਹੜਾਂ ਵਿਚ ਘਿਰੇ ਲੋਕਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਸਹਾਇਤਾ ਪਹੁੰਚਾਉਣ ਲਈ ਨੌਜਵਾਨ ਟਰੈਕਟਰਾਂ ਅਤੇ ਕਿਸ਼ਤੀਆਂ ਵਿਚ ਵਿਅਕਤੀਗਤ ਰੂਪ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਲੱਗੇ ਹੋਏ ਹਨ। ਇਸ ਵਾਰ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਮੋਹਰੀ ਭੂਮਿਕਾ ਨਿਭਾਉਂਦੇ ਦਿਖਾਈ ਦਿੱਤੇ ਹਨ। ਗੁਰਬਾਣੀ ਪ੍ਰਸਾਰਣ ਦੇ ਵਿਵਾਦ ਵਿਚ ਉਲਝੀ ਸ੍ਰੋਮਣੀ ਕਮੇਟੀ ਨੇ ਵੀ ਹੜ ਮਾਰੇ ਲੋਕਾਂ ਦੀ ਸਮੇਂ ਸਿਰ ਮਦਦ ਕਰਦਿਆਂ ਆਪਣੇ ਸੇਵਾ ਵਾਲੇ ਅਕਸ ਨੂੰ ਬਹਾਲ ਕਰਨ ਦਾ ਯਤਨ ਕੀਤਾ ਹੈ। ਕਮੇਟੀ  ਵਲੋਂ ਕਿਸਾਨਾਂ ਦੀ ਮਦਦ ਵਾਸਤੇ ਲਗਪਗ 55-60 ਏਕੜ ਵਿਚ ਝੋਨੇ ਦੀ ਪਨੀਰੀ ਲਗਾਉਣ ਅਤੇ ਮਫਤ ਵੰਡਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਸਿਰ ਹੜਾਂ ਦੀ ਬਰਪੀ ਮੁਸੀਬਤ ਦੇ ਸਮੇਂ ਜਿਥੇ ਇਕ ਪਾਸੇ ਲੋਕ ਇਕ ਦੂਸਰੇ ਦੀ ਮਦਦ ਲਈ ਅੱਗੇ ਆਏ ਹਨ, ਉਥੇ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਦੀ ਮਦਦ ਦੇ ਬਹਾਨੇ ਵੀਡੀਓਗ੍ਰਾਫੀ, ਤਸਵੀਰਾਂ ਅਤੇ ਸਿਆਸੀ ਤਾਅਨੇ ਮੇਹਣਿਆਂ ਵਿਚ ਮਸਰੂਫ ਦਿਖਾਈ ਦਿੱਤੇ ਹਨ। ਹੜਾਂ ਵਿਚ ਫਸੇ ਲੋਕਾਂ ਦੀ ਮਦਦ ਦੇ ਬਹਾਨੇ ਕੋਈ ਵੀ ਸਿਆਸੀ ਆਗੂ ਪਿੱਛੇ ਨਹੀ ਰਿਹਾ। ਜੇ ਮੁੱਖ ਮੰਤਰੀ ਅਤੇ ਉਹਨਾਂ ਦੀ ਟੀਮ ਵਿਚ ਸ਼ਾਮਿਲ ਮੰਤਰੀ ਅਤੇ ਵਿਧਾਇਕ ਲੋਕਾਂ ਦੀ ਮਦਦ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਕਿਤੇ ਪਿੱਛੇ ਨਹੀ ਰਹੇ। ਹੜਾਂ ਦੇ ਪਾਣੀ ਦਾ ਪੱਧਰ ਭਾਵੇਂਕਿ ਹੁਣ ਹੇਠਾਂ ਜਾ ਰਿਹਾ ਹੈ ਪਰ ਸਿਆਸੀ ਪਾਰਾ ਜਿਊਂ ਦਾ ਤਿਊਂ ਹੈ। ਵਿਰਧੀ ਧਿਰਾਂ ਦੇ ਆਗੂ ਇਹਨਾਂ ਹੜਾਂ ਲਈ ਮਾਨ ਸਰਕਾਰ ਵਲੋਂ ਸਮੇਂ ਸਿਰ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੂੰ ਅਣਗੌਲਾ ਕਰਨ ਅਤੇ ਰੇਤ ਮਾਫੀਆ ਉਪਰ ਕੰਟਰੋਲ ਨਾ ਕਰਨ ਕਰਕੇ ਕੁਦਰਤੀ ਕਰੋਪੀ ਦੇ ਨਾਲ ਮਾਨਵੀ ਅਣਗਹਿਲੀ ਨੂੰ ਵੀ ਜਿੰਮੇਵਾਰ ਠਹਿਰਾ ਰਹੇ ਹਨ। ਸ਼ਾਇਦ 2024 ਦੀਆਂ ਲੋਕ ਸਭ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਹਰੇਕ ਸਿਆਸੀ ਆਗੂ ਇਸ ਬਿਪਤਾ ਦੀ ਘੜੀ ਵਿਚ ਆਪਣੇ ਆਪਨੂੰ ਉਭਾਰਨ ਤੇ ਲੋਕ ਹਮਦਰਦ ਸਾਬਿਤ ਕਰਨ ਲਈ ਪੱਬਾਂ ਭਾਰ ਹੈ। ਹੜਾਂ ਦੌਰਾਨ ਜੇ ਮੁਖ ਮੰਤਰੀ ਭਗਵੰਤ ਮਾਨ ਖੁਦ ਗੋਡੇ- ਗੋਡੇ ਪਾਣੀ ਵਿਚ ਵੜਕੇ ਲੋਕਾਂ ਦੀ ਮਦਦ ਕਰਨ ਦਾ ਐਲਾਨ ਕਰਦੇ ਦਿਖਾਈ ਦਿੱਤੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਈ ਆਗੂ ਕਿਤੇ ਵੀ ਪਿੱਛੇ ਨਹੀ ਰਹੇ। ਹਰ ਕੋਈ ਆਪਣੇ ਆਪਨੂੰ ਹੜ ਪੀੜਤਾਂ ਦਾ ਸੱਚਾ ਹਮਦਰਦ ਸਾਬਿਤ ਕਰਨ ਦੀ ਦੌੜ ਵਿਚ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਨੌਰ ਹਲਕੇ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਟਰੈਕਟਰ ਦੀ ਸੀਟ ਉਪਰ ਬੈਠਕੇ ਦੌਰਾ ਕੀਤਾ ਤੇ ਉਹਨਾਂ ਨੂੰ ਵੀਡੀਓ ਵਿਚ ਇਹ ਕਹਿੰਦਿਆਂ ਸੁਣਿਆ ਗਿਆ ਕਿ ਅਗਰ ਸਰਕਾਰ ਲੋਕਾਂ ਦੀ ਮਦਦ ਨਹੀ ਕਰਦੀ ਤਾਂ ਉਹ ਖੁਦ ਲੋਕਾਂ ਦੀ ਹਰ ਤਰਾਂ ਮਦਦ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਘੱਗਰ ਦਰਿਆ ਦੀ ਮਾਰ ਹੇਠ ਆਏ ਮੂਣਕ ਹਲਕੇ ਦੇ ਪਿੰਡਾਂ ਵਿਚ ਟਰੈਕਟਰ ਟਰਾਲੀਆਂ ਵਿਚ ਘੁੰਮਦੇ ਵੇਖੇ ਗਏ। ਵੜਿੰਗ ਤੇ ਬਾਜਵਾ ਨੇ ਇਹਨਾਂ ਹੜਾਂ ਲਈ ਮਾਨ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਸਾਨਾਂ ਲਈ ਪ੍ਰਤੀ ਏਕੜ 50,000 ਰੁਪਏ ਅਤੇ ਮਕਾਨ ਲਈ 5 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ।

ਇਸ ਦੌਰਾਨ ਹੜ ਪੀੜਤਾਂ ਦੀ ਮਦਦ ਦਾ ਉਹ ਦ੍ਰਿਸ਼ ਬਹੁਤ ਰੌਚਕ ਰਿਹਾ ਜਿਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਜੋ ਹੁਣ ਭਾਜਪਾ ਆਗੂ ਤੇ ਪਟਿਆਲਾ ਤੋ ਲੋਕ ਸਭਾ ਟਿਕਟ ਦੀ ਚਾਹਵਾਨ ਹੈ, ਲੱਕ -ਲੱਕ ਪਾਣੀ ਵਿਚ ਡੁੱਬੀ, ਸਿਰ ਉਪਰ ਪਾਣੀ ਦੀਆਂ ਬੋਤਲਾਂ ਦਾ ਬਕਸਾ ਚੁੱਕੀ ਆਪਣੇ ਇਕ ਸਾਥੀ ਕੋਲੋ ਵੀਡੀਓ ਬਣਵਾ ਰਹੀ ਹੈ। ਉਸਦੀ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਮਾਣਾ ਤੋ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨਾਲ ਇਕ ਕਿਸ਼ਤੀ ਨੂੰ ਲੈਕੇ ਬਹਿਸਬਾਜੀ ਦੀ ਵੀਡੀਓ ਵੀ ਚਰਚਾ ਵਿਚ ਹੈ।

ਜੇ ਪੱਟੀ ਤੋ ਆਪ ਵਿਧਾਇਕ ਅਤੇ ਮੰਤਰੀ ਲਾਲਜੀਤ ਭੁੱਲਰ ਹੜ ਦੇ ਪਾਣੀ ਵਿਚ ਲੋਕਾਂ ਦੀ ਮਦਦ ਕਰਦਿਆਂ ਹੱਥ ਉਪਰ ਰੋਟੀ ਰੱਖਕੇ ਖਾਂਦੇ ਦਿਖਾਈ ਦੇ ਰਹੇ ਹਨ ਤਾਂ ਨਾਭਾ ਤੋ ਆਪ ਵਿਧਾਇਕ ਦੇਵ ਮਾਨ ਪਾਣੀ ਵਿਚ ਡੁੱਬੇ ਖੇਤ ਵਿਚੋ ਕੱਛੂਕੁੰਮੇ ਨੂੰ ਬਚਾਉਂਦੇ ਹੋਏ ਚਰਚਾ ਵਿਚ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਟਵਿੱਟਰ ਉਪਰ ਵੀ ਨੇਤਾਵਾਂ ਨੇ ਕੋਈ ਕਸਰ ਨਹੀ ਛੱਡੀ। ਨਵਜੋਤ ਸਿੱਧੂ ਟਵਿਟਰ ਉਪਰ ਮੁੱਖ ਮੰਤਰੀ ਨੂੰ ਰੇਤ ਤੇ ਖਨਨ ਮਾਫੀਆ ਖਿਲਾਫ ਵਰਤੀ ਗਈ ਢਿੱਲ ਲਈ ਘੇਰਦੇ ਨਜ਼ਰ ਆਏ। ਉਧਰ ਮੁੱਖ ਮੰਤਰੀ ਭਾਜਪਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਹੁੰਦਿਆਂ ਖੁਦ ਟਵੀਟ ਕਰਦੇ ਹਨ ਕਿ ”ਪੰਜਾਬ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ, ਬਚੀ ਖੁਚੀ ਕਾਂਗਰਸ ਦੇ ਪ੍ਰਧਾਨ ਅਤੇ  ਖਾਲੀ ਦਲ ਦੇ ਪ੍ਰਧਾਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਸ ਸਮੇਂ ਮੈਂ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਪੰਜਾਬੀਆਂ ਦੀ ਮਦਦ ਕਰਨ ਵਿਚ ਮਸਰੂਫ ਹਾਂ, ਮੈਨੂੰ ਵਿਹਲਾ ਹੋਣ ਲੈਣ ਦਿਓ ਫਿਰ ਤੁਹਾਡੇ ਨਾਲ ਸਿਆਸਤ ਦੀ ਭਾਸ਼ਾ ਵਿਚ ਗੱਲ ਕਰਾਂਗਾ।” ਪਰ ਇਸ ਦੌਰਾਨ ਉਹ ਵੀ ਸਿਆਸਤ ਕਰਨੋ ਨਹੀ ਟਲੇ। ਕਲੀਨ ਉਪਰ ਲਿਬੜੇ ਪੈਰਾਂ ਦੀ ਤਸਵੀਰ ਨਾਲ ਕੈਪਸ਼ਨ ਹੈ -”ਹੈ ਕੋਈ ਅਜਿਹਾ ਮੁੱਖ ਮੰਤਰੀ ਜਿਸਦੇ ਪੈਰ ਲੋਕਾਂ ਦੀ ਮਦਦ ਕਰਦਿਆਂ ਇਸਤਰਾਂ ਲਿਬੜੇ ਹੋਣ।”

ਇਸ ਤਸਵੀਰ ਨੂੰ ਵੇਖਦਿਆਂ ਕੋਈ ਵੀ ਸਿਆਣਾ ਬੰਦਾ ਸਮਝ ਸਕਦਾ ਹੈ ਕਿ ਕੋਈ ਕਿੰਨਾ ਵੀ ਮੂਰਖ ਹੋਵੋ ਪਰ ਕਲੀਨ ਵਿਛੇ ਏਸੀ ਕਮਰੇ ਵਿਚ ਇਸ ਤਰਾਂ ਲਿਬੜੇ ਪੈਰਾਂ ਨਾਲ ਨਹੀ ਬੈਠਿਆ ਜਾ ਸਕਦਾ । ਪੰਜਾਬ ਦੇ ਲੋਕਾਂ ਸਿਰ ਬਣੀ ਇਸ ਬਿਪਤਾ ਦੀ ਘੜੀ ਸਿਆਸਤਦਾਨਾਂ ਨੇ ਆਪਣੀ ਸਿਆਸਤ ਘੋਟਣ ਵਿਚ ਕੋਈ ਕਸਰ ਨਹੀ ਛੱਡੀ ਪਰ ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੇ ਸੇਵਾ ਦੇ ਜਜਬੇ ਅਤੇ ਜਾਨ ਜੋਖਮ ਵਿਚ ਪਾਕੇ ਲੋਕਾਂ ਦੀ ਮਦਦ ਕਰਨ ਦੇ ਨਾਲ ਹੜਾਂ ਦੇ ਪਾਣੀ ਨੂੰ ਰੋਕਣ ਲਈ ਦਰਿਆਵਾਂ ਨੂੰ ਬੰਨ ਮਾਰਨ ਦਾ ਜੋ ਕ੍ਰਿਸ਼ਮਾ ਕਰ ਵਿਖਾਇਆ, ਉਸਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਅਤੇ ਪੰਜਾਬੀਆਂ ਵਿਚ ਅੱਜ ਵੀ ਬਿਪਤਾ ਸਮੇਂ ਇਕ ਦੂਸਰੇ ਨਾਲ ਖੜਨ, ਲੜਨ ਅਤੇ ਅੱਗੇ ਵਧਣ ਦੀ ਹਿੰਮਤ ਬਾਕੀ ਹੈ। ਮਹਾਨ ਸ਼ਾਇਰ ਨੇ ਸੱਚ ਹੀ ਕਿਹਾ ਸੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ….

ਤੇ ਪੰਜਾਬ ਇੰਜ ਹੀ ਸਿਰ ਪਈਆਂ ਮੁਸੀਬਤਾਂ ਸਾਹਮਣੇ ਸੀਨਾ ਤਾਣਕੇ ਖੜਦਾ, ਲੜਦਾ , ਨਾਧਿਰਿਆਂ ਦੀ ਧਿਰ ਬਣਦਾ,  ਜਿਊਂਦੇ ਹੋਣ ਦਾ ਸੰਦੇਸ਼ ਵੰਡਦਾ ਰਹੇਗਾ…