Headlines

ਅੰਮ੍ਰਿਤ ਅਜੀਜ਼ ਦੀ ਪੁਸਤਕ “ਬੇਬਾਕੀ ਦਾ ਸਫਰ” ਲੋਕ ਅਰਪਣ ਤੇ ਸਨਮਾਨ ਸਮਾਰੋਹ

ਅਮਾਨਵੀਕਰਣ ਤੋਂ ਪੁਨਰ ਮਾਨਵੀਕਰਨ ਦਾ ਬੇਬਾਕ ਸਫਰ — ਡਾ. ਸਵਰਾਜ ਸਿੰਘ
ਅਦੁੱਤੀ ਸ਼ਖਸੀਅਤ ਅਤੇ ਗੁਰਦੇਵ ਸਿੰਘ ਮਾਨ ਪੁਰਸਕਾਰ ਦਿੱਤੇ ਗਏ
ਪਟਿਆਲਾ ( ਡਾ. ਭਗਵੰਤ ਸਿੰਘ)- ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕਧਾਰਾ ਵਿਚਾਰ ਮੰਚ ਪਟਿਆਲਾ ਵੱਲੋਂ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਸ਼ਿਵਦੇਵ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਅੰਮ੍ਰਿਤ ਅਜੀਜ਼ ਦੀ ਪੁਸਤਕ “ਬੇਬਾਕੀ ਦਾ ਸਫਰ” ਲੋਕ ਅਰਪਣ ਤੇ ਸਨਮਾਨ ਸਮਾਰੋਹ ਦਾ ਆਯੋਜਨ ਹੋਟਲ ਹਾਈਵੇਅ ਇੰਨ ਮੁਹਾਲੀ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਮੇਘਾ ਸਿੰਘ ਨੇ ਕੀਤੀ। ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸਨ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਭਗਵੰਤ ਸਿੰਘ, ਸ਼੍ਰੀ ਬਾਬੂ ਰਾਮ ਦੀਵਾਨਾ ਅਤੇ ਜਗਦੀਪ ਸਿੰਘ ਸ਼ਾਮਿਲ ਹੋਏ। ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਖਰ ਅਤੇ ਅੰਮ੍ਰਿਤ ਅਜੀਜ਼ ਦਾ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਚਰਚਾ ਕਰਦੇ ਹੋਏ ਕਿਹਾ ਕਿ ਅੰਮ੍ਰਿਤ ਅਜ਼ੀਜ਼ ਜੀ ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਖਪਤਵਾਦ ਦੀ ਚੂਹਾ ਦੌੜ ਵਿੱਚ ਸ਼ਾਮਲ ਸਨ। ਇਹ ਖੱਪਤਵਾਦ ਦੀ ਚੂਹਾ ਦੌੜ ਹੀ ਸੀ ਜਿਸਨੇ ਉਨ੍ਹਾਂ ਨੂੰ ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਵਿਦੇਸ਼ਾਂ ਵਿੱਚ ਪਰਵਾਸ ਕਰਨ ਵੱਲ ਧੱਕਿਆ। ਬਹੁਤ ਸਾਰੇ ਪੰਜਾਬੀਆਂ ਦੀ ਤਰ੍ਹਾਂ ਇਹ ਵੀ ਆਪਣੇ ਮੂਲ ਨਾਲੋਂ ਟੁੱਟ ਗਏ ਅਤੇ ਗੁਆਚ ਗਏ। ਇਸੇ ਵਰਤਾਰੇ ਕਾਰਨ ਹੀ ਇਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਹੈ। ਇਹ ਇੱਕ ਸੰਵੇਦਨਸ਼ੀਲ ਇਨਸਾਨ ਹਨ। ਇਨ੍ਹਾਂ ਦੀ ਸੰਵੇਦਨਾ ਵਿੱਚੋਂ ਚਿੰਤਾ ਉਪਜੀ ਜਿਸਨੂੰ ਇਨ੍ਹਾਂ ਨੇ ਚਿੰਤਨ ਵਿੱਚ ਬਦਲਿਆ। ਇਹ ਚਿੰਤਨ ਇਨ੍ਹਾਂ ਨੂੰ ਚੇਤਨਾ ਵੱਲ ਲੈ ਗਿਆ। ਇਨ੍ਹਾਂ ਦੀ ਸਾਹਿਤ ਅਤੇ ਸੰਗੀਤ ਵਰਗੀ ਕੋਮਲ ਕਲਾ ਵਿੱਚ ਵੀ ਰੂਚੀ ਸੀ। ਸਾਹਿਤ ਅਤੇ ਸੰਗੀਤ ਨੇ ਇਨ੍ਹਾਂ ਦੇ ਬੇਬਾਕ ਸਫਰ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ। ਇਨ੍ਹਾਂ ਦੇ ਸੰਗੀਤ ਨੇ ਇਨ੍ਹਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਆ ਅਤੇ ਉਨ੍ਹਾਂ ਦਾ ਸੰਵੇਦਨਾ ਤੋਂ ਚੇਤਨਾ ਤੱਕ ਦਾ ਸਫਰ ਪੂਰਾ ਹੋਇਆ। ਇਸੇ ਸਫਰ ਦਾ ਹੀ ਨਤੀਜਾ ਹੈ ਕਿ ਇਹ ਮੁੜ ਪੰਜਾਬ ਵਾਪਸ ਆਏ। ਇਸ ਵਰਤਾਰੇ ਨੂੰ ਅਸੀਂ ਰੀਵਰਸ ਮਾਈਗਰੇਸ਼ਨ ਕਹਿ ਸਕਦੇ ਹਾਂ। ਪੰਜਾਬ ਵਿੱਚ ਇਸਨੂੰ ਉਲਟ ਪਰਵਾਸ ਵੀ ਕਿਹਾ ਜਾ ਸਕਦਾ ਹੈ, ਇਹ ਇਨ੍ਹਾਂ ਲਈ ਬਹੁਤ ਨਰੋਆ ਰੁਝਾਨ ਸਾਬਤ ਹੋਇਆ। ਇਨ੍ਹਾਂ ਦੇ ਇਸ ਸਫਰ ਦੀ ਮਹੱਤਤਾ ਸਿਰਫ ਨਿੱਜ ਤੱਕ ਸੀਮਤ ਨਹੀਂ ਹੈ। ਸਗੋਂ ਸਮੁੱਚਾ ਪੰਜਾਬੀ ਭਾਈਚਾਰਾ ਇਸ ਸਫਰ ਤੋਂ ਬਹੁਤ ਕੁੱਝ ਸਿੱਖ ਸਕਦਾ ਹੈ। ਸਗੋਂ ਇਸਦੀਆਂ ਜੋ ਕਿ ਵਿਸ਼ਵ ਦ੍ਰਿਸ਼ ਜਾਂ ਗਲੋਬਚ ਸੀਨਾਰੀਓ ਲਈ ਵੀ ਸਾਰਥਿਕਤਾ ਹੈ। ਅੱਜ ਦੇ ਮਨੁੱਖ ਦੀ ਮੁੱਖ ਸਮੱਸਿਆ ਅਸੁੰਤਿਲਤ ਪਦਾਰਥਵਾਦ ਹੈ। ਮਨੁੱਖੀ ਜੀਵਨ ਦੇ ਦੋ ਵੱਡੇ ਪੱਖ ਹਨ, ਪਦਾਰਥ ਅਤੇ ਰੂਹਾਨੀਅਤ ਇਨ੍ਹਾਂ ਵਿੱਚ ਸੰਤੁਲਨ ਨਰੋਈ ਜੀਵਨ ਜਾਂਚ ਲਈ ਬਹੁਤ ਜ਼ਰੂਰੀ ਹੈ, ਇਸ ਵਰਤਾਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਬਹੁਤ ਅਹਿਮ ਭੂਮਿਕਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਗ੍ਰੰਥ ਨਹੀਂ ਹਨ। ਸਗੋਂ ਸਮੁੱਚੀ ਮਾਨਵਤਾ ਦੇ ਕਲਿਆਣ ਵਾਲੇ ਫਲਸਫੇ ਦੀ ਪ੍ਰਤੀਨਿੱਧਤਾ ਕਰਦੇ ਹਨ। ਇਸ ਚਰਚਾ ਨੂੰ ਬਾਬੂ ਰਾਮ ਦੀਵਾਨਾ ਨੇ ਅੱਗੇ ਤੋਰਦਿਆਂ ਕਿਹਾ ਕਿ ਅਜਿਹੀਆਂ ਲਿਖਤਾਂ ਦਾ ਪੰਜਾਬੀ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮਾਲਵਾ ਰਿਸਰਚ ਸੈਂਟਰ ਦਾ ਕਾਰਜ ਬਹੁਤ ਸ਼ਲਾਘਾਯੋਗ ਹੈ। ਡਾ. ਭਗਵੰਤ ਸਿੰਘ ਨੇ ਅਜੋਕੇ ਪ੍ਰਸੰਗ ਵਿੱਚ ਪ੍ਰਵਾਸ ਦੇ ਮਾਰੂ ਰੁਝਾਨਾਂ ਬਾਰੇ ਗੱਲ ਕਰਦਿਆਂ ਹੋਇਆਂ ਉੱਤਮ ਸਾਹਿਤ ਦੀ ਨਿਸ਼ਾਨਦੇਹੀ ਕਰਨ ਲਈ ਆਪਣੇ ਭਾਵ ਵਿਅਕਤ ਕੀਤੇ । ਉਨ੍ਹਾਂ ਨੇ ਸਾਹਿਤ ਦੇ ਸਮਾਜਿਕ ਸੰਦਰਭਾਂ ਦੀ ਗੱਲ ਕੀਤੀ। ਵਿਚਾਰ ਚਰਚਾ ਵਿੱਚ ਜਗਦੀਪ ਸਿੰਘ, ਗੁਰਨਾਮ ਸਿੰਘ, ਨਿਹਾਲ ਸਿੰਘ ਮਾਨ, ਸੁਧਾ ਜੈਨ ਸਦੀਪ, ਬਚਨ ਸਿੰਘ ਗੁਰਮ, ਕੁਲਦੀਪ ਕੌਰ, ਗੁਰਚਰਨ ਸਿੰਘ ਸਿੱਧੂ, ਦਰਸ਼ਨ ਸਿੰਘ ਖੋਖਰ, ਸ਼ਿਵਦੇਵ ਸਿੰਘ ਨੇ ਭਾਗ ਲਿਆ। ਨਾਹਰ ਸਿੰਘ ਮੁਬਾਰਕਪੁਰੀ, ਬਲਰਾਜ ਬਾਜੀ, ਸੂਧਾ ਜੈਨ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਪੁਰਖਲੂਸ ਅੰਦਾਜ ਵਿੱਚ ਸੁਣਾ ਕੇ ਵਾਹ ਵਾਹ ਖੱਟੀ। ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਸਨਮਾਨ ਪੱਤਰ ਪੜ੍ਹੇ। ਇਸ ਮੌਕੇ ਬਾਬਰ ਸਿੰਘ ਸਿੱਧੂ, ਚਰਨਜੀਤ ਸਿੰਘ, ਸੰਦੀਪ ਸਿੰਘ, ਜਗਦੀਸ਼ ਸਿੰਘ, ਰਾਕੇਸ਼ ਕੁਮਾਰ, ਮੁਕੇਸ਼ ਥਿੰਦ, ਡਾ. ਜੁਗਰਾਜ ਸਿੰਘ, ਗੁਰਜੀਤ ਸਿੰਘ ਪਟਿਆਲਾ, ਡਾ. ਗੁਰਿੰਦਰ ਕੌਰ ਆਦਿ ਅਨੇਕਾਂ ਚਿੰਤਕ ਅਤੇ ਸਾਹਿਤਕਾਰ ਹਾਜਰ ਸਨ। ਡਾ. ਭਗਵੰਤ ਸਿੰਘ ਨੇ ਸੰਚਾਲਨਾ ਅਤੇ ਗੁਰਨਾਮ ਸਿੰਘ ਨੇ ਧੰਨਵਾਦ ਕੀਤਾ।