Headlines

 ਇਟਲੀ ਦੇ ਕਲਸੀਨਾਤੇ ਵਿਖੇ ਯਾਦਗਾਰੀ ਹੋ ਨਿਬੜਿਆ ਤੀਆਂ ਦਾ ਮੇਲਾ 

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਦੇ ਲੰਬਾਰਦੀਆ ਸੂਬੇ ਦੇ ਜਿਲ੍ਹਾ ਬੈਰਗਾਮੋ ਅਧੀਨ ਆਉਂਦੇ ਪਿੰਡ ਕਲਸੀਨਾਤੇ ਵਿਖੇ ਪੰਜਾਬ ਰੈਸਟੋਰੈਂਟ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਇਲਾਕੇ ਭਰ ਤੋਂ ਔਰਤਾਂ ਅਤੇ ਬੱਚਿਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਕਰੀਬ ਇੱਕ ਵਜੇ ਤੋਂ ਸ਼ਾਮ ਛੇ ਵਜੇ ਤੱਕ ਪੰਜਾਬੀ ਮੁਟਿਆਰਾਂ ਵਲੋਂ ਬੋਲੀਆਂ ਪੰਜਾਬੀ ਗੀਤ ਅਤੇ ਢੋਲ ਦੀ ਤਾਲ ਤੇ ਨੱਚ ਨੱਚ ਕੇ ਆਪਣੇ ਵਿਲੱਖਣ ਅੰਦਾਜ ਨਾਲ ਪੇਸ਼ਕਾਰੀ ਕੀਤੀ ਅਤੇ ਇਸ ਦੇ ਨਾਲ ਛੋਟੇ-ਛੋਟੇ ਬੱਚਿਆਂ ਨੇ ਵੀ ਗੀਤਾਂ ਨਾਲ ਖੂਬ ਭੰਗੜਾ ਪਾ ਕੇ ਆਪਣੇ ਫਨ ਦਾ ਮੁਜਾਹਰਾ ਕੀਤਾ। ਇਸ ਮੌਕੇ ਇਕੱਤਰ ਹੋਈਆਂ ਪੰਜਾਬੀ ਮੁਟਿਆਰਾਂ ਨੇ ਕਿਹਾ ਕਿ ਭਾਵੇਂ ਉਹ ਆਪਣੇ ਵਤਨ ਤੋਂ ਹਜਾਰਾਂ ਮੀਲ ਦੂਰ ਪ੍ਰਦੇਸ਼ ਚ ਰਹਿੰਦੇ ਹਨ ਪਰ ਸਮੇਂ ਸਮੇਂ ਸਿਰ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕ ਕੇ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਹ ਮੇਲਾ ਤੀਆਂ ਦਾ ਸ੍ਰੀ ਜੱਗਾ ਸੰਧਰ ਅਤੇ ਬੱਲੀ ਸੰਧਰ ਵਲੋਂ ਆਯੋਜਿਤ ਕੀਤਾ ਗਿਆ।