Headlines

ਫੈਡਰਲ ਸਰਕਾਰ ਸਿਹਤ ਸੇਵਾਵਾਂ ਨੂੰ ਦਰਪੇਸ਼  ਚੁਣੌਤੀਆਂ ਪ੍ਰਤੀ ਗੰਭੀਰ- ਸਿਹਤ ਮੰਤਰੀ ਮਾਰਕ ਹਾਲੈਂਡ

ਸਰੀ, 11 ਅਗਸਤ (ਸੰਦੀਪ ਸਿੰਘ ਧੰਜੂ)- “ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਸਿਹਤ ਵਿਭਾਗ ਨਾਲ ਜੁੜੀਆਂ ਮੁਸ਼ਕਿਲਾਂ ਉਤੇ ਪੂਰੀ ਤਰਾਂ ਸੰਜੀਦਾ ਹੈ ਅਤੇ ਹਰ ਕੈਨੇਡਾ ਵਾਸੀ ਦੀ ਸਿਹਤ ਸੰਭਾਲ ਦੀ ਮੁਢਲੀ ਲੋੜ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੇ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਆਪਣੇ ਸਰੀ ਦੌਰੇ ਮੌਕੇ ਪੰਜਾਬੀ ਪ੍ਰੈਸ ਕਲੱਬ ਆਫ ਬੀ ਸੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਉਨਾ ਨਾਲ ਸਰੀ-ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਵੀ ਹਾਜਰ ਸਨ। ਵੱਖ- ਵੱਖ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਅਦਾਰਿਆਂ ਤੋਂ ਪੱਤਰਕਾਰਾਂ ਨੇ ਸਿਹਤ ਮੰਤਰੀ ਸਾਹਮਣੇ ਸਿਹਤ ਵਿਭਾਗ ਵਿਚ ਮੌਜੂਦਾ ਊਣਤਾਈਆਂ ਨੂੰ ਉਨਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਮਾਣਯੋਗ ਮੰਤਰੀ ਨੂੰ ਇਹਨਾਂ ਮੁੱਦਿਆਂ ਉਤੇ ਸਰਕਾਰ ਵੱਲੋਂ ਚੱਲ ਰਹੀਆਂ ਕਾਰਵਾਈਆ ਬਾਰੇ ਪੁੱਛਿਆ । ਸਿਹਤ ਮੰਤਰੀ ਨੇ ਦੱਸਿਆ ਕਿ ਉਨਾਂ ਦਾ ਮੰਤਰਾਲਾ ਇਸ ਵੇਲੇ ਦਰਪੇਸ਼ ਚੁਣੌਤੀਆਂ ਜਿਵੇਂ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ, ਇਲਾਜ ਕਰਵਾਉਣ  ਲਈ ਲੰਬਾ ਉਡੀਕ ਸਮਾਂ, ਐਮਰਜੰਸੀ ਸੇਵਾਵਾਂ ਨੂੰ ਸਮੇਂ ਸਿਰ ਯਕੀਨੀ ਬਣਾਉਣਾ ਅਤੇ ਇਮੀਗ੍ਰੇਸ਼ਨ ਲੈ ਕੇ ਆਏ ਵਿਦੇਸ਼ੀ ਡਾਕਟਰਾਂ ਨੂੰ ਸਿਸਟਮ ਵਿਚ ਸਥਾਪਤ ਕਰਨ ਵਰਗੇ ਵਿਸ਼ਿਆਂ ਤੋਂ ਚੰਗੀ ਤਰਾਂ ਜਾਣੂ ਹੈ ਅਤੇ ਇਹਨਾਂ ਉਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਰੋਨਾਵਾਇਰਸ ਮਹਾਂਮਾਰੀ ਨੇ ਜਿਥੇ ਸਿਹਤ ਸੰਭਾਲ ਸੇਵਾਵਾਂ ਦੀ ਅਹਿਮੀਅਤ ਦੱਸੀ ਹੈ ਉੱਥੇ ਸਿਸਟਮ ਵਿਚਲੀਆਂ ਕਮੀਆਂ ਵੀ ਉਜਾਗਰ ਹੋਈਆਂ ਹਨ ਜਿਸ ਕਾਰਨ ਸਰਕਾਰ ਸਿਹਤ ਵਿਭਾਗ ਦੇ ਹਰ ਇਕ ਪਹਿਲੂ ਉਤੇ ਕੰਮ ਕਰ ਰਹੀ ਹੈ । ਸਿਹਤ ਮੰਤਰੀ ਨੇ ਦੱਸਿਆ ਕਿ ਆਉਂਦੇ ਕੁਝ ਸਮੇਂ ਵਿੱਚ ਸਿਹਤ ਸੇਵਾਵਾਂ ਹੋਰ ਚੁਸਤ ਦਰੁਸਤ ਹੋ ਜਾਣਗੀਆਂ ਹਰ ਆਮ ਆਦਮੀ ਇਸ ਬਦਲੀ ਹੋਈ ਵਿਵਸਥਾ ਤੋਂ ਲਾਭ ਲੈ ਸਕੇਗਾ। ਸਰੀ ਦੇ ਪਾਇਲ ਬਿਜਨੈਸ ਸੈਂਟਰ ਵਿਚਲੇ ਪੰਜਾਬੀ ਕੁਈਜੀਨ ਰੈਸਟੋਰੈਂਟ ਵਿੱਚ ਹੋਈ ਇਸ ਪ੍ਰੈੱਸ ਮਿਲਣੀ ਦੇ ਅੰਤ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਸਕੱਤਰ ਖੁਸ਼ਪਾਲ ਗਿੱਲ ਨੇ ਹਾਜਰ ਮੈਂਬਰਾਂ ਅਤੇ ਸਿਹਤ ਮੰਤਰੀ ਦਾ ਹਾਜਰੀ ਲਈ ਧੰਨਵਾਦ ਕੀਤਾ।