Headlines

ਵੈਨਕੂਵਰ ਤੇ ਕੈਲਗਰੀ ਵਿਚ ਭਾਰਤ ਦਾ 77ਵਾਂ ਆਜ਼ਾਦੀ ਦਿਹਾੜਾ ਮਨਾਇਆ

ਵੈਨਕੂਵਰ ( ਜੋਗਿੰਦਰ ਸਿੰਘ ਸੂੰਨੜ)- 15 ਅਗਸਤ ਦੇ ਮੌਕੇ ਭਾਰਤ ਦੀ ਆਜ਼ਾਦੀ ਦਾ 77ਵਾਂ ਦਿਹਾੜਾ ਭਾਰਤੀ ਕੌਂਸਲੇਟ ਦੇ ਵੈਨਕੂਵਰ ਸਥਿਤ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਕੌਸਲ ਜਨਰਲ ਸ੍ਰੀ ਮਨੀਸ਼ ਨੇ ਭਾਰਤ ਦੀ ਰਾਸ਼ਟਰਪਤੀ ਮੁਰਮੂ ਦਾ ਸੰਦੇਸ਼ ਪੜਕੇ ਸੁਣਾਇਆ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੀਆਂ ਉਪਲਬਧੀਆਂ ਦਾ ਵਰਨਣ ਕੀਤਾ। ਰਾਸ਼ਟਰੀ ਗਾਨ ਜਨ ਗਨ ਮਨ ਦਾ ਗਾਇਨ ਕੀਤਾ ਤੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਥਾਂਦੀ ਨੇ ਸਮੁੱਚੀ ਕਮੇਟੀ ਦੇ ਮੈਂਬਰਾਂ ਸਮੇਤ ਹਾਜ਼ਰੀ ਲੁਆਈ। ਸੇਵਾਮੁਕਤ ਫੌਜੀ ਅਫਸਰ ਜਿਹਨਾਂ ਨੇ ਜਲ, ਥਲ ਤੇ ਹਵਾਈ ਸੈਨਾਵਾਂ ਵਿਚ ਸੇਵਾਵਾਂ ਨਿਭਾਉਂਦਿਆਂ ਦੇਸ਼ ਦੀ ਸੇਵਾ ਕੀਤੀ, ਵਲੋਂ ਤਿਰੰਗੇ ਝੰਡੇ ਨੂੰ ਸੈਲੂਟ ਦਿੱਤਾ ਗਿਆ। ਜੈ ਭਾਰਤ ਦੇ ਜੈਕਾਰਿਆਂ ਨਾਲ ਦੇਸ਼ ਦੀ ਸਰਬਪੱਖੀ ਉਨਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ।  ਇਸ ਮੌਕੇ ਕਮਿਊਨਿਟੀ ਦੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਕੌਸਲੇਟ ਵਲੋਂ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।

ਕੈਲਗਰੀ ਵਿਚ ਮਨਾਇਆ ਆਜ਼ਾਦੀ ਦਿਹਾੜਾ-

ਕੈਲਗਰੀ ਸਿਟੀ ਹਾਲ ਵਿਖੇ ਭਾਰਤ ਦਾ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਲਬਰਟੀ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ। ਭਾਰਤੀ ਕੌਂਸਲੇਟ ਜਨਰਲ ਸ੍ਰੀ ਮਨੀਸ਼ ਨੇ ਉਹਨਾਂ ਦਾ ਵਿਸ਼ੇਸ਼ ਸਵਾਗਤ ਕੀਤਾ। ਰਾਸ਼ਟਰੀ ਗਾਇਨ ਉਪਰੰਤ ਤਿਰੰਗਾ ਲਹਿਰਾਇਆ ਗਿਆ। ਪ੍ਰੀਮੀਅਰ ਡੈਨੀਅਲ ਸਮਿਥ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।