Headlines

ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ’ ਮੌਕੇ ਸਿਹਤ ਮੰਤਰੀ ਵਲੋਂ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ

ਵਿਕਟੋਰੀਆ – 25 ਜੁਲਾਈ ਨੂੰ ‘ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ’ (ਪਾਣੀ ਵਿੱਚ ਡੁੱਬਣ ਤੋਂ ਰੋਕਥਾਮ ਦਾ ਅੰਤਰਰਾਸ਼ਟਰੀ ਦਿਵਸ) ਦੇ ਮੌਕੇ ‘ਤੇ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ:

“ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ ‘ਤੇ, ਮੈਂ ਸਾਰਿਆਂ ਨੂੰ ਪਾਣੀ ਵਿੱਚ ਅਤੇ ਆਲੇ-ਦੁਆਲੇ ਸੁਰੱਖਿਅਤ ਰਹਿਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਯਾਦ ਦਿਵਾਉਣਾ ਚਾਹਾਂਗਾ।

“ਅਫ਼ਸੋਸ ਦੀ ਗੱਲ ਹੈ ਕਿ ਹਰ ਸਾਲ ਲਗਭਗ 500 ਕਨੇਡੀਅਨ ਲੋਕ ਪਾਣੀ ਨਾਲ ਸਬੰਧਿਤ ਰੋਕਥਾਮਯੋਗ ਘਟਨਾਵਾਂ ਵਿੱਚ ਡੁੱਬ ਜਾਂਦੇ ਹਨ, ਅਤੇ ਇੱਕ ਤੋਂ ਚਾਰ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਅਣਜਾਣੇ ਵਿੱਚ ਮੌਤ ਦਾ ਸਭ ਤੋਂ ਆਮ ਕਾਰਨ ਡੁੱਬਣਾ ਹੈ। ਕੈਨੇਡਾ ਵਿੱਚ ਬੱਚਿਆਂ ਦੇ ਡੁੱਬਣ ਵਾਲੀਆਂ ਸਾਰੀਆਂ ਘਟਨਾਵਾਂ ਵਿੱਚੋਂ ਲਗਭਗ ਅੱਧੀਆਂ ਬੈਕਯਾਰਡ ਦੇ ਸਵੀਮਿੰਗ ਪੂਲਾਂ ਵਿੱਚ ਵਾਪਰਦੀਆਂ ਹਨ; ਅਤੇ, ਬੱਚੇ ਕੁਝ ਹੀ ਸਕਿੰਟਾਂ ਵਿੱਚ 2.5 ਸੈਂਟੀਮੀਟਰ ਪਾਣੀ ਵਿੱਚ ਵੀ ਡੁੱਬ ਸਕਦੇ ਹਨ। ਡੁੱਬਣਾ ਤੇਜ਼, ਖਾਮੋਸ਼ ਅਤੇ ਬੇਹੱਦ ਦੁਖਦਾਈ ਹੁੰਦਾ ਹੈ, ਪਰ ਅਸੀਂ ਸਾਰੇ ਇਸਨੂੰ ਰੋਕਣ ਲਈ ਕਦਮ ਉਠਾ ਸਕਦੇ ਹਾਂ।

“ਸਮੁੰਦਰੀ ਕੰਢਿਆਂ ਅਤੇ ਸਵੀਮਿੰਗ ਪੂਲਾਂ ਤੋਂ ਲੈਕੇ ਨਦੀਆਂ ਅਤੇ ਝਰਨਿਆਂ ਤੱਕ, ਪਾਣੀ ਦੇ ਅਣਗਿਣਤ ਸਰੋਤਾਂ ਵਾਲੇ ਇੱਕ ਸੂਬੇ ਵਜੋਂ, ਡੁੱਬਣਾ ਸਾਡੇ ਭਾਈਚਾਰਿਆਂ ਲਈ ਇੱਕ ਬਹੁਤ ਹੀ ਵਾਸਤਵਿਕ ਚਿੰਤਾ ਦਾ ਵਿਸ਼ਾ ਹੈ। ਆਪਣੀਆਂ ਯੋਗਤਾਵਾਂ ਅਤੇ ਆਲੇ-ਦੁਆਲੇ ਬਾਰੇ ਹਮੇਸ਼ਾ ਸੁਚੇਤ ਰਹਿਣਾ, ਉਸ ਅਨੁਸਾਰ ਯੋਜਨਾ ਬਣਾਉਣਾ, ਸ਼ਰਾਬ ਤੋਂ ਪਰਹੇਜ਼ ਕਰਨਾ ਅਤੇ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਜਦੋਂ ਵੀ ਤੁਸੀਂ ਪਾਣੀ ਵਿੱਚ ਜਾਣ ਦੇ ਦਿਲ ਪਰਚਾਉਣ ਦੇ ਤਜਰਬੇ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਹਮੇਸ਼ਾ ਕੰਮ ਕਰਨ ਵਾਲੀ ਨਿੱਜੀ ਫਲੋਟੇਸ਼ਨ ਡੀਵਾਈਸ ਪਹਿਨਦੇ ਹੋ।

“ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਡੁੱਬਣ ਤੋਂ ਬਚਾਅ ਲਈ ਕਾਰਵਾਈ ਕਰਨ ਅਤੇ ਡੁੱਬਣ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ। ਤੈਰਾਕੀ ਦੀਆਂ ਸੁਰੱਖਿਅਤ ਆਦਤਾਂ ਨੂੰ ਉਤਸ਼ਾਹਤ ਕਰਕੇ ਜਿਵੇਂ ਕਿ ਸਵਿਮਿੰਗ ਲੈਸਨ ਲਈ ਆਪਣੇ ਬੱਚਿਆਂ ਜਾਂ ਖੁਦ ਨੂੰ ਸਾਈਨ ਅੱਪ ਕਰਕੇ, ਪਾਣੀ ਦੀ ਸੁਰੱਖਿਆ ਅਤੇ ਬਚਾਅ ਦੇ ਹੁਨਰ ਸਿੱਖਕੇ, ਛੋਟੇ ਬੱਚਿਆਂ ਨੂੰ ਹਰ ਸਮੇਂ ਬਾਂਹ ਦੀ ਪਹੁੰਚ ਦੇ ਅੰਦਰ ਰੱਖਕੇ, ਅਤੇ ਜਾਨ-ਬਚਾਉਣ ਵਾਲੇ ਹੁਨਰਾਂ, ਜਿਵੇਂ ਕਿ CPR ਅਤੇ ਫਰਸਟ ਏਡ ਸਿੱਖਕੇ, ਅਸੀਂ ਡੁੱਬਣ ਦੀਆਂ ਘਟਨਾਵਾਂ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।

“ਮੈਂ ਹਰ ਕਿਸੇ ਨੂੰ ਉਤਸ਼ਾਹਤ ਕਰਦਾ ਹਾਂ ਕਿ ਉਹ ‘ਲਾਈਫਸੇਵਿੰਗ ਸੋਸਾਇਟੀ ਔਫ ਬੀ.ਸੀ. ਐਂਡ ਯੂਕੌਨ’ ਦੇ ਸਰੋਤਾਂ ਦੀ ਸਮੀਖਿਆ ਕਰਨ ਲਈ ਸਮਾਂ ਕੱਢਣ, ਤਾਂਕਿ ਇਹ ਜਾਣਿਆ ਜਾ ਸਕੇ ਕਿ ਪਾਣੀ ਬਾਰੇ ਹੁਸ਼ਿਆਰ ਕਿਵੇਂ ਬਣਨਾ ਹੈ ਅਤੇ ਪਾਣੀ ਦੀਆਂ ਗਤੀਵਿਧੀਆਂ ਦਾ ਸੁਰੱਖਿਅਤ ਢੰਗ ਨਾਲ ਅਨੰਦ ਕਿਵੇਂ ਲੈਣਾ ਹੈ।”

ਹੋਰ ਜਾਣੋ:

ਪਾਣੀ ਦੀ ਸੁਰੱਖਿਆ, ਸਿਖਲਾਈ ਅਤੇ ਸਿੱਖਿਆ ਬਾਰੇ ਜਾਣਨ ਲਈ, ਇੱਥੇ ਜਾਓ: https://www.lifesaving.bc.ca/

‘ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ’ ਬਾਰੇ ਹੋਰ ਜਾਣਨ ਲਈ, ਇੱਥੇ ਜਾਓ: https://www.who.int/campaigns/world- drowning-prevention-day/2023