Headlines

ਔਰਤਾਂ ‘ਤੇ ਹੋ ਰਹੇ ਜ਼ੁਲਮ ਵਿਰੁੱਧ ਤਰਕਸ਼ੀਲ ਸੁਸਾਇਟੀ ਵਲੋਂ ਰੋਸ ਪ੍ਰਦਰਸ਼ਨ

ਸਰੀ-ਇਸ 6 ਅਗਸਤ ਨੂੰ  ਇੱਥੇ ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਵਲੋਂ ਭਾਰਤ ਵਿੱਚ ਹਾਲ ਹੀ ਵਿੱਚ ਵਾਪਰੀਆਂ ਔਰਤਾਂ ਦੀ ਬੇਪਤੀ ਦੀਆਂ ਘਟਨਾਵਾਂ ਅਤੇ ਫਿਰਕੂ ਸੋਚ ਦੇ ਉਭਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ 88 ਐਵੇਨਿਊ ਤੇ ਕਿੰਗ ਜੌਰਜ਼ ਦੇ ਕੌਰਨਰ ਤੇ ਇਕੱਤਰ ਹੋਏ ਸਮਾਜਿਕ ਕਾਰਕੁਨਾਂ ਨੇ ਆਪਣੇ ਹੱਥਾਂ ‘ਚ ਫਾਸ਼ੀਵਾਦੀ ਸੋਚ ਅਤੇ ਔਰਤਾਂ ਤੇ ਹੁੰਦੇ ਜ਼ੁਲਮ ਦਾ ਵਿਰੋਧ ਕਰਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਦੋ ਘੰਟੇ ਚੱਲੇ ਪ੍ਰਦਰਸ਼ਨ ‘ਚ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ। ਇਸ ਪ੍ਰਦਰਸ਼ਨ ਦਾ ਮੁੱਖ ਕਾਰਨ ਮਨੀਪੁਰ ਵਿੱਚ ਇੱਕ ਫਿਰਕੇ ਵਲੋਂ ਦੂਸਰੇ ਕਬੀਲੇ ਦੀਆਂ ਔਰਤਾਂ ਨੂੰ ਨੰਗੇ ਕਰਕੇ ਘੁਮਾਉਣ ਵਿਰੁੱਧ ਹਰ ਸੋਚਵਾਨ ਦੀ ਚੇਤਨਾ ਦਾ ਝੰਜੋੜੇ ਜਾਣਾ ਸੀ। ਸਭ ਬੁਲਾਰਿਆਂ ਨੇ ਇਸ ਘਟਨਾ ਨੂੰ ਬਹੁਤ ਹੀ ਸ਼ਰਮਨਾਕ ਅਣਮਨੁੱਖੀ ਅਤੇ ਫਿਰਕਾਪ੍ਰਸਤੀ ਦੀ ਸੋਚ ਦੀ ਉੱਪਜ ਦੱਸਦਿਆਂ, ਇਸ ਘਟਨਾ ਦੀ ਘੋਰ ਨਿੰਦਾ ਕੀਤੀ।
ਮੁੱਖ ਬੁਲਾਰਿਆਂ ‘ਚ ਪ੍ਰੋ. ਜੈਪਾਲ ਸਿੰਘ, ਪ੍ਰੋ. ਸੁਰਿੰਦਰ ਗਿੱਲ ਜੈਪਾਲ, ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਟਰੱਸਟੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਮਨਜੀਤ ਬੈਂਸ ਚੇਤਨਾ, ਕੇਵਲ ਸਿੰਘ ਥਿੰਦ, ਸੁਖਦੇਵ ਮਾਨ, ਪਰਮਿੰਦਰ ਸਵੈਚ ਤਰਕਸ਼ੀਲ਼ ਸੁਸਾਇਟੀ ਪਰਧਾਨ ਸਰ੍ਹੀ, ਕ੍ਰਿਪਾਲ ਬੈਂਸ ਈਸਟ ਇੰਡੀਅਨ ਡੀਫੈਂਸ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਜੀ ਸ਼ਾਮਲ ਸਨ। ਸਟੇਜ ਦੀ ਕਾਰਵਾਈ ਸੁਸਾਇਟੀ ਦੇ ਸਕੱਤਰ ਨਿਰਮਲ ਕਿੰਗਰਾ ਨੇ ਨਿਭਾਈ। ਇਸ ਤੋਂ ਇਲਾਵਾ 25 ਸਾਲ ਪਹਿਲਾਂ ਬਲਾਤਕਾਰ ਕਰਕੇ ਕਤਲ ਕਰ ਦਿੱਤੀ ਗਈ ਕਿਰਨਜੀਤ ਮਹਿਲ ਕਲਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਤੇ ਐਕਸ਼ਨ ਕਮੇਟੀ ਦੀ ਸੰਘਰਸ਼ਮਈ ਜਿੱਤ ਨੂੰ ਯਾਦ ਕਰਦਿਆਂ ਕਿਰਨਜੀਤ, ਪਰਿਵਾਰ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਿਰੜ ਦਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਇਹ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਰੂਪ ਵਿੱਚ ਲੜਿਆ ਗਿਆ ਹੈ। ਅੰਤ ਵਿੱਚ ਸਮੂਹ ਇਨਸਾਫ਼ਪਸੰਦ, ਤੇ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਫਿਰਕੂ ਤਾਕਤਾਂ ਵਿਰੁੱਧ ਲੜਨ ਦਾ ਸੱਦਾ ਦਿੱਤਾ ਗਿਆ ਤਾਂ ਜੋ ਤਾਨਾਸ਼ਾਹਾਂ ਦੇ ਉਭਾਰ ਨੂੰ ਰੋਕਿਆ ਜਾ ਸਕੇ।