Headlines

ਪ੍ਰਧਾਨ ਮੰਤਰੀ ਟਰੂਡੋ ਦੀ ਪਰਿਵਾਰਕ ਜ਼ਿੰਦਗੀ ਵਿਚ ਤੂਫਾਨ-ਪਤਨੀ ਸੋਫੀ ਨਾਲੋਂ ਅਲਗ ਹੋਣ ਦਾ ਐਲਾਨ

ਸੋਫੀ ਵੱਖਰੇ ਘਰ ਵਿਚ ਗਈ-ਬੱਚੇ ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਰਹਿਣਗੇ-

ਓਟਵਾ ( ਦੇ ਪ੍ਰ ਬਿ)-ਮੁਲਕ ਵਿਚ ਆਰਥਿਕ ਮੰਦੀ ਵਰਗੀ ਸਥਿਤੀ ਤੇ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਰਿਵਾਰਕ ਨਿੱਜੀ ਜਿ਼ੰਦਗੀ ਵਿਚ ਉਸ ਸਮੇਂ ਤੂਫਾਨ ਆਉਣ ਦੀ ਚਰਚਾ ਸੁਣਨ ਨੂੰ ਮਿਲੀ ਜਦੋਂ  ਉਹਨਾਂ ਤੇ ਉਨ੍ਹਾਂ ਦੀ ਪਤਨੀ, ਸੋਫੀ ਟਰੂਡੋ ਨੇ ਇਕ ਆਨਲਾਈਨ ਪੋਸਟ ਰਾਹੀਂ  ਇਕ ਦੂਸਰੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ।
ਟਰੂਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੇ ਸੰਦੇਸ਼ ‘ਚ ਲਿਖਿਆ ਹੈ ਕਿ ਸੋਫੀ ਅਤੇ ਮੈਂ ਇਸ ਤੱਥ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਕਈ ਅਰਥਪੂਰਨ ਅਤੇ ਮੁਸ਼ਕਲ ਗੱਲਬਾਤ ਤੋਂ ਬਾਅਦ ਅਸੀਂ ਇਕ ਦੂਸਰੇ ਤੋਂ  ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
51 ਸਾਲ ਜਸਟਿਨ ਟਰੂਡੋ ਅਤੇ  48 ਸਾਲਾ ਸੋਫੀ ਦਾ ਮਈ 2005 ਵਿੱਚ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਹੁਣ ਤਿੰਨ ਬੱਚੇ – ਦੋ ਪੁੱਤਰ, ਜ਼ੇਵੀਅਰ, 15 ਸਾਲ ਅਤੇ ਹੈਡ੍ਰੀਅਨ  9 ਸਾਲ ਅਤੇ ਇੱਕ ਧੀ 14 ਸਾਲਾ ਏਲਾਗਰੇਸ ਹੈ।
ਟਰੂਡੋ ਅਤੇ ਸੋਫੀ ਨੇ  ਇੱਕੋ ਜਿਹੇ ਸੰਦੇਸ਼ਾਂ ਵਿੱਚ ਲਿਖਿਆ ਹੈ ਕਿ ਹਮੇਸ਼ਾ ਵਾਂਗ, ਅਸੀਂ ਇੱਕ ਦੂਜੇ ਲਈ ਡੂੰਘੇ ਪਿਆਰ ਅਤੇ ਸਤਿਕਾਰ ਨਾਲ ਇੱਕ ਪਰਿਵਾਰ ਬਣੇ ਹੋਏ ਹਾਂ ਅਤੇ ਅਸੀ ਆਪਣੇ ਬੱਚਿਆਂ ਦੇ ਪਾਲਣ ਪੋਸਣ ਤੇ ਭਲਾਈ ਲਈ ਪਰਿਵਾਰ ਵਾਂਗ ਕੰਮ ਕਰਦੇ ਰਹਾਂਗੇ। ਇਸ ਘੜੀ ਅਸੀਂ ਲੋਕਾਂ ਤੋਂ ਆਪਣੇ ਪਰਿਵਾਰਕ ਮਸਲਿਆਂ ਦੀ ਨਿੱਜਤਾ ਦੇ ਸਤਿਕਾਰ ਦੀ ਤਵੱਕੋ ਕਰਦੇ ਹਾਂ।
ਸੋਫੀ ਟਰੂਡੋ ਜੋ ਕਿ ਇੱਕ ਸਾਬਕਾ ਟੈਲੀਵਿਜ਼ਨ ਹੋਸਟ ਹੈ, ਦਾ ਜਸਟਿਨ ਟਰੂਡੋ ਦੇ ਸਿਆਸੀ ਕੈਰੀਅਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ ।
ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਟਰੂਡੋ ਅਤੇ ਸੋਫੀ ਨੇ ਵਿਆਹੁਤਾ ਜੀਵਨ ਵਿਚ ਅਲਗ ਹੋਣ ਸਬੰਧੀ ਆਪਸੀ ਸਹਿਮਤੀ ਨਾਲ  ਇੱਕ ਕਾਨੂੰਨੀ ਅਲਹਿਦਗੀ ਸਮਝੌਤੇ ਉਪਰ ਦਸਤਖਤ ਕੀਤੇ  ਹਨ। ਸੂਚਨਾ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਉਨ੍ਹਾਂ ਦੇ ਵੱਖ ਹੋਣ ਦੇ ਫੈਸਲੇ ਦੇ ਸਬੰਧ ਵਿੱਚ ਸਾਰੇ ਕਾਨੂੰਨੀ ਅਤੇ ਨੈਤਿਕ ਕਦਮ ਚੁੱਕੇ ਗਏ ਹਨ। ਇਸਦੇ ਬਾਵਜੂਦ ਉਹ ਇੱਕ ਪਰਿਵਾਰ ਵਜੋਂ ਵਿਚਰ ਰਹੇ ਹਨ। ਦੋਵੇਂ ਅਪਣੱਤ ਭਰੇ ਅਤੇ ਸਹਿਯੋਗੀ ਮਾਹੌਲ ਵਿੱਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਗੇ। ਦੋਵੇਂ ਮਾਪੇ ਆਪਣੇ ਬੱਚਿਆਂ ਦੇ ਜੀਵਨ ਵਿੱਚ  ਨਿਰੰਤਰ ਮੌਜੂਦ ਰਹਿਣਗੇ ਜਿਸਦੀ ਕਿ ਆਮ ਕੈਨੇਡੀਅਨ ਲੋਕ ਅਕਸਰ ਪਰਿਵਾਰ ਨੂੰ ਇਕੱਠੇ ਦੇਖਣ ਦੀ ਉਮੀਦ ਕਰਦੇ ਹਨ। ਪ੍ਰਧਾਨ ਮੰਤਰੀ ਬੱਚਿਆਂ ਸਮੇਤ ਸਰਕਾਰੀ ਰਿਹਾਇਸ਼ ਵਿਚ ਹੀ ਰਹਿਣਗੇ ਜਦੋਂਕਿ ਸੋਫੀ ਟਰੂਡੋ ਓਟਾਵਾ ਵਿੱਚ ਇੱਕ ਵੱਖਰੇ ਘਰ ਵਿੱਚ ਚਲੇ ਗਏ ਹਨ। ਪਰ ਉਹ ਰੀਡੋ ਦੀ ਸਰਕਾਰੀ ਰਿਹਾਇਸ਼ ਵਿਖੇ ਵੀ ਸਮਾਂ ਬਿਤਾਉਣਗੇ, ਜਿੱਥੇ ਉਨ੍ਹਾਂ ਦੇ ਬੱਚਿਆਂ ਦੇ ਜ਼ਿਆਦਾਤਰ ਸਮਾਂ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।  ਟਰੂਡੋ ਵਲੋਂ ਆਪਣੇ ਪਰਿਵਾਰ ਨਾਲ ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਇਸ ਹਫਤੇ ਜਨਤਕ ਤੌਰ ‘ਤੇ ਕੁਝ ਕਹਿਣ ਦੀ  ਉਮੀਦ ਹੈ।

ਪ੍ਰਧਾਨ ਮੰਤਰੀ ਟਰੂਡੋ ਦੀ ਪਰਿਵਾਰਕ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਸੋਫੀ ਟਰੂਡੋ ਉਹਨਾਂ ਨਾਲ ਜਨਤਕ ਸਮਾਗਮਾਂ ਵਿਚ ਘੱਟ ਹੀ ਦਿਖਾਈ ਦੇ ਰਹੀ ਸੀ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਕ ਪ੍ਰੈਸ ਕਾਨਫਰੰਸ ਵਿਚ ਜਦੋਂ ਪੁੱਜੇ ਤਾਂ ਉਹਨਾਂ ਦੇ ਮੱਥੇ ਉਪਰ ਮੈਡੀਕਲ ਟੇਪ ਲੱਗੀ ਹੋਈ ਸੀ। ਸਮਝਿਆ ਜਾਂਦਾ ਸੀ ਕਿ ਉਹਨਾਂ ਦੇ ਬੱਚਿਆਂ ਨਾਲ ਖੇਡਦੇ ਸਮੇਂ ਮੱਥੇ ਉਪਰ ਸੱਟ ਲੱਗ ਗਈ ਸੀ। ਹੁਣ ਪਤਨੀ ਨਾਲੋਂ ਅਲਗ ਹੋਣ ਦੀ ਖਬਰ ਨੇ ਉਹਨਾਂ ਦੇ ਘਰੇਲੂ ਹਾਲਾਤ ਸ਼ੱਕੀ ਬਣਾ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਟਰੂਡੋ ਦੇ ਪਿਤਾ ਪੀਅਰੇ ਟਰੂਡੋ ਦਾ ਵੀ ਉਸ ਸਮੇਂ ਤਲਾਕ ਹੋ ਗਿਆ ਸੀ ਜਦੋਂ ਉਹ ਪ੍ਰਧਾਨ ਮੰਤਰੀ ਸਨ।

ਟਰੂਡੋ ਜੋੜੀ ਦੀ ਆਪਣੇ ਬੱਚਿਆਂ ਨਾਲ ਇਕ ਪੁਰਾਣੀ ਤਸਵੀਰ।