Headlines

ਕੈਂਸਰ ਖਿਲਾਫ ਜੰਗ ਲੜਨ ਵਾਲਾ ਕੈਨੇਡੀਅਨ ਹੀਰੋ -ਟੈਰੀ ਫੌਕਸ

-ਭੁਪਿੰਦਰ ਸਿੰਘ ਬਰਗਾੜੀ—-

ਟੈਰੀ ਫੌਕਸ ਕੈਨੇਡਾ ਦਾ ਇੱਕ ਅਜਿਹਾ ਇਨਸਾਨ ਸੀ, ਜਿਸ ਵਰਗਾ ਅੱਜ ਤੱਕ ਦੁਬਾਰਾ ਪੈਦਾ ਨਹੀਂ ਹੋ ਸਕਿਆ ਅਤੇ ਜੋ ਕਾਰਨਾਮਾ ਉਸ ਨੇ ਕਰਿਆ, ਉਸਦੀ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ। ਟੈਰੀ ਫੌਕਸ ਦਾ ਨਾਂ ਕੈਨੇਡਾ ਵਿੱਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ।

28 ਜੁਲਾਈ 1958 ਨੂੰ ਵਿਨੀਪੈਗ ਵਿੱਚ ਜਨਮਿਆ ‘ਟੈਰੀ ਸਟੈਨਲੇ ਫੌਕਸ’ ਇੱਕ ਅਥਲੀਟ, ਮਨੁੱਖਤਾ ਵਾਦੀ ਅਤੇ ਕੈਂਸਰ ਕਾਰਕੁੰਨ ਸੀ।1976 ਵਿੱਚ ਹੱਡੀਆਂ ਦੇ ਕੈਂਸਰ ਕਰਕੇ ਉਸਦੀ ਸੱਜੀ ਲੱਤ ਗੋਡੇ ਤੋਂ ਉੱਪਰੋਂ ਕੱਟ ਦਿੱਤੀ ਗਈ ਸੀ, ਜਦੋਂ ਉਹ ਅਜੇ ਸਿਰਫ਼ 18 ਸਾਲ ਦਾ ਸੀ। ਉਸ ਸਮੇਂ ਕੈਨੇਡਾ ਵਿੱਚ ਕੈਂਸਰ ਦਾ ਇਲਾਜ ਤਾਂ ਸੀ, ਪਰ ਬਹੁਤਾ ਵਧੀਆ ਨਹੀਂ ਸੀ, ਇਸਦੀ ਖੋਜ ਲਈ ਬਹੁਤ ਸਾਰੇ ਯਤਨਾਂ ਅਤੇ ਸਰਮਾਏ ਦੀ ਲੋੜ ਸੀ।

ਇਸ ਮੰਤਵ ਲਈ ਲਈ ਟੈਰੀ ਫੌਕਸ ਨੇ ਇੱਕ ਅਜਿਹਾ ਦਲੇਰਾਨਾ ਫੈਸਲਾ ਲਿਆ ਜਿਸਨੇ ਉਸਨੂੰ ਚਰਚਾ ‘ਚ ਲਿਆ ਖੜੵਾ ਕੀਤਾ। ਉਸਨੇ ਮਨਸੂਈ ਸੱਜੀ ਲੱਤ ਲਗਵਾ ਕੇ ਤੁਰਨ ਅਤੇ ਦੌੜਨ ਦੀ ਪ੍ਰੈਕਟਿਸ ਕੀਤੀ ਅਤੇ ਕੈਂਸਰ ਦੀ ਖੋਜ ਕੰਮ ਕਰਦੀ ਸੰਸਥਾ ‘ਕੈਨੇਡੀਅਨ ਕੈਂਸਰ ਸੁਸਾਇਟੀ’ ਲਈ ਫੰਡ ਇਕੱਠਾ ਕਰਨ ਵਾਸਤੇ ‘ਮੈਰਾਥਨ ਆਫ਼ ਹੋਪ’ ਲਾਉਣ ਦਾ ਐਲਾਨ ਕਰ ਦਿੱਤਾ।

5300 ਮੀਲ ਦੀ ਇਹ ਯਾਤਰਾ, ਕੈਨੇਡਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੂਰੀ ਕਰਨੀ ਸੀ। ਇਸ ਲਈ ਉਸਨੇ  ਇੱਕ ਮਿਲੀਅਨ ਡਾਲਰ (ਦਸ ਲੱਖ ਕੈਨੇਡੀਆਈ ਡਾਲਰ) ਇਕੱਠੇ ਕਰਨ ਦਾ ਟੀਚਾ ਰੱਖਿਆ।ਇਸ ਦੌੜ ਨੂੰ ਬਹੁਤ ਸਾਰੀਆਂ ਕੰਪਨੀਆਂ ਨੇ ਸਪਾਂਸਰ ਕੀਤਾ, ਜਿਵੇਂ ਫੋਰਡ ਨੇ ਟੈਰੀ ਲਈ ਗੱਡੀ ਉਪਲੱਭਧ ਕਰਵਾਈ, ਐਡੀਡਾਸ ਨੇ ਜੁੱਤੇ, ਕਿਸੇ ਨੇ ਗੱਡੀ ਲਈ ਤੇਲ ਅਤੇ ਹੋਟਲਾਂ ਨੇ ਮੁਫ਼ਤ ਖਾਣੇ ਦੀ ਪੇਸ਼ਕਸ਼ ਕੀਤੀ। ਇਸ ਮਕਸਦ ਲਈ ਉਸਦੇ ਪਰਿਵਾਰ ਮਾਂ ਬੈਟੀ ਅਤੇ ਪੁਤਾ ਰੌਲੀ ਫੌਕਸ ਨੇ ਬਹੁਤ ਹੌਂਸਲਾ ਦਿੱਤਾ ਅਤੇ ਉਸਦਾ ਦੋਸਤ ‘ਡੱਗ’ ਉਸ ਨਾਲ ਪਰਛਾਵੇਂ ਵਾਂਗ ਰਿਹਾ।

ਇਸਨੂੰ ਪੂਰਾ ਕਰਨ ਲਈ ਉਸਨੇ 12 ਅਪਰੈਲ, 1980 ਨੂੰ ਕੈਨੇਡਾ ਦੇ ਨਿਉਫਾਊਂਡਲੈਂਡ ਸੂਬੇ ਦੇ ‘ਸੇਂਟ ਜੌਹਨਜ਼’ ਤੋਂ ਆਪਣੀ ਦੌੜ ਸ਼ੁਰੂ ਕੀਤੀ ਅਤੇ ਲੋਕਾਂ ਤੋਂ ਕੈਂਸਰ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ। ਇਸ ਦੌੜ ਦੇ ਸਮੁੱਚੇ ਦਿਨਾਂ ਵਿੱਚ ਹੀ ਟੈਰੀ ਨੂੰ ਖਰਾਬ ਮੌਸਮ ਅਤੇ ਟਰੈਫ਼ਿਕ ਸਮੇਤ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਨਾਂ ਦਾ ਸਾਹਮਣਾ ਉਸਨੇ ਬੜੀ ਦ੍ਰਿੜਤਾ ਅਤੇ ਹਿੰਮਤ ਨਾਲ ਕੀਤਾ ਅਤੇ ਉਹ ਦੌੜਦਾ ਰਿਹਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਹਰ ਰੋਜ਼ 26 ਮੀਲ (ਤਕਰੀਬਨ 42 ਕਿੱਲੋਮੀਟਰ) ਦੌੜਦਾ ਸੀ, ਜਿਸਨੂੰ ਅਸੀਂ ਇੱਕ ਸੰਪੂਰਨ ਮੈਰਾਥਨ ਕਹਿ ਸਕਦੇ ਹਾਂ, ਭਾਵ ਇੱਕ ਮੈਰਾਥਨ ਹਰ ਰੋਜ਼।

ਉਸਦੀ ਦੌੜ ਲਈ ਲੋਕਾਂ ਵਿੱਚ ਵੀ ਬਹੁਤ ਉਤਸੁਕਤਾ ਸੀ ਅਤੇ ਉਸਦੀ ਪ੍ਰਸਿੱਧੀ ਇੱਕ ਹੀਰੋ ਵਾਂਗ ਹੋ ਗਈ। ਉਹ ਜਿੱਥੇ ਵੀ ਜਾਂਦਾ, ਲੋਕ ਉਸਨੂੰ ਮਣਾਂ ਮੂੰਹੀ ਪਿਆਰ ਦਿੰਦੇ, ਉਸ ਲਈ ਖਾਣ ਪੀਣ ਦਾ ਪ੍ਰਬੰਧ ਕਰਦੇ ਅਤੇ ਉਸ ਦੇ  ਇਸ ਮਿਸ਼ਨ ਲਈ ਪੈਸੇ ਇਕੱਤਰ ਕਰਦੇ।ਇਸ ਦੌਰਾਨ ਟੈਰੀ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਆਪਣੇ ਮਿਸ਼ਨ ਬਾਰੇ ਵੀ ਦੱਸਦਾ ਅਤੇ ਉਨਾਂ ਨੂੰ ਵੱਡੇ ਹੋ ਕੇ ਕੈਂਸਰ ਲਈ ਕੰਮ ਕਰਨ ਦਾ ਪ੍ਰਣ ਲੈਂਦਾ। ਆਪਣੇ ਨਿੱਜੀ ਖਰਚਿਆਂ ਲਈ ਫੰਡ ਇਕੱਠਾ ਕਰਨ ਵਾਲੀਆਂ ਪਾਰਟੀਆਂ ਆਰਗੇਨਾਈਜ਼ ਕਰਦੇ। ਅਖਬਾਰਾਂ ਟੈਲੀਵਿਜ਼ਨਾਂ ‘ਚ ਉਸਦੀ ਬਹੁਤ ਚਰਚਾ ਹੁੰਦੀ, ਗੱਲ ਕੀ ਉਹ ਉਨਾਂ ਦਿਨਾਂ ਚ ਸਟਾਰ ਸੀ ਕੈਨੇਡਾ ਦਾ।

ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ,143 ਦਿਨਾਂ ਦੀ ਯਾਤਰਾ ਦੇ ਬਾਅਦ 31 ਅਗਸਤ 1980 ਨੂੰ ਉਸਨੂੰ ਆਪਣੀ ਦੌੜ ਉਨਟਾਰੀਓ ਦੇ ‘ਥੰਡਰ ਬੇਅ’ ਕੋਲ ਰੋਕਣੀ ਪੈ ਗਈ, ਕਿਉਂਕਿ ਉਸਦਾ ਕੈਂਸਰ ਫੇਫੜਿਆਂ ਤੱਕ ਜਾ ਪਹੁੰਚਿਆ ਸੀ ਅਤੇ ਇਸ ਹਾਲਾਤ ਵਿੱਚ ਉਸਨੂੰ ਆਪਣੀ ਯਾਤਰਾ ਇੱਥੇ ਹੀ ਰੋਕਣ ਤੋਂ ਬਿਨਾਂ ਕੋਈ ਵੀ ਚਾਰਾ ਨਹੀਂ ਸੀ। ਪਰ ਉਸਨੇ ਆਪਣਾ ਟੀਚਾ ਜਰੂਰ ਪੂਰਾ ਕਰ ਲਿਆ ਸੀ, ਕਿਉਂਕਿ ਉਹ ਹੁਣ ਤੱਕ ਦੋ ਮਿਲੀਅਨ ਭਾਵ ਵੀਹ ਲੱਖ ਡਾਲਰ ਇਕੱਠੇ ਕਰ ਚੁੱਕਾ ਸੀ, ਜੋ ‘ਕੈਨੇਡੀਅਨ ਕੈਂਸਰ ਸੁਸਾਇਟੀ’ ਨੂੰ ਕੈਂਸਰ ਦੀ ਹੋਰ ਖੋਜ ਲਈ ਦਿੱਤੇ ਜਾਣੇ ਸਨ।

ਟੈਰੀ ਦੇ ਚਲਦੇ ਇਲਾਜ ਦੌਰਾਨ ਹੀ 22 ਸਾਲ ਦੀ ਉਮਰ ਵਿੱਚ 28 ਜੂਨ 1981 ਨੂੰ ਨਿਊਵੈਸਟਮਨਿਸਟਰ (ਬੀ. ਸੀ.) ਵਿੱਚ ਉਸਦੀ ਮੌਤ ਹੋ ਗਈ। ਉਸ ਨੂੰ ਕੈਨੇਡਾ ਵਿੱਚ ਇੱਕ ਰੀਅਲ ਹੀਰੋ ਵਜੋਂ ਜਾਣਿਆ ਜਾਂਦਾ ਹੈ ਅਤੇ ਉਸਨੂੰ ਆਰਡਰ ਆਫ਼ ਕੈਨੇਡਾ ਦਾ ਸਨਮਾਨ ਦਿੱਤਾ ਗਿਆ ਅਤੇ ‘ਲਓ ਮਾਰਸ਼ ਐਵਾਰਡ ਫਾਰ ਦਾ ਟਾਪ ਅਥਲੀਟ’ ਦੇ ਸਭ ਤੋਂ ਵੱਡੇ ਖੇਡ ਸਨਮਾਨ ਨਾਲ ਵੀ ਸਨਮਾਨਿਆ ਗਿਆ । ਕੈਨੇਡਾ ਦੀ ਰਾਜਧਾਨੀ ਔਟਵਾ ‘ਚ ਪਾਰਲੀਮੈਂਟ ਭਵਨ ਦੇ ਨੇੜੇ ਉਸਦਾ ਬੁੱਤ ਲਾਇਆ ਗਿਆ। ਇੱਕ ਡਾਲਰ ਦਾ ਸਿੱਕਾ ਉਸਦੀ ਯਾਦ ਵਿੱਚ ਜਾਰੀ ਕੀਤਾ ਗਿਆ ਅਤੇ ਬਹੁਤ ਸਾਰੇ ਸਕੂਲਾਂ ਦਾ ਨਾਂ ਉਸਦੇ ਨਾਮ ਤੇ ਰੱਖਿਆ ਗਿਆ।

ਟੈਰੀ ਫੌਕਸ ਦੀ ਯਾਦ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ’ ਟੈਰੀ ਫੌਕਸ ਫਾਊਂਡੇਸ਼ਨ’ ਦਾ ਗਠਨ ਕੀਤਾ ਗਿਆ, ਜੋ ਉਸਦੀ ਯਾਦ ਕੈਂਸਰ ਦੀ ਖੋਜ ਲਈ ਬਹੁਤ ਕਾਰਜ ਕਰ ਰਹੀ ਹੈ ਅਤੇ ਇਸ ਸੰਸਥਾ ਵੱਲੋਂ ਹਰੇਕ ਸਾਲ ਸਤੰਬਰ ਮਹੀਨੇ ‘ਚ ਦੇਸ਼ ਦੇ ਕਈ ਹਿੱਸਿਆਂ ਵਿੱਚ ਕਈ ਸ਼੍ਰੇਣੀਆਂ ਦੀਆਂ ਮੈਰਾਥਨ ਦੌੜਾਂ ਕਰਵਾਈਆਂ ਜਾਂਦੀਆਂ ਹਨ। ਉਸਦੀ ਯਾਦ ਨੂੰ ਚਿਰ ਸਦੀਵੀ ਰੱਖਣ ਲਈ ਇੱਕ ਫਿਲਮ ‘ਦ ਟੈਰੀ ਫੌਕਸ ਸਟੋਰੀ’ ਵੀ 1983 ਵਿੱਚ ਬਣੀ ਸੀ ।’ਲਓ ਮਾਰਸ਼’ ਨਾਂ ਦੇ ਡਾਇਰੈਕਟਰ ਨੇ ਟੈਰੀ ਤੇ ਇੱਕ ਫਿਲਮ’ ਇਨਟੂ ਦ ਵਿੰਡ’ ਵੀ ਬਣਾਈ ਹੈ।

ਇਨਾ ਸਭ ਕੁਝ ਉਪਲੱਭਧ ਹੋਣ ਦੇ ਬਾਵਜੂਦ ਵੀ ਕੈਨੇਡਾ ਦੀ ਅਜੋਕੀ ਪੀੜੵੀ ਨੂੰ ਇਸ ਟੈਰੀ ਫੌਕਸ ਅਤੇ ਉਸਦੇ ਕਾਰਜ ਬਾਰੇ ਬਹੁਤ ਘੱਟ ਜਾਣਕਾਰੀ ਹੈ, ਜਦਕਿ ਇਸ ਮਹਾਨ ਇਨਸਾਨ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ । ਰਹਿੰਦੀ ਦੁਨੀਆ ਤੱਕ ਟੈਰੀ ਨੂੰ ਉਸਦੇ ਇਸ ਕਾਰਨਾਮੇ ਲਈ ਯਾਦ ਕਰਿਆ ਜਾਵੇਗਾ। ਇਸ ਲਈ ਬਹੁਤ ਸਾਰੀ ਜਾਣਕਾਰੀ ਇੰਟਰਨੈਟ ਤੇ ਵੀ ਉਪਲੱਭਧ ਹੈ ਅਤੇ ਦੋ ਕਿਤਾਬਾਂ ਦੇ ਹਵਾਲੇ ਦੇ ਰਿਹਾ ਹਾਂ:

ਟੈਰੀ ਫੌਕਸ:’ਏ ਸਟੋਰੀ ਆਫ਼ ਹੋਪ’ ਲੇਖਕ: ਮੈਗਜ਼ਾਇਨ ਟਰੋਟਰ(ਅੰਗਰੇਜ਼ੀ)
‘ਟੈਰੀ ਫੌਕਸ ਅਤੇ ਉਸਦੀ ਵੀਰਗਾਥਾ’
ਲੇਖਕ: ਲੈਜਲੀ ਸਕਰਾਈਵਨਰ (ਪੰਜਾਬੀ ਅਨੁਵਾਦ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ)