Headlines

ਤੀਜੇ ਪੁਸਤਕ ਮੇਲੇ ਤੇ ਕੈਲਗਰੀ ਦੇ ਪਾਠਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਕੈਲਗਰੀ ( ਮਾਸਟਰ ਭਜਨ ਸਿੰਘ):- ਲੰਘੇ ਵੀਕਐਂਡ ਤੇ ਐਤਵਾਰ 13 ਅਗਸਤ, 2023 ਨੂੰ ਮਾਸਟਰ ਭਜਨ ਸਿੰਘ ਤੇ ਟੀਮ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਮਾਸਟਰ ਭਜਨ ਸਿੰਘ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ, ਅਗਲੇ ਐਤਵਾਰ ਅਗਸਤ 20 ਨੂੰ ਡਾ ਸਾਹਿਬ ਸਿੰਘ ਵੱਲੋਂ ਰੈਡ ਸਟੋਨ ਥੀਏਟਰ ਵਿੱਚ ਖੇਡੇ ਜਾ ਰਹੇ ਨਾਟਕ ਸੰਮਾਂ ਵਾਲ਼ੀ ਡਾਂਗ ਬਾਰੇ ਜਾਣਕਾਰੀ ਦਿੱਤੀ। ਨਾਟਕ ਸਮਾਗਮ ਵਿੱਚ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ ਕਨੇਡਾ ਦੀ ਜ਼ਿੰਦਗੀ ਅਧਾਰਿਤ ਨਾਟਕ ਤੇਰੀ ਮੇਰੀ ਜ਼ਿੰਦਗੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਨਾਟਕ ਦੀਆਂ ਟਿਕਟਾਂ ਦੱਸ ਡਾਲਰ ਵਿੱਚ ਦਰਸ਼ਕਾਂ ਵਲੋ ਖਰੀਦੀਆਂ ਗਈਆਂ। ਮਾਸਟਰ ਜੀ ਵੱਲੋਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਟਿਕਟਾਂ ਬੜੀ ਤੇਜ਼ੀ ਨਾਲ਼ ਵਿਕ ਰਹੀਆਂ ਹਨ, ਆਪਣੀਆਂ ਟਿਕਟਾਂ ਮਾਸਟਰ ਜੀ ਤੋਂ ਘਰੋਂ ਵੀ ਲੈ ਸਕਦੇ ਹੋ।

ਇਸ ਪੁਸਤਕ ਮੇਲੇ ਦਾ ਉਦਘਾਟਨ ਉੱਘੇ ਪੱਤਰਕਾਰ, ਲੇਖਕ ਤੇ ਬੁੱਧੀਜੀਵੀ ਸ. ਜਸਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਸਿੱਧੂ ਸਾਹਿਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੇਸ਼ਕ ਪੰਜਾਬੀਆਂ ਵਿੱਚ ਪੁਸਤਕ ਕਲਚਰ ਦੀ ਘਾਟ ਹੈ, ਪਰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਪਿਛਲੇ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਪੁਸਤਕ ਮੇਲੇ ਸ਼ਲਾਘਾਯੋਗ ਉੱਦਮ ਹਨ। ਉਨ੍ਹਾਂ ਮਾਸਟਰ ਭਜਨ ਸਿੰਘ ਤੇ ਟੀਮ ਦਾ ਸਰੋਤਿਆਂ ਨੂੰ ਵਿਦੇਸ਼ਾਂ ਵਿੱਚ ਕਿਤਾਬਾਂ ਮਹੁੱਈਆ ਕਰਾਉਣ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਸ. ਜਸਪਾਲ ਸਿੰਘ ਸਿੱਧੂ ਨੂੰ ‘ਹੈਲਥੀ ਲਾਈਫ ਸਟਾਈਲ ਫਾਊਂਡੇਸ਼ਨ’ ਦੇ ਪ੍ਰਧਾਨ ਡਾ ਸੁੱਖਵਿਂਦਰ ਸਿੰਘ ਬਰਾੜ ਦੀ ਹੈਲਥੀ ਲਾਈਫ ਸਟਾਈਲ ਬਾਰੇ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਭੇਟ ਕੀਤੀ ਗਈ।

ਇੱਕ ਰੋਜ਼ਾ ਇਸ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖ਼ਰੀਦੀਆਂ। ਪੁਸਤਕ ਮੇਲੇ ਦੇ ਪ੍ਰਬੰਧਕਾਂ ਵਲੋਂ ਪਾਠਕਾਂ ਵਲੋਂ ਦਿਖਾਏ ਉਤਸ਼ਾਹ ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ। ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ। ਬੇਸ਼ਕ ਇਹ ਇੱਕ ਰੋਜ਼ਾ ਪੁਸਤਕ ਮੇਲਾ ਸਮਾਪਤ ਹੋ ਗਿਆ ਸੀ, ਪਰ ਮਾਸਟਰ ਜੀ ਕੋਲ਼ ਕਿਤਾਬਾਂ ਦਾ ਸਟਾਕ ਖਤਮ ਨਹੀਂ ਹੋਇਆ। ਤੁਸੀਂ ਮਾਸਟਰ ਭਜਨ ਸਿੰਘ ਜੀ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ  ਤੇ ਨਾਟਕ ਦੀਆਂ ਟਿਕਟਾਂ ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹੋ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ