Headlines

ਲਾਇਨਜ਼ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ‘ਚ ਰੌਚਿਕ ਮੁਕਾਬਲੇ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)- 15ਵੇਂ ਲਾਇਨਜ਼ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਬਹੁਤ ਹੀ ਰੌਚਿਕ ਮੁਕਾਬਲੇ ਦੇਖਣ ਨੂੰ ਮਿਲੇ।ਸੁਰਿੰਦਰ ਲਾਇਨਜ਼ ਫੀਲਡ ਹਾਕੀ ਸੁਸਇਟੀ ਅਤੇ ਜੀਵਨ ਸਿੱਧੂ ਵਲੋਂ ਕਰਵਾਇਆ ਜਾ ਰਹੇ 15ਵੇਂ  ਤਿੰਨ ਰੋਜ਼ਾ ਸੁਰਿੰਦਰ ਲਾਇਨਜ਼ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ ਦੇ ਸਾਰੇ ਵਰਗਾਂ ਦੇ ਆਖਰੀ ਗੇੜ ਦੇ ਮੁਕਾਬਲੇ ਤੈਅ ਹੋ ਗਏ ਹਨ।ਭਲਕੇ ਐਤਵਾਰ ਨੂੰ ਟੂਰਨਾਮੈਂਟ ਦਾ ਆਖਰੀ ਦਿਨ ਹੈ ਅਤੇ ਸਵੇਰ ਤੋਂ ਹੀ ਆਖੜੀ ਗੇੜ ਦੇ ਮੈਚ ਸ਼ੁਰੂ ਹੋ ਜਾਣਗੇ।
ਪ੍ਰੀਮੀਅਰ ਵਰਗ ਦੀਆਂ 8 ਟੀਮਾਂ ਵਿੱਚੋਂ ਸੈਮੀਫਾਈਨਲ ਦੀਆਂ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ।ਸਵੇਰੇ 8:45 ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿੱਚ ਗੋਬਿੰਦ ਸਰਵਰ ਦੀ ਟੀਮ ਅਕਾਲ ਵਾਰੀਅਰਜ਼ ਨਾਲ ਖੇਡੇਗੀ।ਦੂਜੇ ਸੈਮੀਫਾਈਨਲ ਮੈਚ ਵਿੱਚ ਯੂਬਾ ਬ੍ਰਦਰਜ਼ ਦਾ ਮੁਕਾਬਲਾ ਮੇਜ਼ਬਾਨ ਟੀਮ ਸੁਰਿੰਦਰ ਲਾਇਨਜ਼ 11:15 ਵਜੇ ਹੋਵੇਗਾ।ਇਸ ਤੋਂ ਪਹਿਲਾਂ ਕੰਪੈਟੇਟਿਵ ਵਰਗ ਦੇ ਸੈਮੀਫਾਈਨਲ ਮੈਚਾਂ ਵਿੱਚ ਯੂਬਾ ਬ੍ਰਦਰਜ਼ ਬਨਾਮ ਵੈਸਟ ਕੋਸਟ (8:15 ਵਜੇ) ਅਤੇ ਸੁਰਿੰਦਰ ਲਾਇਨਜ਼ ਬਨਾਮ ਪੈਂਥਰਜ਼ ਕਲੱਬ(9:45 ਵਜੇ) ਦੀਆਂ ਟੀਮਾਂ ਖੇਡਣਗੀਆਂ।
ਕੁੜੀਆਂ ਦਾ ਫਾਈਨਲ ਬਾਅਦ ਦੁਪਹਿਰ 2 ਵਜੇ ਖੇਡਿਆ ਜਾਵੇਗਾ ਜਿਸ ਵਿੱਚ ਸੁਰਿੰਦਰ ਲਾਇਨਜ਼ ਦੀ ਟੀਮ ਪੂਮਾ ਕਲੱਬ ਨਾਲ ਖੇਡੇਗੀ।ਮੁੰਡਿਆਂ ਦੇ ਅੰਡਰ-14 ਫਾਈਨਲ ਵਿੱਚ ਯੂਨਾਈਟਿਡ ਕਲੱਬ ਕੈਲਗਰੀ ਦੀ ਟੀਮ ਸੁਰਿੰਦਰ ਲਾਇਨਜ਼ ਨਾਲ ਅਤੇ ਅੰਡਰ-12 ਫਾਈਨਲ ਵਿੱਚ ਇੰਡੀਆ ਕਲੱਬ ਦੀ ਟੀਮ ਪੈਂਥਰਜ਼ ਕਲੱਬ ਨਾਲ ਖੇਡੇਗੀ।ਇਸ ਤੋਂ ਇਲਾਵਾ ਵਾਲੀਬਾਲ ਮੁਕਾਬਲਿਆਂ ਦੇ ਫਾਈਨਲ ਗੇੜ ਦੇ ਮੁਕਾਬਲੇ ਵੀ ਹੋਣਗੇ।65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਦੌੜ ਵੀ ਖਿੱਚ ਦਾ ਕੇਂਦਰ ਰਹੇਗੀ।
                ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ਉਦਘਾਟਨ ਸਰੀ ਦੇ ਸਾਬਕਾ ਮੇਅਰ ਡੱਗ ਮੈਕਲਮ ਨੇ ਕੀਤਾ।ਉਹਨਾਂ ਸੁਰਿੰਦਰ ਲਾਇਨਜ਼ ਫੀਲਡ ਹਾਕੀ ਸੁਸਾਇਟੀ ਨੂੰ ਇਸ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਵਧਾਈ ਦਿੱਤੀ ਅਤੇ ਇਸ ਸਟੇਡੀਅਮ ਵਿੱਚ ਤੀਜੀ ਟਰਫ ਲਗਵਾਉਣ ਦਾ ਵਾਅਦਾ ਕੀਤਾ।
      ਉਦਘਾਟਨੀ ਸਮਾਗਮ ਨੂੰ ਕੌਂਸਲਰ ਮਨਦੀਪ ਨਾਗਰਾ,ਕੌਮਾਂਤਰੀ ਹਾਕੀ ਖਿਡਾਰੀ ਤੋਚੀ ਸੰਧੂ,ਹਰਜੀਤ ਗਿੱਲ,ਹਰਪ੍ਰੀਤ ਸਿੰਘ,ਜੀਵਨ ਸਿੱਧੂ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣਾਂ ਨੇ ਸੰਬੋਧਨ ਕੀਤਾ।ਸੁਰਿੰਦਰ ਲਾਇਨਜ਼ ਦੇ ਨਾਮੀ ਜੂਨੀਅਰ ਖਿਡਾਰੀਆਂ ਸੁਖਮਨ ਕੌਰ ਹੁੰਦਲ ਅਤੇ ਰੌਬਿਨ ਥਿੰਦ ਦੀਆਂ ਉਦਘਾਟਨੀ ਹਿੱਟਾਂ ਨਾਲ਼ ਟੂਰਨਾਮੈਂਟ ਦਾ ਰਸਮੀ ਉਦਘਾਟਨ ਹੋ ਗਿਆ।6 ਵਰਗਾਂ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੁੱਲ੍ਹ 32 ਟੀਮਾਂ ਭਾਗ ਲੈ ਰਹੀਆਂ।ਸਭ ਤੋਂ ਉਪਰਲੇ ਪ੍ਰੀਮੀਅਰ ਵਰਗ ਵਿੱਚ ਅੱਠ ਟੀਮਾਂ ਨੂੰ 2 ਪੂਲਾਂ ਵਿੱਚ ਵੰਡਿਆ ਗਿਆ ਹੈ।ਇਸ ਵਰਗ ਵਿੱਚ ਕਈ ਨਾਮੀ ਖਿਡਾਰੀ ਭਾਰਤ,ਯੂਰਪ,ਮੈਕਸੀਕੋ ਤੇ ਕੈਨੇਡਾ ਤੋਂ ਭਾਗ ਲੈ ਰਹੇ ਹਨ।ਜਸਬੀਰ ਸਿੰਘ ਸਰਾਂ,ਹਰਵਿੰਦਰ ਸਿੰਘ ਦਾਰਾ ਹੇਅਰ,ਜਸਬੀਰ ਸਿੰਘ ਤਤਲਾ,ਮਹਿੰਦਰ ਸਿੰਘ ਬੈਨੀਪਾਲ,ਜਸਬੀਰ ਬੜਿੰਗ ਅਤੇ ਗੁਰਿੰਦਰ ਹੁੰਦਲ ਦੇ ਸਾਥੀਆਂ ਦੀ ਟੀਮ ਇੱਕ ਵਾਰ ਫਿਰ ਇਸ ਕੌਮਾਂਤਰੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਜੁਟੀ ਹੋਈ ਹੈ।