Headlines

ਗੁਰੂ ਘਰਾਂ ਵਿਚ ਖਿਡੌਣੇ ਜਹਾਜ਼ ਚੜਾਉਣ ਉਪਰ ਲੱਗੇਗੀ ਰੋਕ

ਅੰਮ੍ਰਿਤਸਰ, 12 ਅਗਸਤ ( ਭੰਗੂ,ਲਾਂਬਾ)- ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ਼ ਵਰਗੇ ਖਿਡੌਣੇ ਭੇਟ ਕਰਨ ਦੇ ਰੁਝਾਨ ਨੂੰ ਰੋਕਣ ਲਈ ਹੁਣ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕਈ ਪੰਥਕ ਮਾਮਲਿਆਂ ’ਤੇ ਵਿਚਾਰ ਚਰਚਾ ਹੋਈ। ਦੱਸਣਯੋਗ ਹੈ ਕਿ ਬੀਤੇ ਦਿਨ ਇੱਕ ਤਸਵੀਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿਡੌਣੇ ਦੇ ਰੂਪ ਵਿੱਚ ਹਵਾਈ ਜਹਾਜ਼ ਭੇਟ ਕਰ ਰਿਹਾ ਸੀ ਜਿਸ ਨੂੰ ਉੱਥੇ ਬੈਠਾ ਕਰਮਚਾਰੀ ਦੇਖ ਰਿਹਾ ਸੀ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਵਲੋਂ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਅਜਿਹੇ ਰੁਝਾਨ ਨੂੰ ਰੋਕਿਆ ਜਾਵੇ। ਦੱਸਣਾ ਬਣਦਾ ਹੈ ਕਿ ਇਸ ਵੇਲੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨਾਂ ਵਲੋਂ ਇਸ ਸਬੰਧ ਵਿਚ ਗੁਰੂਧਾਮਾਂ ਤੇ ਹੋਰ ਧਾਰਮਿਕ ਥਾਵਾਂ ’ਤੇ ਮੰਨਤ ਮੰਗਦੇ ਹੋਏ ਹਵਾਈ ਜਹਾਜ਼ ਖਿਡੌਣੇ ਭੇਟ ਕੀਤੇ ਜਾ ਰਹੇ ਹਨ। ਜਲੰਧਰ ਨੇੜੇ ਇੱਕ ਗੁਰਦੁਆਰਾ ਸ਼ਹੀਦਾਂ ਤੱਲਣ ਵਿੱਚ ਤਾਂ ਅਜਿਹਾ ਰੁਝਾਨ ਬਹੁਤ ਸਮੇਂ ਤੋਂ ਚੱਲ ਰਿਹਾ ਹੈ।