Headlines

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਤੇ ਉਤਰੀ -ਕੁਲਵੰਤ ਕੀਤੂ

ਵਿੰਨੀਪੈਗ ( ਸ਼ਰਮਾ, ਸਰਬਪਾਲ ਸਿੰਘ)- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਰਨਾਲਾ ਤੋਂ ਸਵਰਗਵਾਸੀ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਅਤੇ ਪਾਰਟੀ ਦੇ ਹਲਕਾ ਇੰਚਾਰਜ਼ ਕੁਲਵੰਤ ਕੀਤੂ ਆਪਣੀ ਕੈਨੇਡਾ ਫ਼ੇਰੀ ਦੌਰਾਨ ਵਿਸ਼ੇਸ਼ ਤੌਰ ਤੇ ਵਿੰਨੀਪੈਗ ਪਹੁੰਚੇ | ਪਿੰਡ ਰਾਮਾ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵੰਤ ਕੀਤੂ ਹੁਰਾਂ ਦਾ ਕਹਿਣਾ ਸੀ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਿਤ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਵੱਡੇ ਵੱਡੇ ਦਾਅਵੇ ਕਰਕੇ ਬਣੀ ਇਹ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਲੋਕਾਂ ਦੇ ਮੁੱਦਿਆਂ ਨੂੰ ਹਲ ਕਰਨ ਦੀ ਬਜਾਏ ਆਪਣੀਆਂ ਨਾਕਾਮੀਆਂ ਦਾ ਭਾਂਡਾ ਪਿਛਲੀਆਂ ਸਰਕਾਰ ਸਿਰ ਭੰਨ ਰਹੀ ਹੈ | ਇਸ ਮੌਕੇ ਹਾਜ਼ਿਰ ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਬਖਤਗੜ੍ਹ, ਗੁਰਤੇਜ਼ ਸਿੰਘ, ਗੁਰਚਰਨ ਸਿੰਘ ਸੋਹਲ, ਕਰਤਾਰ ਸਿੰਘ ਸਿੱਖਨ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਇਸ ਸਮੇਂ ਹੜਾਂ ਦੇ ਭਾਰੀ ਸੰਕਟ ਹੇਠ ਹੈ ਜੇਕਰ ਮੌਜੂਦਾ ਸਰਕਾਰ ਵਲੋਂ ਅਗੇਤੇ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਸ਼ਾਇਦ ਅੱਜ ਪੰਜਾਬ ਐਨੇ ਮਾੜੇ ਹਲਾਤਾਂ ਚ ਨਾ ਹੁੰਦਾ | ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਮਨਪਿੰਦਰ ਸਿੰਘ, ਹੈਰੀ ਟੱਲੇਵਾਲ, ਹਰਦੀਪ ਸਿੰਘ ਸੁਖਦੇਵ ਸਿੰਘ ਬਰਾੜ ਵਲੋਂ ਭਾਰੇ ਸ਼ਬਦਾਂ ਵਿਚ ਸਰਕਾਰ ਦਾ ਮੀਡੀਆ ਵਿਰੁੱਧ ਅਪਣਾਏ ਰਵਈਏ ਵਿਰੁੱਧ ਭਾਰੀ ਰੋਸ ਜ਼ਾਹਿਰ ਕੀਤਾ ਗਿਆ, ਬਹੁਤਾਤ ਗਿਣਤੀ ਚ ਇਸ ਮਿਲਣੀ ਦੌਰਾਨ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਅਦਾਰਾ ਅਜੀਤ ਹੱਕ ਤੇ ਸੱਚ ਦੀ ਆਵਾਜ਼ ਹੈ ਅਤੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਹੁਰਾਂ ਉੱਪਰ ਬਦਲਾਖੋਰੀ ਦੀ ਰਾਜਨੀਤੀ ਤਹਿਤ ਝੂਠੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ  ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਸ ਦਾ ਖਮਿਆਜ਼ਾ 2024 ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ |

ਤਸਵੀਰਾਂ ਸਮੇਤ :- ਅਕਾਲੀ ਦਲ ਬਾਦਲ ਦੇ ਬਰਨਾਲੇ ਜ਼ਿਲ੍ਹੇ ਤੋਂ ਹਲਕਾ ਇੰਚਾਰਜ਼ ਕੁਲਵੰਤ ਕੀਤੂ ਆਪਣੇ ਸਮਰਥਕਾਂ ਸਮੇਤ |