Headlines

ਮਿਸ਼ਨ ਵਿੱਚ ”ਮੇਲਾ ਸ਼ੌਕੀਨਣਾਂ ਦਾ” ਨੇ ਮਨਾਇਆ ਤੀਆਂ ਦਾ ਤਿਉਹਾਰ

-ਸੜਕੀ ਮੀਲ ਪੱਥਰ, ਮੰਜੇ ਜੋੜ ਸਪੀਕਰ ਅਤੇ ਖੂਹੀ ਦਾ ਦ੍ਰਿਸ਼ ਬਣੇ ਰਹੇ ਖਿੱਚ ਦਾ ਕੇਂਦਰ-

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ)-ਬ੍ਰਿਟਿਸ਼ ਕੋਲੰਬੀਆ  ‘ਚ ਵਗਦੇ ਫਰੇਜ਼ਰ ਦਰਿਆ ਦੇ ਕੰਡੇ ਪਹਾੜਾਂ ਦੀ ਗੋਦ ‘ਚ ਵੱਸਦੇ ਸ਼ਹਿਰ ਮਿਸ਼ਨ ਵਿੱਚ ਮਹਿਲਾਵਾਂ ਦੀ ‘ਮੇਲਾ ਸ਼ੌਕੀਨਣਾਂ ਦਾ’ ਨਾਂ ਦੀ ਸੰਸਥਾ ਵੱਲੋਂ ਸਮੂਹ ਭਾਈਚਾਰਿਆਂ ਦੇ ਸਹਿਯੋਗ ਨਾਲ ਤੀਆਂ ਦੇ ਤਿਉਹਾਰ ਵਜੋਂ ਇੱਕ ਤਰਾਂ ਦੇ ਇਸ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਦੂਜੇ ਭਾਈਚਾਰਾ ਮਾਤਾਵਾਂ, ਭੈਣਾਂ ਅਤੇ ਬੱਚੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਯਾਦ ਰੱਖਦਿਆਂ ਇਸ ਵਿੱਚ ਸ਼ਮੂਲੀਅਤ ਕੀਤੀ। ਇਸ ਤੀਆਂ ਦੇ ਤਿਉਹਾਰ ਨੂੰ ਮੇਲੇ ਦੇ ਰੂਪ ਵਿੱਚ ਪੁਰਾਣਾ ਪੰਜਾਬੀ ਸੱਭਿਆਚਾਰ ਦਿਖਾਇਆ ਗਿਆ। ਜਿਸ ਤਰਾਂ ਕਿ ਪੰਜਾਬ ਵਿੱਚ ਸੜਕਾਂ ਦੇ ਕਿਨਾਰੇ ਇੱਕ ਸ਼ਹਿਰ ਪਿੰਡ ਤੋਂ ਦੂਜੇ ਸ਼ਹਿਰ ਪਿੰਡ ਦੀ ਦੂਰੀ ਲਿਖੀ ਵਾਲੇ ਮੀਲ ਪੱਥਰ ਦਿਖਾਏ ਗਏ ਸਨ ਜੋ ਕਿ ਮੇਲੇ ਦੀ ਇੱਕ ਵਿਲੱਖਣਤਾ ਸੀ, ਉਸੇ ਤਰਾਂ ਹੀ ਮੰਜੇ ਜੋੜ ਕੇ ਸਪੀਕਰ ਲੱਗੇ ਦਾ ਦ੍ਰਿਸ਼ ਵੀ ਇਸ ਤੀਆਂ ਦੇ ਤਿਉਹਾਰ ‘ਚ ਖਿੱਚ ਦਾ ਕੇਂਦਰ ਬਣੇ ਰਹੇ।
ਖੂਹੀ ਤੋਂ ਪਾਣੀ ਭਰਦੀਆਂ ਮੁਟਿਆਰਾਂ ਦਿਖਾਈਆਂ ਗਈਆਂ ਅਤੇ ਖੂਹ ਤੋਂ ਪਾਣੀ ਭਰਨ ਵਾਲਾ ਪੰਜਾਬੀ ਗਾਣਾ ਵੀ ਸੁਣਾਈ ਦਿੰਦਾ ਰਿਹਾ। ਮੁਟਿਆਰਾਂ ਸਾਈਕਲ ‘ਤੇ ਸਵਾਰ ਹੋਣ ਲਈ ਖੜ੍ਹੀਆਂ ਦ੍ਰਿਸ਼ ਦਿਲ ਖਿਚਵਾਂ ਸੀ ਜਿਵੇਂ ਅੱਜ ਵੀ ਪੰਜਾਬ ਵਿੱਚ ਲੜਕੀਆਂ ਸਾਈਕਲ ‘ਤੇ ਸਵਾਰ ਹੋ ਕੇ ਸਕੂਲ ਜਾਂਦੀਆਂ ਹਨ।
ਮੁਟਿਆਰਾਂ ਵੱਲੋਂ ਗਿੱਧਾ, ਸਟੇਜੀ ਡਰਾਮੇ ਅਤੇ ਹੋਰ ਕਈ ਤਰਾਂ ਦੀਆਂ ਕੋਰਿਓ ਗਰਾਫੀਆਂ ਓਸ ਪੰਜਾਬ ਦਾ ਚੇਤਾ ਕਰਵਾ ਰਹੀਆਂ ਸਨ ਜਿਸ ਪੰਜਾਬ ਨੂੰ ਅੱਜ ਵੀ ਮੁਟਿਆਰਾਂ ਆਪਣੇ ਦਿਲਾਂ ਵਿੱਚ ਵਸਾਈ ਬੈਠੀਆਂ ਹਨ, ਪਰ ਪ੍ਰਦੇਸ਼ਾਂ ਵਿੱਚ ਆ ਕੇ ਕੰਮਾਂ ਵਿੱਚ ਰੁੱਝ ਗਈਆਂ ਕਰਕੇ ਭਾਵੇਂ ਪੰਜਾਬ ਜਾਇਆ ਤਾਂ ਨਹੀਂ ਜਾਂਦਾ, ਪਰ ਏਥੇ ਹੀ ਪੰਜਾਬ ਵਸਾ ਕੇ ਆਪਣੇ ਮਨ ਦੀ ਰੀਝ ਪੂਰੀ ਕਰ ਰਹੀਆਂ ਹਨ। ਸਟੇਜ ‘ਤੇ ਘੁੰਡ ਕੱਢ ਕੇ ਨੱਚੀਆਂ ਮੁਟਿਆਰਾਂ ਦੇ ਦ੍ਰਿਸ਼ ਨੇ ਹਾਜ਼ਰੀਨ ਨੂੰ ਓਨਾਂ ਚਿਰ ਕੀਲੀ ਰੱਖਿਆ ਜਿੰਨਾਂ ਸਮਾਂ ਉਹ ਨੱਚਦੀਆਂ ਹੋਈਆਂ ਬੋਲੀਆਂ ਪਾਉਂਦੀਆਂ ਅਤੇ ਨੱਚਦੀਆਂ ਰਹੀਆਂ। ਪੰਜਾਬੀ ਸੂਟਾਂ ‘ਚ ਮੁਟਿਆਰਾਂ ਨੇ ਮੇਲੇ ਨੂੰ ਇੱਕ ਅਸਲੀ ਪਿੰਡ ਦੇ ਰੂਪ ‘ਚ ਮਨਾ ਕੇ ਆਪਣਾ ਸੱਭਿਆਚਾਰ ਮੁੜ ਤਾਜਾ ਕਰ ਲਿਆ ਹੈ। ਬੀ ਸੀ ਸੂਬੇ ਦੇ ਨਾਲ ਲੱਗਦੇ ਅਮਰੀਕਾ ਦੇ ਸੂਬੇ ਵਸ਼ਿੰਗਟਨ ਤੋਂ ਵੀ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਇਨ੍ਹਾਂ ਤੀਆਂ ਦਾ ਆਨੰਦ ਮਾਣਿਆਂ। ਇਸ ਤੋਂ ਇਲਾਵਾ ਮਿਸ਼ਨ ਦੇ ਨਾਲ ਲੱਗਦੇ ਸਾਰੇ ਸ਼ਹਿਰਾਂ ਤੋਂ ਬਹੁਤ ਸਾਰੀਆਂ ਮਹਿਲਾਵਾਂ ਪਹੁੰਚੀਆਂ ਹੋਈਆਂ ਸਨ। ਅਜਿਹੇ ਮੇਲੇ ਕਰਵਾਉਂਦੇ ਰਹਿਣ ਨਾਲ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸਾ ਬਚਿਆ ਰਹੇਗਾ।