Headlines

ਸ਼ਰਧਾਂਜਲੀ- ਕੈਨੇਡੀਅਨ ਪੰਜਾਬੀ ਭਾਈਚਾਰੇ ਦੀ ਉਘੀ ਹਸਤੀ ਸੀ ਸਰਦਾਰ ਗੁਰਚਰਨ ਸਿੰਘ ਢੀਂਡਸਾ

ਐਬਸਫੋਰਡ-ਸਰਦਾਰ ਮੁਖਤਿਆਰ ਸਿੰਘ ਜੀ ਦਾ ਜਨਮ ਅਗਸਤ 20/1935 ਨੂੰ ਪਿੰਡ ਸਹਿਣਾ ਵਿਖੇ ਹੋਇਆ, ਜੋ ਕਿ ਭਦੌੜ ਦਾ ਇਲਾਕਾ ਹੈ। ਏਸੇ ਕਰਕੇ ਇਨਾਂ ਦਾ ਨਾਮ ਮੁਖਤਿਆਰ ਸਿੰਘ ਸਹਿਣਾ ਕਰਕੇ ਮਸ਼ਹੂਰ ਹੋ ਗਿਆ। ਸਾਲ 1972 ਵਿੱਚ ਇਨਾਂ ਦੀ ਜਾਣੀ ਆਉਣੀ ਪਿੰਡ ਲੋਪੋ ਜਿਲਾ ਮੋਗੇ ਵਿਖੇ ਸੰਤ ਦਰਬਾਰੀ ਦਾਸ ਜੀ ਕੋਲ ਸ਼ੁਰੂ ਹੋ ਗਈ, ਉਹ ਜਗਰਾਵਾਂ ਕਾਲਜ, ਸਕੂਲ ਅਤੇ ਪਿੰਡ ਦੇ ਗੁਰਦੁਆਰੇ ਤੇ ਹੋਰ ਇਲਾਕੇ ਵਿਚ ਸੇਵਾਵਾਂ ਕਰਵਾ ਰਹੇ ਸਨ, ਮੁਖਤਿਆਰ ਸਿੰਘ ਵੀ ਸੇਵਾ ਵਿਚ ਹਿੱਸਾ ਪਾਉਣ ਕਰਕੇ, ਸੰਤਾਂ ਨਾਲ ਇੰਨਾਂ ਦੀ ਹੋਰ ਵੀ ਜ਼ਿਆਦਾ ਸ਼ਰਧਾ ਵੱਧ ਗਈ। ਸੰਤ ਹਰ ਵਕਤ ਇਸ ਨੂੰ ਗੁਰਚਰਨ ਸਿੰਆਂ ਕਹਿ ਕੇ ਸੱਦਦੇ। ਉਨਾਂ ਦੀ ਐਸੀ ਸੰਗਤ ਵਿਚ ਰੰਗੇ ਗਏ ਕਿ ਆਪਣਾ ਨਾਮ ਮੁਖਤਿਆਰ ਸਿੰਘ ਢੀਂਡਸਾ ਤੋਂ ਬਦਲ ਕੇ ਗੁਰਚਰਨ ਸਿੰਘ ਢੀਂਡਸਾ ਰੱਖ ਲਿਆ। ਪ੍ਰੰਤੂ ਕੈਨੇਡਾ ਵਿਚ ਜ਼ਿਆਦਾ ਮਸ਼ਹੂਰ ਨਾਮ ‘ਸਹਿਣਾ’ ਕਰਕੇ ਹੀ ਜਾਣਿਆ ਜਾਣ ਲੱਗਾ। ਇਨਾਂ ਨੂੰ ਵੇਖਣ ਮਿਲਣ ਨਾਲ ਹੀ, ਸਹਿਣਾ ਇਲਾਕੇ ਦੀ ਤਸਵੀਰ ਅੱਖਾਂ ਮੂਹਰੇ ਆ ਜਾਂਦੀ ਸੀ।
ਮੁਹਿੰਦਰ  (ਮੋਅ) ਗਿੱਲ ਦੇ ਦਾਦਾ ਜੀ ਸਰਦਾਰ ਪੂਰਨ ਸਿੰਘ ਗਿੱਲ (ਚੰਨਣਵਾਲ) ਜੀ 19 ਸਾਲ ਉਮਰ ਦੇ ਭਰ ਗੱਭਰੂ, ਕੈਨੇਡਾ 1924 ਵਿੱਚ ਪੜਾਈ ਦੇ ਤੌਰ ਤੇ ਆਏ, UBC ਐਡਮਿਸ਼ਨ ਲਿਆ। ਹੈਰੀਟੇਜ਼ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਾਂ ਵਿਚ ਵੱਖ-ਵੱਖ  ਅਹੁਦਿਆਂ ਤੇ ਸੇਵਾਵਾਂ ਨਿਭਾਈਆਂ। ਕੈਨੇਡਾ ਗੌਰਮਿੰਟ ਨੇ 1959 ਵਿੱਚ ਇੰਡੀਆ ਵਾਸਤੇ 300 ਆਦਮੀਆਂ ਦਾ ਕੋਟਾ ਮਨਜ਼ੂਰ ਕੀਤਾ। ਏਸੇ ਕੋਟੇ ਵਿਚ ਮੁਖਤਿਆਰ ਸਿੰਘ ਤੇ ਉਨਾਂ ਧਰਮ ਪਤਨੀ ਬੀਬੀ ਸੁਰਜੀਤ ਕੌਂਰ ਢੀਡਸਾ ਨੂੰ ਸਪਾਂਸਰ ਕਰਕੇ ਬੁਲਾ ਲਿਆ। ਉਹ ਸਤੰਬਰ 05/1959 ਨੂੰ ਲੇਬਰ ਡੇਅ ਵਾਲੇ ਦਿਨ ਕੈਨੇਡਾ ਪਹੁੰਚ ਗਏ। ਬੀਬੀ ਸੁਰਜੀਤ ਕੌਰ ਜੀ ਦੇ ਸਕੇ ਭੂਆ ਜੀ ਸਰਦਾਰਨੀ ਪ੍ਰੇਮ ਕੌਰ ਤੇ ਫੁੱਫੜ ਜੀ ਸ ਪੂਰਨ ਸਿੰਘ ਜੀ ਸਨ। ਸ ਪੂਰਨ ਸਿੰਘ ਨੇ ਏਸੇ ਕੋਟੇ ਵਿਚ ਹੀ ਮੇਹਰ ਸਿੰਘ ਸਿੱਧੂ ਲੰਢੇਕੇ ਨੂੰ, ਮੁਖਤਿਆਰ ਸਿੰਘ ਤੋਂ ਦੋ ਢਾਈ ਮਹੀਨੇ ਪਹਿਲਾਂ (ਜੁਲਾਈ) ਬੁਲਾ ਲਿਆ ਸੀ।
ਸਹਿਣਾ ਸਾਹਿਬ ਦੀ ਸੇਵਾ ਲਗਨ ਬਿਰਤੀ, ਸੰਤ ਦਰਬਾਰੀ ਦਾਸ ਜੀ ਸੰਗਤ ਅਤੇ ਦੂਸਰਾ ਸ ਪੂਰਣ ਸਿੰਘ ਜੀ ਕਰਕੇ ਉਹ ਕੈਨੇਡਾ ਆਉਣ ਸਾਰ ਹੈਰੀਟੇਜ ਗੁਰਦੁਆਰੇ ਦੀ ਸੇਵਾ ਵਿਚ ਜੁੱਟ ਗਏ। ਏਥੇ ਇਹਨਾਂ ਦਾ ਗ੍ਰਹਿਸਤੀ ਜੀਵਨ ਬੜੇ ਅੱਛੇ ਤਰੀਕੇ ਨਾਲ ਗੁਜ਼ਰਿਆ। ਬੱਚਿਆਂ ਦਾ ਪਾਲਣ ਪੋਸ਼ਣ ਅਤੇ ਅੱਛੀ ਪੜਾਈ ਕਰਵਾਈ। ਨਾਲ ਸਖ਼ਤ ਮਿਹਨਤ ਕਰਕੇ, ਦਸਵੰਧ ਕੱਢਣਾ, ਚੋਬਦਾਰੀ ਤੇ ਦੇਗ ਵਰਤਾਉਣ ਦੀ ਸੇਵਾ ਕਰਨੀ। ਅੰਮ੍ਰਿਤ ਪਾਨ ਕਰਕੇ ਸਿੰਘ ਸਜ ਗਏ। ਹਰੇਕ ਪ੍ਰੀਵਾਰ ਦੇ ਔਖੇ ਟਾਈਮ ਨਾਲ ਖੜਣਾ, ਖਾਸ ਕਰ ਜਦੋ ਕੋਈ ਪ੍ਰਾਣੀ ਚਲਾਣਾਂ ਕਰ ਜਾਂਦਾ, ਉਹ ਫਿਊਨਲ ਹੋਮ ਮ੍ਰਿਤਕ ਦੇਹ ਕੋਲ ਖੜਕੇ ਪ੍ਰਵਾਰ ਨੂੰ ਹੌਸਲਾ ਦਿੰਦੇ, ਰੋਣ ਤੋਂ ਵਰਜ਼ ਕੇ, ਵਾਹਿਗੁਰੂ ਦਾ ਜਾਪ ਕਰਾਉਂਦੇ।
ਦਾਸ (ਮੈਂ) ਜਦੋਂ ਵੀ ਜ਼ਿੰਦਗੀ ਵਿੱਚ ਉਨਾਂ ਨੂੰ ਮਿਲਦਾ। ਮੈਨੂੰ ਹਰ ਵਕਤ ਪੂਰੀ ਤਿਆਰੀ ਵਿੱਚ ਮਿਲਦੇ। ਉਹਨਾਂ ਦਾ ਪਹਿਰਾਵਾ ਵੱਧੀਆ ਕਮੀਜ਼ ਪੈਂਟ ਅਤੇ ਚੀਰੇ ਵਾਲੀ ਦਸਤਾਰ ਤੇ ਸਰੀਰ ਪੂਰਾ ਫਿੱਟ, ਹਿੱਕ ਕੱਢ ਕੇ ਜੁਰਅੱਤ ਨਾਲ ਗੱਲ ਕਰਨ ਦਾ ਵੱਖਰਾ ਅੰਦਾਜ਼ ਹੁੰਦਾ। ਜਰਨਲ ਮੀਟਿੰਗਾਂ ਵਿੱਚ ਹਾਜ਼ਰ ਹੋਣਾ ਕਮਿਉਨਿਟੀ ਤੇ ਸੰਗਤਾਂ ਨੂੰ ਸੁਚਾਰੂ ਸੁਝਾਅ ਦੇਣਾ। ਹਮੇਸ਼ਾ ਤਜਰਬੇ ਦੇ ਅਧਾਰ ਤੇ ਸੇਧ ਦੇਣੀ। ਸਾਲ 1965 ਵਿੱਚ ਮੁੱਖ ਸੇਵਾਦਾਰ ਵਜੋਂ ਅਤੇ ਹੋਰ ਸਮੇਂ ਸਮੇਂ ਸੇਵਾਵਾਂ ਪੱਖੋਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ। ਪਰ ਉਹਨਾਂ ਨੂੰ ਕੋਈ ਖਾਸ ਅਹੁਦੇ ਤੱਕ ਕੋਈ ਮਤਲਬ ਨਹੀ ਸੀ। ਇਕ ਵਾਰੀ ਦਾ ਜ਼ਿਕਰ ਸਾਂਝਾ ਕਰਾ, ਹੈਰੀਟੇਜ ਗੁਰਦੁਆਰੇ ਵਿਚ ਮਿਊਸਿਪਲਿਟੀ ਸੀਵਰ ਸਿਸਟਮ ਹੁੱਕ ਅੱਪ ਨਹੀ ਸੀ ਹੋਇਆ। ਗੁਰੂ ਘਰ ਦੇ ਛਿੱਪਦੇ ਪਾਸੇ ਸੀਵਰੇਜ ਟੈਂਕ ਧਰਤੀ ਵਿਚ ਦੱਬਿਆ ਹੋਇਆ ਹੁੰਦਾ ਸੀ, ਭਰ ਗਿਆ। ਐਤਵਾਰ ਦਾ ਦਿਨ ਕੋਈ ਵਿਆਹ ਦਾ ਪ੍ਰੋਗਰਾਮ ਸੀ, ਟੈਂਕ ਸਾਫ ਕਰਨ ਵਾਲੇ ਮਿਸਟਰ ਆਰ ਏ ਸਪੱਡ ਮਰਫੀ (ਵੇਕਫੀਲਡ) ਫੂਨ ਨਹੀ ਚੱਕਿਆ। ਸਵੇਰੇ ਸਵੇਰੇ ਗਿਆਨੀ ਜੀ ਨੇ ਫੂਨ ਕੀਤਾ “ਸਹਿਣਾ ਸਾਹਿਬ ਟੌਆਲਿਟ ਨਹੀ ਚੱਲਦੀ ਤੇ ਅੱਜ ਬਹੁਤ ਇਕੱਠ ਵੀ ਹੋਣਾ ਹੈ” ਮੁਖਤਿਆਰ ਸਿੰਘ ਨੂੰ ਜਿਵੇ ਮੁਸ਼ਕਲ ਨਾਲ ਸਿੱਝਣ ਦਾ ਚਾਅ ਹੁੰਦਾ, ਫੌਜ ਵਾਂਗੂੰ ਆ ਪਹੁੰਚਿਆ ਪੂਰੀ ਝੜਾਈ ਨਾਲ, ਨਾਂ ਵੇਖਿਆ ਕੱਪੜਿਆ ਵੱਲ, ਨਾਂ ਕਿਸੇ ਹੋਰ ਤੋਂ ਆਸ ਉਮੀਦ ਰੱਖੀ। ਮੂੰਹ ਉੱਤੇ ਪਰਨਾ ਲਪੇਟ ਕੇ, ਦੋ ਬਾਲਟੀਆਂ ਨਾਲ ਪਾਣੀ ਭਰ ਭਰ ਕੇ ਲੱਗ ਪਏ ਬਾਹਰ, ਸੜਕ ਦੇ ਦੂਸਰੇ ਪਾਸੇ ਡੋਲਣ, ਕੰਮ ਚਲਦਾ ਕਰ ਦਿੱਤਾ। ਪ੍ਰੋਗਰਾਮ ਨਿਰਵਿਘਨ ਸਮਾਪਿਤ ਹੋਇਆ, ਇਸ ਨੂੰ ਕਹਿੰਦੇ ਸੇਵਾ।
ਹੈਰੀਟੇਜ ਗੁਰਦੁਆਰਾ 1911 ਵਿੱਚ ਬਣਿਆ ਪੂਰੇ 68 ਸਾਲ ਦੀ ਜਦੋਜਹਿਦ ਕਰਕੇ ਪੂਰਣ ਖੁਦਮੁਖਤਿਆਰੀ (ਮਲਕੀਅਤ) ਜੁਲਾਈ 07/1977 ਐਬਸਫੋਰਡ ਸੰਗਤਾਂ ਨੂੰ ਮਿਲੀ। ਇਸ ਸੇਵਾ ਵਿੱਚ ਮੁੱਖ ਭੂਮਿਕਾ ਗੁਰਚਰਨ ਸਿੰਘ ਢੀਡਸਾ ਜੀ ਦੀ ਸੀ। ਉਸ ਤਰਾ ਹਰ ਐਤਵਾਰ ਨੂੰ ਐਬਸਫੋਰਡ ਦੀ ਸੰਗਤ ਵੈਨਕੋਵਰ ਵਾਲਿਆਂ ਕੋਲ਼ੋਂ ਟਾਈਟਲ ਲੈਣ ਜਾਂਦੇ ਸਨ ਜਿੰਨਾ ਵਿੱਚੋਂ ਕੁਝ ਤਰੀਖਾਂ ਮੇਰੇ ਨੋਟ ਵਿੱਚ ਹਨ ਜਿਵੇ :- ਮਾਰਚ 31/1968, ਅਪ੍ਰੈਲ 19/1968, ਦਸੰਬਰ 07/1971, ਫਰਵਰੀ 13/1972, ਮਾਰਚ 05/1972 ਅਤੇ ਸਾਲ 1975 ਦੀ ਗੱਲ ਹੈ ਜਦੋਂ ਵੈਨਕੂਵਰ ਵਾਲਿਆ ਦੇ ਵੀ ਦੋ ਧੜੇ ਬਣ ਕੇ ਆਹੋ ਸਾਹਮਣੇ ਆ ਖੜੇ ਹੋਏ। ਇਕ ਪਾਸੇ ਸੁਰਜੀਤ ਸਿੰਘ ਗਿੱਲ ਸਿੰਘਪੁਰੀਆ ਤੇ ਦੁਸਰੇ ਪਾਸੇ ਬੇਲਾ ਸਿੰਘ ਥਾਂਦੀ ਧੱੜਾ ਸੀ। ਸੜਕ ਦੇ ਦੋਨੋਂ ਪਾਸੇ ਪੂਰਾ ਤਣਾਅ ਸੀ, ਲੜਾਈ ਕਦੇ ਵੀ ਛਿੜ ਸਕਦੀ ਸੀ। ਵਿਚਕਾਰ ਚਾਰ ਫੁੱਟੀ ਕਿ੍ਰਪਾਨ ਲੈਕੇ ਇਕੱਲਾ ਗੁਰਚਰਨ ਸਿੰਘ ਸਹਿਣਾ ਘੁੰਮ ਰਿਹਾ ਸੀ। ਪਿੱਛੇ ਪਾਰਕਿੰਗ ਲਾਟ ਵਿਚ ਭਾਰੇ ਜਿਹੇ ਸਰੀਰ (ਜਿਸ ਤੋਂ ਭੱਜ ਨਾਂ ਹੋਇਆ) ਦਾ ਕਲਾਕਾਰ (ਜੋ ਮੰਗਾਇਆ ਐਬਸਫੋਰਡ ਵਾਲ਼ਿਆਂ ਸੀ ਪਰ ਪੱਖ ਉਲਟ ਧੱੜੇ ਦਾ ਪੂਰਦਾ ਸੀ) ਢਾਇਆ ਹੋਇਆ ਸੀ। ਪੁਲੀਸ ਆਉਣ ਤੋਂ ਪਹਿਲਾਂ ਸੋਹਣ ਸਿੰਘ ਲੰਢੇਕੇ ਨੂੰ ਐਬਸਫੋਰਡ ਦੀ ਸੰਗਤ ਨੇ ਮੋਢਿਆ ਉੱਤੇ ਚੁੱਕਿਆ ਹੋਇਆ ਸੀ। ਉਸ ਦਿਨ ਤਿੰਨ ਜਾਣਿਆ ਨੂੰ ਰਾਤ ਜੇਲ ਵੀ ਕੱਟਣੀ ਪਈ, ਪਰ ਉਸੇ ਰਾਤ ਪੱਕਾ ਤਹਿ ਹੋ ਗਿਆ ਕਿ ਜੇ ਸੁਰਜੀਤ ਸਿੰਘ ਗਿੱਲ ਦੀ ਸਲੇਟ ਜਿੱਤ ਗਈ ਤਾਂ ਟਾਈਟਲ ਦੇਣਾ ਪੱਕਾ ਤਹਿ ਹੋ ਗਿਆ। ਸੁਰਜੀਤ ਸਿੰਘ ਗਿੱਲ ਅਗਲੀ ਇਲੈਕਸ਼ਨ ਜਿੱਤ ਗਿਆ। ਤੇ ਟਾਈਟਲ ਮਿਲ ਗਿਆ। ਇਹ ਸਾਡੇ ਪੁਰਖਿਆਂ ਦੀ ਦੇਣ ਹੈ ਹਮੇਸ਼ਾਂ ਇਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
ਕੁਝ ਹੋਰ ਵਿਸ਼ੇਸ਼ਤਾਈਆਂ ਵੀ ਸਹਿਣਾ ਸਾਹਿਬ ਵਿਚ ਸਨ, ਤੋਰ ਅਫ਼ਸਰਾਂ ਵਰਗੀ ਤੁਰਨਾ, ਨਾਂ ਪੈਰ ਦਾ ਆਪ ਘੜੀਸਾ ਮਾਰਨਾ , ਨਾਂ ਨਾਲ ਦੇ ਨੂੰ ਮਾਰਨ ਦੇਣਾ, ਹਿੱਕ ਤਣ ਕੇ ਗੱਲ ਕਰਨੀ, ਕੱਥਾ ਕੀਰਤਨ ਸਭ ਤੋਂ ਮੂਹਰੇ ਬੈਠ ਕੇ ਸੁਣਨਾਂ, ਚੌਕੜੇ ਦਾ ਤਰੀਕਾ ਵੱਖਰਾ, ਸੰਗਤ ਵਿਚ ਚੀਰੇ ਤੇ ਚੌਕੜੇ ਤੋਂ ਨਿਰਾਲਾ ਪਛਾਣਿਆ ਜਾਂਦਾ, ਭਾਵੇਂ ਪਿੱਛਲੇ ਪਾਸਿਓ ਨਜ਼ਰ ਦੇਖੀਏ ਤਾਂ ਪਛਾਣ ਆ ਜਾਂਦੀ ਸੀ, ਸੁਭਾਅ ਪੂਰਾ ਹਸਮੁੱਖ ਹਾਸੇ -ਹਾਸੇ  ਵਿੱਚ ਸਨੇਹਾ ਦੇ ਜਾਂਦਾ ਸੀ। ਚੁਸਤ ਤੇ ਮਿੱਠੇ ਬੰਦੇ ਨੂੰ ਕਹਿੰਦਾ “ਮੈਨੂੰ ਦੂਰੋਂ ਦੂਰੋਂ ਫਤਹਿ ਬੁਲਾਵੀਂ, ਮੇਰੇ ਨੇੜ ਨਾਂ ਆਵੀ, ਕਿਤੇ ਢਿੱਡ ਵਿਚ ਨਾਂ ਵੜ ਜਾਵੀਂ” ਇਹ ਗੱਲਾਂ ਮੈਂ ਆਪ ਦੇ ਕੰਨੀ ਸੁਣੀਆਂ। ਦਲੇਰ ਹੱਦੋ ਵੱਧ ਸੀ। ਕੁਝ ਸਾਲ ਪਹਿਲਾਂ ਅਪਰੇਸ਼ਨ ਤੋਂ ਨਹੀ ਡਰਿਆ ਅਤੇ ਨਾਂ ਹੀ ਹੁਣ, ਇਸ ਵਾਰ ਡਾਕਟਰ ਝਿਜਕਦਾ ਸੀ ਅਪਰੇਸ਼ਨ ਨਕਾਰਨ ਨੂੰ, ਪਰ ਉਹ ਪੂਰਾ ਦਲੇਰੀ ਵਿਚ ਸੀ। ਕਹਿੰਦਾ “ਅਪਰੇਸ਼ਨ ਕਰ ਸਵਾਸ ਪ੍ਰਮਾਤਮਾ ਵਸ ਹੈ” ਆਖੀਰ ਸਮਾਂ ਆ ਗਿਆ ਜਦੋਂ ਅੰਨ-ਜਲ ਬਰਾਬਰ ਹੋ ਗਿਆ। ਜੁਲਾਈ21/2023 ਦਿਨ ਸ਼ੁੱਕਰਵਾਰ ਨੂੰ ਸਵਾਸਾਂ ਦੀ ਪੂੰਝੀ ਬਰਾਬਰ ਕਰਕੇ ਸੰਸਾਰ ਨੂੰ ਅਲਵਿਦਾ ਆਖ ਗਿਆ। ਮੇਰੇ ਤੇ ਮੇਰੇ ਪ੍ਰਵਾਰ ਵੱਲੋਂ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵੱਲੋਂ ਅਤੇ ਇਲਾਕੇ ਦੀਆਂ ਸਮੂੰਹ ਸਾਧ ਸੰਗਤਾਂ ਵੱਲੋਂ ਵਹਿਗੁਰੂ ਦੇ ਚਰਨਾ ਵਿਚ ਅਰਦਾਸ ਬੇਨਤੀ ਹੈ ਸ ਗੁਰਚਰਨ ਸਿੰਘ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ, ਸਾਕ ਸੰਬੰਧੀਆਂ, ਮਿੱਤਰਾ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬੱਖਸ਼ੇ ! ਫਿਊਨਲ ਸਨਿੱਚਰਵਾਰ 29 ਜੁਲਾਈ , 11.30 ਫਰੇਜਰ ਫਿਉਨਲ ਹੋਮ ਐਬਸਫੋਰਡ ਵਿਖੇ ਹੋਵੇਗਾ । ਅੰਤਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ 1.30 ਹੋਵੇ ਗੀ !
ਅਲਵਿਦਾ ਵੱਡੇ ਭਾਈ !

ਗੁਰਦੇਵ ਸਿੰਘ ਆਲਮਵਾਲਾ