Headlines

ਕਾਵਿ ਕਿਆਰੀ-ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਫਿਰੋਜ਼ ਗਿੱਲ, ਸੀਹਰਾ

ਗ਼ਜ਼ਲ / ਜਸਵਿੰਦਰ

ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ।
ਹਵਾ ਬਾਜ਼ਾਰ ਦੀ ਹੈ ਸ਼ੂਕਦੀ ਫਿਰਦੀ ਗਰਾਂ ਅੰਦਰ।

ਦਰਾਂ ਨੂੰ ਬੰਦ ਕਰਨਾ ਠੀਕ ਨਈਂ ਪੌਣਾਂ ਤਾਂ ਪੌਣਾਂ ਨੇ,
ਇਨਾਂ ਨੇ ਆ ਹੀ ਜਾਣੈਂ ਇਸ ਤਰਾ ਜਾਂ ਉਸ ਤਰਾਂ ਅੰਦਰ।

ਬੜਾ ਔਖੈ ਲੁਕੋਣਾ ਅੱਖੀਆਂ ਵਿਚ ਰੰਗ ਕੋਈ ਵੀ,
ਬੜਾ ਸੌਖੈ ਲੁਕੋਣਾ ਚਿਹਰਿਆਂ ਨੂੰ ਮਫ਼ਲਰਾਂ ਅੰਦਰ।

ਕਦੋਂ ਹੈ ਚੈਨ ਮਿਲਦਾ ਦਿਲ ‘ਚੋਂ ਕੱਢ ਕੇ ਤੀਰ ਯਾਦਾਂ ਦੇ,
ਬੜਾ ਦੁੱਖ ਦਿੰਦੀਆਂ ਰਹਿ ਜਾਂਦੀਆਂ ਜੋ ਛਿਲਤਰਾਂ ਅੰਦਰ।

ਕਦੇ ਮੈਂ ਇਉਂ ਵੀ ਉਡਦਾ ਹਾਂ ਰਹੇ ਨਾ ਯਾਦ ਏਨਾ ਵੀ,
ਕਿ ਅੰਬਰ ਨੇ ਮੇਰੇ ਅੰਦਰ ਜਾਂ ਮੈਂ ਹਾਂ ਅੰਬਰਾਂ ਅੰਦਰ।

ਹਨੇਰਾ ਰਾਤ ਦਾ ਮਹਿਮਾਨ ਹੈ ਏਨਾ ਬੁਰਾ ਵੀ ਨਹੀਂ,
ਬੁਰਾ ਹੈ ਸਿਰਫ਼ ਇਸ ਦਾ ਬੈਠ ਜਾਣਾ ਆਂਦਰਾਂ ਅੰਦਰ।

 

ਗ਼ਜ਼ਲ / ਰਾਜਵੰਤ ਰਾਜ

ਉਮਰ ਭਰ ਦੁਸ਼ਵਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

ਇਸ਼ਕ ਵਿੱਚ ਲਾਚਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

ਹੈ ਮੇਰੀ ਰਗ ਰਗ ਤੋਂ ਵਾਕਫ਼, ਫਿਰ ਵੀ ਬਣਦੈ ਅਜਨਬੀ,

ਉਸ ਦੀਆਂ ُਫ਼ਨਕਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

ਚਾਰ ਦਿਨ ਤੋਂ ਬਾਦ ਸਾਨੂੰ ਦਿਲ ‘ਚੋਂ ਕੱਢ ਦਿੰਦੇ ਨੇ ਲੋਕ,

ਇੰਝ ਕਿਰਾਏਦਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

ਮੈਂ ਕਮਾਇਆ ਇਸ਼ਕ ਵਿੱਚੋਂ ਜ਼ਖ਼ਮ ਇੱਕ ਸੂਖਮ ਜਿਹਾ,

ਉਸ ‘ਚੋਂ ਦਰਦਾਂ ਭਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

 

ਫੇਰ ਲਾਈਆਂ, ਫੇਰ ਟੁੱਟੀਆਂ, ਫੇਰ ਲੱਗਣ ਦੀ ਉਮੀਦ,

ਰੋਜ਼ ਕੱਚੀਆਂ ਯਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

ਜਿਸ ਲਈ ਉਹ ਮੁਸਕਰਾਉਂਦੈ ਨੀਂਦ ਵਿੱਚ, ਉਹ ਮੈਂ ਨਹੀਂ,

ਰਾਜ ਪਰਦੇਦਾਰੀਆਂ ਦੇ ਸਿਲਸਿਲੇ ਚੱਲਦੇ ਰਹੇ ।

 

ਗ਼ਜ਼ਲ / ਹਰਦਮ ਮਾਨ

ਮਨ ਦੇ ਮਾਰੂਥਲ ਚੋਂ ਤੂੰ ਆ ਤਾਂ ਸਹੀ ਬਾਹਰ ਕਦੇ।

ਜ਼ਿੰਦਗੀ ਜਾਪੇਗੀ ਫਿਰ ਚਸ਼ਮਾ ਕਦੇ ਸਰਵਰ ਕਦੇ।

 

ਸ਼ੋਰ ਚੋਂ ਨਿੱਕਲ ਕੇ ਆਵੀਂ ਸ਼ਾਮ ਦੀ ਦਹਿਲੀਜ਼ “ਤੇ

ਦੀਵਿਆਂ ਵੇਲੇ ਹਵਾਵਾਂ ਦੀ ਸੁਣੀਂ ਸਰਸਰ ਕਦੇ।

 

ਪਾਲਦਾ ਰਹਿਨੈਂ ਯਰਾਨੇ ਹੋਰਨਾਂ ਦੇ ਨਾਲ ਤਾਂ

ਬਣ ਕੇ ਆਪਣੇ ਆਪ ਦਾ ਵੀ ਵੇਖ ਲੈ ਮਿੱਤਰ ਕਦੇ।

 

ਖੂਬਸੂਰਤ ਤੱਕਣਾ ਹੈ ਜ਼ਿੰਦਗੀ ਦਾ ਜੇ ਬਲੌਰ

ਦਿਲ ਦੀ ਅੱਖ ਦੇ ਨਾਲ ਇਸਨੂੰ ਵੇਖ ਲੈ ਪਲ ਭਰ ਕਦੇ।

 

ਸ਼ਾਂਤ ਮਹਿਫ਼ਿਲ ਨੂੰ ਸੁਣਾਈ ਦੇਣ ਕੇਵਲ ਧੜਕਣਾਂ

“ਮਾਨ” ਆਪਣੀ ਸ਼ਾਇਰੀ ਵਿਚ ਦਰਦ ਏਨਾ ਭਰ ਕਦੇ।

 

ਗ਼ਜ਼ਲ / ਦਵਿੰਦਰ ਗੌਤਮ

ਦਰਦ ਮੇਰੇ ਨੂੰ ਟੇਕ ਕੇ ਮੱਥਾ, ਫਿਰ ਵਾਪਸ ਮੁੜ ਆਈ ਹੈ,

ਭਾਂਵੇ ਮੇਰੇ ਅੰਦਰੋਂ ਨਿਕਲੀ, ਪਰ ਇਹ ਚੀਕ ਪਰਾਈ ਹੈ।

 

ਕਿੰਨੇ ਸੈਆਂ ਫੁੱਲ ਨੇ ਟੁੱਟੇ ,ਮਨ ਦੇ ਏਸ ਬਗ਼ੀਚੇ ਚੋਂ,

ਹਰ ਇਕ ਫੁੱਲ ਦੀ ਪੀੜ ਹੀ ਬਣ ਕੇ,ਗ਼ਜ਼ਲ ਮੇਰੇ ਘਰ ਆਈ ਹੈ।

 

ਨਾਮ ਨਾ ਕੋਈ, ਜਾਤ ਨਾ ਕੋਈ,ਨਾ ਹੀ ਇਸ ਦਾ ਧਰਮ ਕੋਈ,

ਦਿਲ ਚੋ ਉੁੱਠੇ ਦਿਲ ਤੱਕ ਜਾਵੇ,ਪੀੜ ਹੀ ਅਸਲ ਖੁਦਾਈ ਹੈ।

 

ਸੁੱਖ ਸੁਖਾਂ ਦੀ ਮੰਗਣ ਜਾਕੇ ਲੋਕੀਂ ਸਭ ਦਰਗਾਹਾਂ ਚੋਂ,

ਪੀੜ ਪਰਾਈ ਲੈ ਕੇ ਜੀਣਾ ,ਏਹੋ ਧਰਮ ਕਮਾਈ ਹੈ।

 

ਘਰ ਛਡਿਆਂ ਵੀ ਮਿਲਣੀ ਨਾਹੀਂ ,ਜੋ ਲੱਭੇ ਤੂੰ ਜੰਗਲ਼ ਚੋਂ,

ਮਨ ਹੀ ਰੌਲਾ ਮਨ ਹੀ ਭਟਕਣ ,ਮਨ ਵਿੱਚ ਹੀ ਤਨਹਾਈ ਹੈ।

 

ਦਰ ਦਰ ਉੱਤੇ ਭਟਕ ਰਿਹਾ ਏਂ ,ਕਿਉਂ ਤੂੰ ਹੋਸ਼ ਗਵਾ ਬੈਠਾ,

ਉਸ ਦੁਨੀਆ ਚੋਂ ਤੂੰ ਸੁਖ ਲਭਦੈਂ ,ਜੋ ਪੀੜਾ ਦੀ ਜਾਈ ਹੈ।

 

ਗੌਤਮ ਏਹੋ ਸਾਰ ਮੈਂ ਲੱਭਾ ,ਇਸ ਜੱਗ ਤੋਂ ਛੁਟਕਾਰੇ ਦਾ,

ਪੀੜਾ ਨੂੰ ਜਿਸ ਪੀੜ ਕੇ ਪੀਤਾ, ਉਸ ਨੇ ਮੁਕਤੀ ਪਾਈ ਹੈ।

 

ਗ਼ਜ਼ਲ / ਪ੍ਰੀਤ ਮਨਪ੍ਰੀਤ

ਇਹ ਜਿਸਮ ਪੱਥਰ ਹੋ ਗਿਆ ਤੇ ਅੱਖ ਵੀ ਰੋਈ ਨਹੀਂ

ਪਰ ਕੁਝ ਤਾਂ ਅੰਦਰ ਤੜਫ਼ਦਾ, ਸੰਵੇਦਨਾ ਮੋਈ ਨਹੀਂ

 

ਜੰਗਲ ਨੂੰ ਤੁਰਿਆ ਆਦਮੀ, ਜੰਗਲ ਘਰਾਂ ਨੂੰ ਤੁਰ ਪਿਆ

ਹਰ ਭਟਕਦੀ ਸ਼ੈਅ ਨੂੰ ਕਦੇ, ਮਿਲਦੀ ਕਿਤੇ ਢੋਈ ਨਹੀਂ

 

ਇਹ ਇਸ਼ਕ ਦੇ ਜੋ ਤਤਕਰੇ, ਅਕਸਰ ਹੀ ਰਹਿੰਦੇ ਅਨਪੜ੍ਹੇ

ਪੁਸਤਕ ਦਿਲਾਂ ਦੀ ਪੜ੍ਹ ਸਕੇ ਜੋ, ਉਹ ਨਜ਼ਰ ਕੋਈ ਨਹੀਂ

 

ਸਾਰੇ ਨਗਰ ਵਿਚ ਘੁੰਮਦੇ , ਬੇਖ਼ੌਫ ਹੋ ਕੇ ਹਾਦਸੇ

ਹੋਈ ਅਸਾਡੇ ਨਾਲ ਹੀ ਤਾਂ ਸਿਰਫ਼ ਅਣਹੋਈ ਨਹੀਂ

 

ਫਿਰ ਸ਼ੀਸ਼ਿਆਂ ‘ਤੇ ਧੂੜ ਦਾ ਇਲਜ਼ਾਮ ਕੀ ਦੇਣਾ ਭਲਾ

ਜੇ ਆਪਣੀ ਪਹਿਚਾਣ ਮੈਥੋਂ, ਆਪ ਹੀ ਹੋਈ ਨਹੀਂ

 

ਹੁਣ ਦਿਲ ਦਿਆਂ ਜ਼ਖ਼ਮਾਂ ਨੂੰ ਵੀ ਕੁਝ ਲੋਕ ਢਕਦੇ ਇਸ ਤਰ੍ਹਾਂ

ਜੇ ਦਰਦ ਪੁੱਛੀਏ ਆਖਦੇ ਨੇ, ‘ ਨਾ ਜੀ ਨਾ, ਕੋਈ ਨਹੀਂ ’

 

ਆਮਦ ਕਿਸੇ ਦੀ ਮਹਿਕ ਬਣ , ਮੇਰੀ ਗਲੀ ਮਹਿਕਾ ਗਈ

ਉਹ ਤੁਰ ਗਿਆ ਮੈਂ ਫੇਰ ਇਹ, ਖਿੜਕੀ ਕਦੇ ਢੋਈ ਨਹੀਂ

 

ਦਿਲ ਦੇ ਲਹੂ ਦੇ ਨਾਲ ਹੀ, ਲਿਖਦਾ ਹਾਂ ਦਿਲ ਦਾ ਹਾਲ ਹੀ

ਉਂਝ ਸਿਰਫ਼ ਬਹਿਰਾਂ ਨਾਲ਼ ਹੀ, ਹੁੰਦੀ ਗ਼ਜ਼ਲਗੋਈ ਨਹੀਂ

 

ਗ਼ਜ਼ਲ / ਕ੍ਰਿਸ਼ਨ ਭਨੋਟ

ਸੰਵੇਦਨਹੀਣ ਹੁੰਦੇ ਨਾ ਭਲਾ ਕਾਹਦਾ ਇਹ ਰੋਣਾ ਸੀ ,

ਅਸਾਡੀ ਕੌੰਮ ਨੇ ਫਿਰ ਇੰਝ ਨਿਰਬਸਤਰ ਨ ਹੋਣਾ ਸੀ ।

 

ਤੁਰੇ ਅੰਨ੍ਹੀ ਗਲ਼ੀ ਵਿਚ ਹਸ਼ਰ ਤਾਂ ਏਹੋ ਈ ਹੋਣਾ ਸੀ ,

ਅਸੀਂ ਇਕ ਦੂਸਰੇ ਦੀ ਹਿਕ ‘ਚ ਹੀ ,ਖੰਜਰ ਖੁਭੋਣਾ ਸੀ ।

 

ਉਨ੍ਹਾਂ ਇਕ ਦੂਸਰੇ ਤੋਂ ਇੰਝ ਹੀ ਵਿਸਵਾਸ ਖੋਣਾ ਸੀ ,

ਉਨ੍ਹਾਂ ਵਿਚਕਾਰ ਜੁ ਬਣਿਆ ਸੀ , ਉਹ ਰਿਸ਼ਤਾ ਹੀ ਤਿਕੋਣਾ ਸੀ ।

 

ਕਿਤੇ ਕੁਛ ਗ਼ਲਤ ਹੋਇਆ ਤਾਂ ਅਸੀਂ ਅਣਦੇਖਿਆ ਕੀਤਾ,

ਅਸੀਂ ਮਰੀਆਂ ਜ਼ਮੀਰਾਂ ਦਾ ਹੀ ਆਖਰ ਭਾਰ ਢੋਣਾ ਸੀ ।

 

ਉਨ੍ਹਾਂ ਬਲ਼ਦੀ ਦੇ ਬੁੱਥੇ ਦੇਣ ਦੀ ਧਾਰੀ ਸੀ ਪਹਿਲਾਂ ਸੀ ,

ਅਖੌਤੀ ਨਾਖ਼ੁਦਾਵਾਂ ਨੇ ਤਾਂ, ਬੇੜਾ ਹੀ ਡੁਬੋਣਾ ਸੀ ।

 

ਨਜ਼ਰ ਵਿਚ ਖੋਟ ਸੀ ਸੂਰਮਗਤੀ ਨੂੰ ਪਰਖ ਨਾ ਸਕਿਆ ,

ਖਰਾ ਸੋਨਾ ਸੀ ਇਕਲਵਿਆ ,ਜੇ ਖੋਟਾ ਸੀ ,ਦਰੋਣਾ ਸੀ ।

 

ਰਿਹਾ ਸ਼ੁਹਰਤ ਦੇ , ਸਨਮਾਨਾਂ ਦੇ ਸਿਰ ਤੇ , ਸਿਰਜਿਆ ਕੀ ਹੈ ,

ਤੂੰ ਮੱਖਣ ਭਾਲ਼ਦਾ ਕਿਉਂ ਕ੍ਰਿਸ਼ਨ ਜਦ ਪਾਣੀ ਬਲੋਣਾ ਸੀ ।

 

 

ਗ਼ਜ਼ਲ / ਦਸ਼ਮੇਸ਼ ਗਿੱਲ ਫ਼ਿਰੋਜ਼

ਉਂਜ ਤਾਂ ਦਰਦ ਕਹਾਣੀ ਮਿੱਤਰਾ ਕਾਫ਼ੀ ਲੰਮੀ ਜਾ ਸਕਦੀ ਏ

ਪਰ ਸਾਰੀ ਗੱਲ ਇੱਕ ਦੋ ਹੰਝੂਆਂ ਨਾਲ ਮੁਕਾਈ ਜਾ ਸਕਦੀ ਏ

 

ਰੱਤ ਵੀ ਪੀਤੀ ਜਾ ਸਕਦੀ ਹੈ ਡੂੰਘੇ ਫੱਟਾਂ ਤੇ ਮੂੰਹ ਧਰ ਕੇ

ਪਰ ਉਨ੍ਹਾਂ ਨੂੰ ਚੁੰਮ ਕੇ ਸਾਰੀ ਪੀੜ ਵੀ ਪੀਤੀ ਜਾ ਸਕਦੀ ਏ

 

ਚੁੱਪ ਨੂੰ ਸੁੱਣਿਆ ਜਾ ਸਕਦਾ ਏ ਦੀਵਾ ਤੱਕਿਆ ਜਾ ਸਕਦਾ ਏ

ਇੱਕ ਇੱਕ ਛਿਣ ਗਿਣ ਗਿਣ ਕੇ ਲੰਮੀ ਰਾਤ ਲੰਘਾਈ ਜਾ ਸਕਦੀ ਏ

 

ਕੋਸ਼ਿਸ਼ ਕੀਤੀ ਜਾ ਸਕਦੀ ਏ ਸਿਰ ਨਾ’ ਸੀਖਾਂ ਨੂੰ ਤੋੜਨ ਦੀ

ਜਾਂ ਪਿੰਜਰੇ ਚੋਂ ਫਿਰ ਨਿਕਲਣ ਦੀ ਆਸ ਵੀ ਛੱਡੀ ਜਾ ਸਕਦੀ ਏ

 

ਵਗਣ ਵੀ ਦਿੱਤਾ ਜਾ ਸਕਦਾ ਹੈ ਦਰਿਆ ਡੂੰਘੇ ਜ਼ਖ਼ਮਾਂ ਵਾਲ਼ਾ

ਜਿੰਦੜੀ ਜੀਭ ਨੂੰ ਦੰਦਾਂ ਥੱਲੇ ਦੇ ਕੇ ਕੱਟੀ ਜਾ ਸਕਦੀ ਏ

 

 

ਗ਼ਜ਼ਲ / ਗੁਰਮੀਤ ਸਿੰਘ ਸਿੱਧੂ

ਅੰਦਰੋਂ ਟੁੱਟ ਜਾਣ ਨਾ ਮਾਪੇ, ਗੰਢਦੇ-ਗੰਢਦੇ ਘਰ ਨੂੰ।

ਬੋਟ ਉਡਾਰੂ ਹੋ ਕੇ ਉੱਡਣੇ, ਆਲ੍ਹਣਿਓਂ ਆਖਰ ਨੂੰ।

 

ਅਪਣੀ ਚਾਲੇ ਚੱਲਦਾ ਹਾਂ ਮੈਂ, “ਵਡਿਆ ਸਿਉ ਕਿਆ ਰੀਸ”,

ਦਰਿਆ ਦੀ ਹਸਤੀ ਮਿਟ ਜਾਵੇ, ਮਿਲਦਾ ਜਦ ਸਾਗਰ ਨੂੰ।

 

ਭਰਕੇ ਖਾਲੀ ਹੋਣ ਦੀ ਪੀੜਾ, ਤੇਹਾਂ ਤੋਂ ਵੀ ਤਿੱਖੜੀ,

ਬੁਝ ਗਈ ਪਿਆਸ ਮੇਰੀ ਸੀ ਮਿਲ਼ਕੇ, ਇੱਕ ਸੁੱਕੇ ਸਰਵਰ ਨੂੰ।

 

ਬੰਜਰ ਧਰਤੀ ਦੇ ਵਿੱਚ ਲੱਗੇ, ਫੁੱਲ ਪਿਆਰ ਦੇ ਟਹਿਕਣ,

ਖੁਸ਼ਦਿਲੀਆਂ ਦਾ ਸਾਰਾ ਸਿਹਰਾ, ਜਾਂਦਾ ਹੈ ਦਿਲਬਰ ਨੂੰ।

 

ਪੀੜਾਂ, ਚੀਸਾਂ, ਗਮ ਤੇ ਹਾਓਕੇ, ਛੱਲਾਂ ਬਣ-ਬਣ ਆਏ,

ਮਨ ਦੀ ਝੀਲ ‘ਚ ਜਦ ਮੈਂ ਸੁੱਟਿਆ, ਯਾਦਾਂ ਦੀ ਠੀਕਰ ਨੂੰ।

 

ਸਫ਼ਰ ‘ਚ ਬਚਕੇ ਰਾਹਜ਼ਨੀ ਤੋਂ, ਤੇਰੀ ਰਾਹਗੁਜ਼ਰ ਦਾ,

ਨਕਸ਼ਾ ਮੇਰੇ ਸਾਹਵੇਂ ਪੁੱਛਿਆ, ਰਾਹਜ਼ਨ ਨੇ ਰਹਿਬਰ ਨੂੰ।

 

ਗੜ੍ਹੀ, ਦੀਵਾਰ, ਥੜ੍ਹੇ ਤੇ ਬੁੰਗੇ, ਕਾਰਸੇਵਾ ਨੇ ਨਿਗਲ਼ੇ,

ਮੱਥੇ ਟੇਕ ਰਹੇ ਸ਼ਰਧਾਲੂ, ਮਹਿੰਗੇ ਸੰਗਮਰਮਰ ਨੂੰ।

 

ਨਸਰ, ਨਜ਼ਮ ਤੇ ਨਗ਼ਮਾ ਸਭ ਦੀ, ਆਪੋ-ਅਪਣੀ ਖ਼ੂਬੀ,

ਗ਼ਜ਼ਲ ਦੀ ਜ਼ਿੰਮੇਵਾਰੀ, ਭਰਨਾ ਗਾਗਰ ਵਿੱਚ ਸਾਗਰ ਨੂੰ।

 

ਗ਼ਜ਼ਲ / ਬਲਦੇਵ ਸੀਹਰਾ

ਅਜੇ ਰਸਤੇ ‘ਚ ਆਉਣੇ ਪੀੜ ਦੇ ਕਿੰਨੇ ਨਗਰ ਬਾਕੀ।

ਮੇਰੀ ਮੰਜ਼ਲ ਦੁਰਾਡੇ ਹੈ ਬੜਾ ਰਹਿੰਦਾ ਸਫ਼ਰ ਬਾਕੀ।

ਜ਼ਿਬ੍ਹਾ ਕੀਤਾ ਤੂੰ, ਹਰ ਆਸ਼ਿਕ, ਅਨੋਖੀ ਹੈ ਅਦਾ ਤੇਰੀ,

ਕਤਲ ਕਰਨਾ ਅਜੇ ਇਕ ਹੋਰ ਰਹਿੰਦਾ ਹੈ ਬਸ਼ਰ ਬਾਕੀ।

ਤੁੰ ਦਿੱਤੇ ਜ਼ਖ਼ਮ ਨੇ ਡੂੰਘੇ ਪਤਾ ਨਈਂ ਭਰਨਗੇ ਕਿੱਦਾਂ,

ਛਿੜਕਦੈਂ ਲੂਣ ਇਹਨਾਂ ਤੇ ਤੇਰਾ ਕਿੰਨਾਂ ਜਬਰ ਬਾਕੀ?

ਤੇਰੇ ਨਾ ਚਾਹੁੰਦਿਆਂ ਹੋਇਆਂ ਵੀ ਹਾਲੇ ਜੀ ਰਿਹਾ ਹਾਂ ਮੈਂ,

ਉਵੇਂ ਮਰਨੇ ‘ਚ ਦੱਸ ਮੇਰੇ ਅਜੇ ਕਿਹੜੀ ਕਸਰ ਬਾਕੀ।

ਤੇਰੇ ਦਰ ‘ਤੇ ਜੋ ਫਿਰਦੀ ਹੈ ਇਹ ਮੇਰੀ ਲਾਸ਼ ਹੀ ਤਾਂ ਹੈ,

ਕਿ ਮੇਰੇ ਮਰਨ ਦੀ ਹਾਲੇ ਤਾਂ ਆਉਣੀ ਹੈ ਖ਼ਬਰ ਬਾਕੀ।

ਮੇਰੇ ਤੁਰ ਜਾਣ ਦਾ ਐਵੇਂ ਨਾ ਝੋਰਾ ਲਾ ਲਿਓ ਕਿਧਰੇ,

ਮੈਂ ਪੱਤਾ ਕਿਰ ਗਿਆ ਤਾਂ ਕੀ, ਅਜੇ ਰਹਿੰਦਾ ਸ਼ਜ਼ਰ ਬਾਕੀ।

ਢਲੀ ਹੈ ਸ਼ਾਮ ਭਾਵੇਂ ਦੇਵ ਦੀ ਇਸ ਜ਼ਿੰਦਗੀ ਅੰਦਰ,

ਅਜੇ ਤਾਂ ਉਸ ਦਿਆਂ ਸ਼ਿਅਰਾਂ ‘ਚ ਰਹਿੰਦੀ ਹੈ ਫ਼ਜਰ ਬਾਕੀ।