Headlines

ਵਿੰਨੀਪੈਗ ਵਿਚ ਵਿਸ਼ਵ ਪੁਲਿਸ ਖੇਡਾਂ ‘ਚ ਭਾਰਤੀ ਬਾਡੀ ਬਿਲਡਰਾਂ ਨੇ ਜਿੱਤੇ ਕੁੱਲ 22 ਤਗਮੇ

ਵਿੰਨੀਪੈਗ ( ਸਰਬਪਾਲ ਸਿੰਘ, ਸ਼ਰਮਾ )-ਵਿੰਨੀਪੈਗ ‘ਚ ਚੱਲ ਰਹੀਆਂ ਵਿਸ਼ਵ ਪੁਲਿਸ ਅਤੇ ਫ਼ਾਇਰ ਖੇਡਾਂ (2023 ) ਵਿੱਚ ਭਾਰਤੀ ਖਿਡਾਰੀਆਂ ਵਲੋਂ ਜਿੱਥੇ ਵੱਖ-ਵੱਖ ਖੇਡ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਓਥੇ ਹੀ ਬਾਡੀ ਬਿਲਡਿੰਗ ਦੇ ਵੱਖ-ਵੱਖ ਕੈਟੇਗਰੀਆਂ ਅੰਦਰ ਹੋਏ ਸਖਤ ਮੁਕਾਬਲਿਆਂ ਦੌਰਾਨ ਭਾਰਤੀ ਖਿਡਾਰੀਆਂ ਨੇ 12 ਸੋਨ, 08 ਚਾਂਦੀ, 02 ਕਾਂਸੀ ਸਮੇਤ ਕੁੱਲ 22 ਤਗਮੇ ਭਾਰਤ ਦੀ ਝੋਲੀ ਪਾਏ ਹਨ | ਇਹਨਾਂ ਖਿਡਾਰੀਆਂ ਨਾਲ ਪ੍ਰਬੰਧਕ ਅਫਸਰਾਂ ਦੇ ਤੌਰ ਤੇ ਇਥੇ ਪੁੱਜੇ ਬ੍ਰਿਗੇਡੀਅਰ ਆਰ.ਸੁੰਦਰਮ,ਕਮਾਂਡਟ ਡਿਪਟੀ ਲੀਡਰ ਤਾਸ਼ੀ ਨਾਇਮਗਲ ਨੇ ਦੱਸਿਆ ਕਿ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ‘ਚੋਂ ਕੁੱਲ 12 ਖਿਡਾਰੀ ਜਿਹਨਾਂ ਵਿਚੋਂ 10 ਪੁਰਸ਼ ਅਤੇ 2 ਮਹਿਲਾਵਾਂ ਸ਼ਾਮਿਲ ਹਨ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ | ਇਹਨਾਂ ਮੁਕਾਬਲਿਆਂ ‘ਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਹਰਦੀਪ ਸਿੰਘ ਸ਼ੇਰ ਗਿੱਲ ਜਿਸ ਨੇ ਕਿ 30 ਤੋਂ 39 ਸਾਲਾਂ ਉਮਰ ਵਰਗ ਅੰਦਰ ਕੈਨੇਡੀਅਨ ਬਾਡੀ ਬਿਲਡਰ ਨੂੰ ਮਾਤ ਦੇ ਸੋਨੇ ਦਾ ਤਗਮਾ ਹਾਸਿਲ ਕੀਤਾ ਅਤੇ ਮੈਨਜ਼ ਫਿਜ਼ੀਕ ਮੁਕਬਲੇ ਦਾ ਵੀ ਜੇਤੂ ਰਿਹਾ, ਜਦਕਿ  ਮਹਿਲਾ ਵਰਗ ਅੰਦਰ ਬਬੀਤਾ ਨੇ ਫਿੱਟਨੈੱਸ ਬਿਕਨੀ ਵਰਗ ਵਿਚ ਬਾਕੀ ਖਿਡਾਰੀਆਂ ਨੂੰ ਪਛਾੜ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ | ਵਿਨੀਪੈਗ ‘ਚ ਚੱਲਣ ਵਾਲਾ ਇਹ ਮੁਕਾਬਲਾ ਦੁਨੀਆਂ ਭਰ ਦੀਆਂ ਫੋਰਸਾਂ ਦਾ ਸਭ ਤੋਂ ਵੱਡਾ ਮੁਕਾਬਲਾ ਹੈ ਜਿਸ ਵਿੱਚ ਲੱਗਭਗ 60 ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ | ਹਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਭਾਰਤ ਦੀਆਂ ਸਾਰੀਆਂ ਫੋਰਸਾਂ ਦਾ ਜੇਤੂ ਬਾਡੀ ਬਿਲਡਰ ਹੈ ਅਤੇ ਉਹ ਮਿਸਟਰ ਇੰਡੀਆ ਵੀ ਰਹਿ ਚੁੱਕਾ ਹੈ |

ਤਸਵੀਰਾਂ ਸਮੇਤ :- ਭਾਰਤੀ ਝੰਡੇ ਨਾਲ ਜੇਤੂ ਮੁਦਰਾ ‘ਚ ਹਰਦੀਪ ਸਿੰਘ |
ਭਾਰਤੀ ਬਾਡੀ ਬਿਲਡਰ ਟੀਮ ਸਮੂਹਿਕ ਤਸਵੀਰ ਦੌਰਾਨ ਆਪਣੇ ਪ੍ਰਬੰਧਕੀ ਅਫਸਰਾਂ ਨਾਲ |