Headlines

ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਸਦੀਵੀ ਵਿਛੋੜਾ

ਲੁਧਿਆਣਾ-ਪੰਜਾਬੀ ਲੋਕ ਗਥਾਵਾਂ ਨੂੰ ਆਪਣੀ ਬੁਲੰਦ ਆਵਾਜ਼ ਨਾਲ ਜੀਵੰਤ ਕਰਨ ਤੇ ਇਤਿਹਾਸ ਨੂੰ ਸਭਿਆਚਾਰਕ ਪੁੱਠ ਦੇਣ ਵਾਲਾ ਲੋਕ ਗਾਇਕਾ ਸੁਰਿੰਦਰ ਛਿੰਦਾ ਨਹੀ ਰਿਹਾ। ਪੁੱਤ ਜੱਟਾਂ ਦੇ’, ‘ਜੱਟ ਜਿਉਣਾ ਮੌੜ’ ਅਤੇ ‘ਯਾਰਾਂ ਦਾ ਟਰੱਕ ਬੱਲੀਏ’ ਜਿਹੇ ਯਾਦਗਾਰ ਗੀਤਾਂ ਦਾ ਸਿਰਨਾਵਾਂ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਲੰਮੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਮ ਤੋੜ ਗਿਆ। ਉਨ੍ਹਾਂ ਦੇ ਲੜਕੇ ਮਨਿੰਦਰ ਛਿੰਦਾ ਨੇ ਦੱਸਿਆ ਕਿ ਦੂਜੇ ਭਰਾ ਸਿਮਰਨ ਦੇ ਇੰਗਲੈਂਡ ਤੋਂ ਪਰਤਣ ਮਗਰੋਂ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 20 ਮਈ, 1953 ਵਿੱਚ ਜਨਮੇ ਛਿੰਦਾ ਨੇ ਕੁੱਝ ਦਿਨ ਪਹਿਲਾਂ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਸੀਜਿਸ ਮਗਰੋਂ ਢਿੱਡ ’ਚ ਇਨਫੈਕਸ਼ਨ ਵਧਣ ’ਤੇ ਉਨ੍ਹਾਂ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗ ਪਈ ਸੀ। ਉਨ੍ਹਾਂ ਨੂੰ ਦੀਪ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਾਅਦ ’ਚ ਸਿਹਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ ਜਿੱਥੇ ਬੁੱਧਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਜੋਗਿੰਦਰ ਕੌਰਬੇਟੇ ਮਨਿੰਦਰ ਛਿੰਦਾ ਅਤੇ ਸਿਮਰਨ ਛਿੰਦਾ ਹਨ। ਜਿਵੇਂ ਹੀ ਸੁਰਿੰਦਰ ਛਿੰਦਾ ਦੇ ਦੇਹਾਂਤ ਦੀ ਖ਼ਬਰ ਫੈਲੀ ਤਾਂ ਪੰਜਾਬੀ ਗਾਇਕੀ ਤੇ ਫਿਲਮ ਇੰਡਸਟਰੀ ਦੇ ਨਾਲ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਆਪਣੇ ਕਰੀਅਰ ਦੌਰਾਨ ਕਈ ਮਕਬੂਲ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵੀ ਦਿਖਾਏ ਸਨ ਜਿਨ੍ਹਾਂ ’ਚ ‘ਪੁੱਤ ਜੱਟਾਂ ਦੇ’, ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ‘ਬਦਲਾ ਜੱਟੀ ਦਾ’ ਸ਼ਾਮਲ ਹਨ। ਸੁਰਿੰਦਰ ਛਿੰਦਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਘਰ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਗਾਇਕ ਚਮਕੀਲਾ ਦੇ ਪਰਿਵਾਰਕ ਮੈਂਬਰਕੁਲਦੀਪ ਮਾਣਕ ਦੇ ਲੜਕੇ ਤੋਂ ਇਲਾਵਾ ਸੰਗੀਤ ਦੀ ਦੁਨੀਆ ਦੀਆਂ ਕਈ ਹੋਰ ਨਾਮੀ ਹਸਤੀਆਂ ਵੀ ਘਰ ਪੁੱਜੀਆਂ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀ ਮੀਤ ਹੇਅਰ ਵੀ ਅਫ਼ਸੋਸ ਪ੍ਰਗਟ ਕਰਨ ਲਈ ਛਿੰਦਾ ਦੇ ਘਰ ਪੁੱਜੇ

ਮੁੱਖ ਮੰਤਰੀ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਸਮਿਆਂ ਦਾ ਮਹਾਨ ਪੰਜਾਬੀ ਗਾਇਕ ਦੱਸਿਆ ਅਤੇ ਕਿਹਾ ਕਿ ਛਿੰਦਾ ਦੀ ਦਿਲ-ਟੁੰਬਵੀਂ ਆਵਾਜ਼ ਪੰਜਾਬੀ ਸੰਗੀਤ ਦੇ ਲੱਖਾਂ ਪ੍ਰੇਮੀਆਂ ਨੂੰ ਕੀਲ ਕੇ ਰੱਖ ਦਿੰਦੀ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਜ਼ੁਬਾਨ ’ਤੇ ਚੜ੍ਹੇ ਗੀਤਾਂ ਰਾਹੀਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸਣੇ ਹੋਰ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

-ਸਾਬਕਾ ਚੇਅਰਮੈਨ ਭਾਗਪੁਰ ਵਲੋਂ ਦੁਖ ਦਾ ਪ੍ਰਗਟਾਵਾ- ਮਿਲਕਫੈਡ ਦੇ ਸਾਬਕਾ ਚੇਅਰਮੈਨ ਸ ਅਜਮੇਰ ਸਿੰਘ ਢਿੱਲੋਂ ਭਾਗਪੁਰ ਨੇ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨਾਲ ਬਿਤਾਏ ਚੰਗੇ ਦਿਨਾਂ ਨੂੰ ਯਾਦ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਛਿੰਦਾ ਜਿਥੇ ਇਕ ਮਹਾਨ ਲੋਕ ਗਾਇਕ ਸਨ ਉਥੇ ਇਕ ਵਧੀਆ ਮਨੁੱਖ ਅਤੇ ਸੱਚੇ ਮਿੱਤਰ ਵੀ ਸਨ ਜੋ ਹਮੇਸ਼ਾਂ ਦੋਸਤਾਂ ਮਿੱਤਰਾਂ ਦੇ ਦੁੱਖ ਸੁੱਖ ਵਿਚ ਭਾਈਵਾਲ ਬਣੇ। ਉਹਨਾਂ ਹੋਰ ਕਿਹਾ ਕਿ ਉਹਨਾਂ ਦੀ ਪੰਜਾਬੀ ਗਾਇਕੀ ਤੇ ਸਭਿਆਚਾਰ ਨੂੰ ਦੇਣ ਸਦਾ ਯਾਦ ਕੀਤੀ ਜਾਂਦੀ ਰਹੇਗੀ।

ਇਸੇ ਦੌਰਾਨ ਵਾਸ਼ਿੰਗਟਨ ਸਟੇਟ ਵਿਚ ਵਸਦੇ ਲੋਕ ਗਾਇਕ ਬਲਜਿੰਦਰ ਮਚਲਾ ਜੱਟ ਨੇ ਵੀ ਦੇਸ ਪ੍ਰਦੇਸ ਨਾਲ ਫੋਨ ਤੇ ਗੱਲ ਕਰਦਿਆਂ ਸ੍ਰੀ ਛਿੰਦਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।